ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਸੂਬੇ ''ਚ ਫੈਲ ਰਹੀ ਇਸ ਬੀਮਾਰੀ ਤੋਂ ਸਾਵਧਾਨ
Friday, Nov 22, 2024 - 05:49 PM (IST)
ਮਲੋਟ (ਜੁਨੇਜਾ) : ਪੰਜਾਬ ਵਿਚ ਜਿਥੇ ਜ਼ਹਿਰੀਲੀ ਆਬੋ ਹਵਾ ਕਰਕੇ ਸਾਹ ਲੈਣਾ ਔਖਾ ਹੋਇਆ ਪਿਆ ਹੈ, ਉਥੇ ਹੀ ਸੂਬੇ ਭਰ ਵਿਚ ਡੇਂਗੂ ਦਾ ਕਹਿਰ ਵੀ ਜਾਰੀ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਮੇਤ ਮਲੋਟ ਵਿਖੇ ਡੇਂਗੂ ਦਾ ਪ੍ਰਕੋਪ ਜ਼ੋਰਾਂ ’ਤੇ ਹੈ। ਸਰਕਾਰੀ ਤੌਰ ’ਤੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਭਾਵੇਂ 200 ਦੇ ਕਰੀਬ ਹੈ ਪਰ ਅਸਲ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਕਈ ਗੁਣਾ ਵੱਧ ਹੈ। ਮਲੋਟ ਦੇ ਸਮੁੱਚੇ ਵਾਰਡਾਂ ’ਚ ਡੇਂਗੂ ਬੁਰੀ ਤਰ੍ਹਾਂ ਫੈਲ ਚੁੱਕਾ ਹੈ। ਸਾਧਾਰਨ ਲੋਕ ਮਲੋਟ ਦੇ ਜਿੱਥੇ ਮੁਹੱਲਿਆਂ ਵਿਚ ਡਾਕਟਰਾਂ ਜਾਂ ਹੋਰ ਓਹੜ-ਪੋਹੜ ਕਰਕੇ ਇਸ ਤੋਂ ਛੁਟਕਾਰਾ ਪਾਉਣ ਲਈ ਯਤਨਸ਼ੀਲ ਹਨ। ਉਥੇ ਅਨੇਕਾਂ ਲੋਕ ਵੱਖ-ਵੱਖ ਵੱਡੇ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ। ਡੇਂਗੂ ਦੇ ਪ੍ਰਕੋਪ ਨੇ ਜ਼ਿਲ੍ਹਾ ਸਿਹਤ ਵਿਭਾਗ ਸਿਵਲ ਸਰਜਨ ਦੀ ਕਾਰਗੁਜ਼ਾਰੀ ’ਤੇ ਸਵਾਲ ਲਾ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਬਦਲਿਆ ਗਿਆ ਆਮ ਆਦਮੀ ਪਾਰਟੀ ਦਾ ਪ੍ਰਧਾਨ
ਕੀ ਨੇ ਸਰਕਾਰੀ ਅੰਕੜੇ
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਸਮੇਤ ਮਲੋਟ ਦੇ ਵੱਖ-ਵੱਖ ਵਾਰਡਾਂ ਵਿਚ ਸੈਂਕੜਿਆਂ ਦੀ ਗਿਣਤੀ ’ਚ ਲੋਕ ਡੇਂਗੂ ਦਾ ਸ਼ਿਕਾਰ ਹੋ ਚੁੱਕੇ ਹਨ। ਲੋਕਾਂ ਵਲੋਂ ਆਪਣੇ ਤੌਰ ’ਤੇ ਟੈਸਟ ਕਰਾ ਕੇ ਪ੍ਰਾਈਵੇਟ ਇਲਾਜ ਕਰਾਇਆ ਜਾ ਰਿਹਾ ਹੈ। ਮਲੋਟ ਸ਼ਹਿਰੀ ਖੇਤਰ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਤੌਰ ’ਤੇ ਹੁਣ ਤੱਕ 765 ਵਿਅਕਤੀਆਂ ਨੇ ਟੈਸਟ ਕਰਾਇਆ ਹੈ, ਜਿਸ ਵਿਚ 121 ਮਰੀਜ਼ ਡੇਂਗੂ ਪਾਜ਼ੇਟਿਵ ਪਾਏ ਗਏ ਹਨ। ਸ੍ਰੀ ਮੁਕਤਸਰ ਸਾਹਿਬ 115 ਮਰੀਜ਼ਾਂ ਦਾ ਡੇਂਗੂ ਟੈਸਟ ਹੋਇਆ ਹੈ, ਜਿਸ ਵਿਚੋਂ 78 