ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਰਕਾਰ ਦੇ ਰਹੀ ਹੈ ਪੂਰਨ ਸਹਿਯੋਗ : ਚੀਮਾ

Thursday, Nov 21, 2024 - 11:47 AM (IST)

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)- ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਹਿਕਾਰਤਾ ਵਿਭਾਗ ਨੂੰ ਪੰਜਾਬ ਦੇ ਆਰਥਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਖ਼ਾਸਕਰ ਵਿੱਤ ਵਿਭਾਗ ਵੱਲੋਂ ਸਹਿਕਾਰਤਾ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣਗੇ ਢਾਈ-ਢਾਈ ਲੱਖ ਰੁਪਏ, ਜਾਣੋ ਕੀ ਨੇ ਸ਼ਰਤਾਂ

ਟੈਗੋਰ ਭਵਨ ਵਿਖੇ 71ਵੇਂ ਸਰਬ ਭਾਰਤੀ ਸਹਿਕਾਰਤਾ ਹਫ਼ਤੇ ਦੇ ਆਖ਼ਰੀ ਦਿਨ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਹਿਕਾਰਤਾ ਵਿਭਾਗ ਵਲੋਂ ਸੂਬੇ ਭਰ ’ਚ ਫੁਲਕਾਰੀਆਂ ਤਿਆਰ ਕਰਨ ਵਾਲੀਆਂ ਔਰਤਾਂ ਦੇ ਉਤਪਾਦਾਂ ਨੂੰ ਵਿਸ਼ਵ ਪੱਧਰੀ ਵਿਕਰੀ ਮੰਚ ਮੁਹੱਈਆ ਕਰਵਾਉਣ ਲਈ ਤਿਆਰ ਕੀਤੇ ਗਏ ਵੈੱਬ ਪੋਰਟਲ ‘ਫੁਲਕਾਰੀ’ ਤੇ ਵੇਰਕਾ ਦੇ ਨਵੇਂ ਉਤਪਾਦ ਵੀ ਜਾਰੀ ਕੀਤੇ। ਉਨ੍ਹਾਂ ਸਹਿਕਾਰਤਾ ਵਿਭਾਗ ਵਲੋਂ ਤਿਆਰ ਕੀਤੀ ਗਈ ਕੌਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਵੀ ਕੀਤੀ।

ਉਨ੍ਹਾਂ ਕਿਹਾ ਕਿ 2022 ’ਚ ਮੌਜੂਦਾ ਸਰਕਾਰ ਦੇ ਗਠਨ ਦੌਰਾਨ ਸ਼ੂਗਰਫੈੱਡ ਦੀਆਂ 400 ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਸਨ। ਬੀਤੇ 2 ਸਾਲਾਂ ਦੌਰਾਨ ਇਸ ਸੰਸਥਾ ਨੂੰ ਨਾ ਸਿਰਫ਼ ਦੇਣਦਾਰੀਆਂ ਤੋਂ ਮੁਕਤ ਕੀਤਾ ਗਿਆ ਬਲਕਿ ਹੋਰ ਮਜ਼ਬੂਤ ਬਣਾਇਆ ਗਿਆ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ 2024-25 ਦੌਰਾਨ ਗੰਨੇ ਦੀ ਕਾਸ਼ਤ ਅਧੀਨ ਰਕਬਾ ਸਾਲ 2022-23 ਦੇ ਮੁਕਾਬਲੇ 50429 ਹੈਕਟੇਅਰ ਤੋਂ ਵਧ ਕੇ 56391 ਹੈਕਟੇਅਰ ਹੋ ਗਿਆ ਹੈ। ਇਸ ਅਦਾਰੇ ਨੂੰ ਘਾਟੇ ਤੋਂ ਮੁਨਾਫ਼ੇ ’ਚ ਲਿਆਉਣ ਲਈ ਵੀ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਝੋਨੇ ਦੀ ਪਰਾਲੀ ਨਾਲ 14 ਮੈਗਾਵਾਟ ਦਾ ਕੋ-ਜੈਨਰੇਸ਼ਨ ਪਲਾਂਟ ਚਲਾਇਆ ਗਿਆ, ਜਿਸ ਤੋਂ 2023-24 ’ਚ 15.31 ਕਰੋੜ ਰੁਪਏ ਕਮਾਏ ਗਏ ਹਨ।

ਮਿਲਕਫੈੱਡ ਨੂੰ ਦੇਸ਼ ਦੀਆਂ 3 ਬਿਹਤਰੀਨ ਦੁੱਧ ਉਤਪਾਦਕ ਏਜੰਸੀਆਂ ’ਚੋਂ ਇਕ ਦੱਸਦਿਆਂ ਉਨ੍ਹਾਂ ਕਿਹਾ ਕਿ ਮਿਲਕਫੈੱਡ ਵਲੋਂ ਵਿੱਤੀ ਸਾਲ 2023-2024 ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ ਪ੍ਰਤੀ ਦਿਨ 31 ਲੱਖ ਲੀਟਰ ਦੁੱਧ ਦੀ ਖ਼ਰੀਦ ਦਾ ਕੀਰਤੀਮਾਨ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਵੇਰਕਾ ਦੇ ਨਵੇਂ ਉਤਪਾਦਾਂ ਖੰਡ ਰਹਿਤ ਖੀਰ, ਖੰਡ ਰਹਿਤ ਮਿਲਕ ਕੇਕ, ਖੰਡ ਰਹਿਤ ਪੀਓ ਪ੍ਰੋਟੀਨ ਤੇ ਗੋਕਾ ਘਿਓ ਦਾ 1 ਲਿਟਰ ਪਲਾਸਟਿਕ ਜਾਰ ਵੀ ਜਾਰੀ ਕੀਤਾ।

ਕਿਸਾਨਾਂ ਨੂੰ ਸਸਤੀਆਂ ਵਿਆਜ ਦਰਾਂ ’ਤੇ ਖੇਤੀਬਾੜੀ ਤੇ ਹੋਰਨਾਂ ਜ਼ਰੂਰਤਾਂ ਲਈ ਕਰਜ਼ਾ ਮੁਹੱਈਆ ਕਰਨ ਲਈ ਸਹਿਕਾਰੀ ਬੈਂਕਾਂ ਦੀ ਸਿਫ਼ਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਬੈਂਕਾਂ ਨੂੰ ਹੋਰ ਮਜ਼ਬੂਤ ਤੇ ਕਾਰਜਸ਼ੀਲ ਬਣਾਉਣ ਲਈ ਇਨ੍ਹਾਂ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੁਣ ਤਕ 50 ਫ਼ੀਸਦੀ ਬੈਂਕਾਂ ਦਾ ਕੰਪਿਊਟਰੀਕਰਨ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੈਂਕਾਂ ਦੇ ਅਧਿਕਾਰੀ ਕਰਜ਼ਾ ਉਗਰਾਹੀ ’ਚ ਸੁਧਾਰ ਕਰਨ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਘੱਟ ਵਿਆਜ ਦਰ ਦੇ ਕਰਜ਼ੇ ਦੀ ਸਹੂਲਤ ਦਿੱਤੀ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਛੁੱਟੀ ਰੱਦ! ਐਤਵਾਰ ਨੂੰ ਵੀ ਕਰਨਾ ਪਵੇਗਾ ਕੰਮ

ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਵੀ. ਕੇ. ਸਿੰਘ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਮੌਜੂਦਾ ਫ਼ਸਲੀ ਚੱਕਰ ’ਚੋਂ ਸਿਰਫ਼ ਸਹਿਕਾਰੀ ਲਹਿਰ ਸਦਕਾ ਹੀ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵਲੋਂ ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਪ੍ਰਚੂਨ ਦੇ ਭਾਅ ’ਤੇ ਖ਼ਰੀਦੀਆਂ ਜਾਂਦੀਆਂ ਹਨ ਅਤੇ ਆਪਣੇ ਉਤਪਾਦ ਥੋਕ ਦੇ ਭਾਅ ’ਤੇ ਵੇਚੇ ਜਾਂਦੇ ਹਨ। ਸਿਰਫ਼ ਸਹਿਕਾਰੀ ਸਭਾਵਾਂ ਸਦਕਾ ਕਿਸਾਨ ਥੋਕ ’ਤੇ ਖ਼ਰੀਦਦਾਰੀ ਅਤੇ ਪ੍ਰਚੂਨ ’ਤੇ ਵਿਕਰੀ ਕਰਨ ਦੇ ਯੋਗ ਹੋ ਸਕਦਾ ਹੈ।

ਸਹਿਕਾਰਤਾ ਵਿਭਾਗ ਦੀ ਸਕੱਤਰ ਅਨੰਦਿਤਾ ਮਿਤਰਾ ਨੇ 71ਵੇਂ ਸਰਬ ਭਾਰਤੀ ਸਹਿਕਾਰਤਾ ਹਫ਼ਤੇ ਦੌਰਾਨ ਸੂਬੇ ’ਚ ਕਰਵਾਏ ਗਏ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ। ਰਜਿਸਟਰਾਰ ਸਹਿਕਾਰੀ ਸਭਾਵਾਂ ਵਿਮਲ ਕੁਮਾਰ ਸੇਤੀਆ ਨੇ ਸਮਾਗਮ ’ਚ ਪਹੁੰਚੀਆਂ ਹਸਤੀਆਂ ਨੂੰ ਜੀ ਆਇਆਂ ਨੂੰ ਕਿਹਾ।

ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ਸਹਿਕਾਰੀ ਸਭਾਵਾਂ, ਫੂਡ ਪ੍ਰੋਸੈਸਿੰਗ ਸਭਾਵਾਂ, ਅਗਾਂਹਵਧੂ ਕਿਸਾਨਾਂ, ਕਿਰਤ ਤੇ ਉਸਾਰੀ ਸਹਿਕਾਰੀ ਸਭਾਵਾਂ, ਸਹਿਕਾਰੀ ਬੈਂਕਾਂ, ਵੇਰਕਾ ਡੇਅਰੀ ਤੇ ਖੰਡ ਮਿੱਲਾਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀ ਆਨਲਾਈਨ ਹੋਵੇਗੀ ਪੜ੍ਹਾਈ, ਕੱਲ ਤੋਂ ਹੀ ਸ਼ੁਰੂ ਹੋਣਗੀਆਂ ਕਲਾਸਾਂ

ਇਸ ਮੌਕੇ ਸਕੱਤਰ ਸਹਿਕਾਰਤਾ ਰੀਤੂ ਅਗਰਵਾਲ, ਚੇਅਰਮੈਨ ਪੀ. ਐੱਸ. ਸੀ. ਬੀ. ਜਗਦੇਵ ਸਿੰਘ ਭਮ, ਚੇਅਰਮੈਨ ਐੱਸ. ਏ. ਡੀ. ਬੀ. ਸੁਰੇਸ਼ ਗੋਇਲ, ਚੇਅਰਮੈਨ ਮਿਲਕਫੈੱਡ ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਾਰਕਫੈੱਡ ਅਮਨਦੀਪ ਸਿੰਘ ਮੋਹੀ, ਚੇਅਰਮੈਨ ਸ਼ੂਗਰਫੈੱਡ ਨਵਦੀਪ ਸਿੰਘ ਜੇੜਾ, ਚੇਅਰਮੈਨ ਲੇਬਰਫੈੱਡ ਵਿਸ਼ਵਾਸ ਸੈਣੀ ਤੇ ਹਾਊਸਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News