ਮਰੀਜ਼ਾਂ ਦੀ ਪਾਜ਼ੇਟਿਵ ਪੁਸ਼ਟੀ ਹੋਈ ਹੈ। ਗਿੱਦੜਬਾਹਾ ਵਿਖੇ 204 ਮਰੀਜ਼ਾਂ ਦੇ ਟੈਸਟਾਂ ’ਚੋਂ 7 ਪਾਜ਼ੇਟਿਵ ਪਾਏ ਗਏ ਹਨ। ਭਾਵੇਂ ਮਲੋਟ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਕੁਝ ਇਕ ਪ੍ਰਾਈਵੇਟ ਲੈਬਾਂ ਰਾਹੀਂ ਆਏ ਟੈਸਟ ਵੀ ਹਨ ਪਰ ਸਾਰੀਆਂ ਨਿੱਜੀ ਲੈਬਾਂ ਵਲੋਂ ਆਪਣੀਆਂ ਰਿਪੋਰਟਾਂ ਦੀ ਸਰਕਾਰੀ ਹਸਪਤਾਲ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਜਿਸ ਕਰ ਕੇ ਸੈਂਕੜੇ ਮਰੀਜ਼ ਆਪਣੇ ਪੱਧਰ ’ਤੇ ਇਲਾਜ ਕਰਵਾ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਸੀ. ਆਰ. ਪੀ. ਐੱਫ. ਤਾਇਨਾਤ
ਵੀ. ਆਈ. ਪੀ. ਮੱਛਰ ਨਾਲ ਫੈਲਦੀ ਬੀਮਾਰੀ-ਜਾਣਕਾਰੀ ਅਨੁਸਾਰ ਡੇਂਗੂ ਦਾ ਮੱਛਰ ਲਗਾਤਾਰ ਖੜ੍ਹੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ, ਜਿਸ ਕਰਕੇ ਇਸ ਨੂੰ ਵੀ. ਆਈ. ਪੀ. ਮੱਛਰ ਸਮਝਿਆ ਜਾਂਦਾ ਹੈ। ਹਰ ਸਾਲ ਵਾਂਗ ਇਸ ਵਾਰ ਵੀ ਮਲੋਟ ਵਿਖੇ ਵੇਖਣ ਨੂੰ ਆਇਆ ਕਿ ਸਰਕਾਰ ਦੇ ਹਾਟ-ਸਪਾਟ ਬਣਾਏ ਬਾਹਰੀ ਖੇਤਰ, ਕੈਂਪ ਇਲਾਕੇ, ਮਹਾਵੀਰ ਨਗਰ, ਰਵਿਦਾਸ ਨਗਰ, ਪਟੇਲ ਨਗਰ ਅਤੇ ਸੱਚਾ ਸੌਦਾ ਰੋਡ ਤੋਂ ਇਲਾਵਾ ਸ਼ਹਿਰ ਦੇ ਅੰਦਰਲੇ ਪਾਸ਼ ਇਲਾਕਿਆਂ ’ਚ ਵੀ ਘਰ-ਘਰ ਡੇਂਗੂ ਦੇ ਮਰੀਜ਼ ਵੇਖਣ ਨੂੰ ਮਿਲੇ ਹਨ ਜਦਕਿ ਵਿਭਾਗ ਵਲੋਂ ਇਸ ਦੀ ਰੋਕਥਾਮ ਲਈ ਯਤਨ ਬਾਹਰੀ ਖੇਤਰਾਂ ਤੱਕ ਸੀਮਤ ਰੱਖੇ ਜਾਂਦੇ ਹਨ। ਮੁਹੱਲੇ ਦੇ ਆਰ. ਐੱਮ. ਪੀ. ਬਣੇ ਫਰਿਸ਼ਤੇ-ਉਧਰ ਬੇਸ਼ੱਕ ਇਸ ਸਬੰਧੀ ਸਰਕਾਰੀ ਹਸਪਤਾਲ ਮਲੋਟ ਵਿਖੇ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ ਪਰ ਜ਼ਿਆਦਾਤਰ ਮਰੀਜ਼ ਪ੍ਰਾਈਵੇਟ ਲੈਬਾਂ ਵਿਚ ਟੈਸਟ ਕਰਾ ਕੇ ਨਿੱਜੀ ਡਾਕਟਰਾਂ ਕੋਲ ਇਲਾਜ ਕਰਾ ਰਹੇ ਹਨ। ਵੱਡੇ ਹਸਪਤਾਲਾਂ ਵਿਚ ਮਰੀਜ਼ਾਂ ਤੋਂ ਹਜ਼ਾਰਾਂ ਰੁਪਏ ਵਸੂਲ ਕੇ ਲੁੱਟ ਕੀਤੀ ਜਾ ਰਹੀ ਹੈ। ਜਿਸ ਕਰ ਕੇ ਗਰੀਬ ਤੇ ਸਾਧਾਰਣ ਲੋਕਾਂ ਲਈ ਮੁਹੱਲੇ ਦੇ ਆਰ. ਐੱਮ. ਪੀ. ਡਾਕਟਰ ਹੀ ਫਰਿਸ਼ਤੇ ਬਣੇ ਹੋਏ ਹਨ ਅਤੇ ਥੋੜ੍ਹੇ ਪੈਸਿਆਂ ਵਿਚ ਡਰਿੱਪ ਆਦਿ ਲਗਾ ਕੇ ਮਰੀਜ਼ਾਂ ਨੂੰ ਰਾਹਤ ਦੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਖ਼ੁਸ਼ਖ਼ਬਰੀ, ਅਨਾਜ ਮਿਲਣ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ
ਦੇਸੀ ਓਹੜ-ਪੋਹੜ ਜਾਰੀ
ਇਸ ਦੇ ਨਾਲ ਹੀ ਲੋਕ ਭਾਵੇਂ ਵੱਡੇ 'ਤੇ ਭਾਵੇ ਛੋਟੇ ਹਸਪਤਾਲਾਂ ਵਿਚ ਇਲਾਜ ਕਰਾ ਰਹੇ ਹਨ ਪਰ ਸੈੱਲ ਘਟਣ ਕਰ ਕੇ ਮਰੀਜ਼ ਨੂੰ ਸਰੀਰਕ ਦਰਦਾਂ ਅਤੇ ਕਮਜ਼ੋਰੀ ਆਉਂਦੀ ਹੈ। ਇਸ ਲਈ ਦੇਸੀ ਓਹੜ ਪੋਹੜ ਕਰ ਰਹੇ ਹਨ। ਮਰੀਜ਼ ਨੂੰ ਗਲੋਅ, ਤੁਲਸੀ ਅਤੇ ਪਪੀਤੇ ਦੇ ਪੱਤੇ ਦਾ ਕਾਹੜਾ, ਨਿੰਬੂ ਦੇ ਬੀਜ ਪੀਸ ਕੇ, ਫੈਂਟਾਂ, ਰਬੜੀ ਅਤੇ ਬੱਕਰੀ ਦਾ ਦੁੱਧ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੀਵੀ ਅਤੇ ਪਪੀਤਾ ਖਵਾਇਆ ਜਾ ਰਿਹਾ ਹੈ ਤਾਂ ਜੋ ਮਰੀਜ਼ ਦੇ ਸੈੱਲ ਪੂਰੇ ਕੀਤੇ ਜਾ ਸਕਣ।
ਕੀ ਕਹਿਣੈ ਸਿਹਤ ਵਿਭਾਗ ਦਾ
ਉਧਰ ਸਿਹਤ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੀ ਰੋਕਥਾਮ ਲਈ ਹਰ ਪੰਜ ਹਜ਼ਾਰ ਦੀ ਅਬਾਦੀ ਪਿੱਛੇ ਇਕ ਐੱਮ ਪੀ ਐੱਚ ਮੇਲ ਅਤੇ 20 ਹਜ਼ਾਰ ਦੀ ਆਬਾਦੀ ਪਿੱਛੇ ਇਕ ਸਿਹਤ ਸੁਪਰਵਾਈਜ਼ਰ ਦੀ ਲੋੜ ਹੁੰਦੀ ਹੈ ਪਰ ਮਲੋਟ ਦੀ ਇਕ ਲੱਖ ਤੋਂ ਵੱਧ ਅਬਾਦੀ ਹੈ, ਜਿਸ ਵਿਚ 25 ਕਰਮਚਾਰੀਆਂ ਦੀ ਥਾਂ ਸਿਰਫ ਇਕ ਐੱਮ ਪੀ ਐੱਚ ਵਰਕਰ ਮੇਲ ਹੈ । ਉਧਰ ਇਸ ਮਾਮਲੇ ’ਤੇ ਮਲੋਟ ਦੇ ਐੱਸ. ਐੱਮ. ਓ. ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਸਰਕਾਰੀ ਹਸਪਾਲ ਵਿਚ ਜਾਂ ਮਨਜ਼ੂਰ ਲੈਬਾਂ ਵਿਚ ਈਲੀਜ਼ਾ ਟੈਸਟ ਨੂੰ ਪ੍ਰਮਾਣਿਤ ਸਮਝਿਆ ਜਾਂਦਾ ਹੈ, ਜਦ ਕਿ ਵਧੇਰੇ ਕਰ ਕੇ ਕਾਰਡ ਟੈਸਟ ਹੁੰਦੇ ਹਨ ਜਿਸ ਦੀ ਰਿਪੋਰਟ ਨੂੰ ਪ੍ਰਮਾਣਿਕ ਨਹੀਂ ਮੰਨਿਆ ਜਾਂਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਹਸਪਤਾਲ ਵਿਚ ਡੇਂਗੂ ਦੇ ਟੈਸਟ ਅਤੇ ਇਲਾਜ ਦੇ ਪੂਰੇ ਪ੍ਰਬੰਧ ਹਨ, ਇਸ ਲਈ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਹਾਈਵੇਅ ਪੂਰੀ ਤਰ੍ਹਾਂ ਹੋਇਆ ਬੰਦ, ਸੂਬੇ ਤੋਂ ਬਾਹਰ ਜਾਣ ਲਈ ਨਾ ਜਾਣਾ ਇਸ ਰੋਡ 'ਤੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e