ਗੁਰਪੁਰਬ ਤੋਂ ਪਹਿਲਾਂ ਸਿੱਖ ਸੰਗਤਾਂ ਲਈ ਵੱਡੀ ਖ਼ਬਰ, ਮਿਲਣ ਜਾ ਰਹੀ ਇਹ ਸਹੂਲਤ
Wednesday, Nov 13, 2024 - 10:04 AM (IST)
ਚੰਡੀਗੜ੍ਹ (ਲਲਨ) : ਗੁਰਪੁਰਬ ਤੋਂ ਐਨ ਪਹਿਲਾਂ ਕਰਨਾਟਕ ਦੇ ਬਿਦਰ ’ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਦੇ ਦਰਸ਼ਨਾਂ ’ਤੇ ਜਾਣ ਵਾਲੀ ਸੰਗਤ ਲਈ ਰਾਹਤ ਭਰੀ ਖ਼ਬਰ ਹੈ। ਰੋਲਵੇ ਬੋਰਡ ਵੱਲੋਂ ਜਲਦ ਇਸ ਰੂਟ ’ਤੇ ਰੇਲ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ ਨੂੰ ਰੈਗੂਲਰ ਕਰਨ ’ਤੇ ਵੀ ਵਿਚਾਰ ਚੱਲ ਰਿਹਾ ਹੈ। ਅਧਿਕਾਰੀਆਂ ਅਨੁਸਾਰ ਚੰਡੀਗੜ੍ਹ ’ਚ ਵਰਲਡ ਕਲਾਸ ਰੇਲਵੇ ਸਟੇਸ਼ਨ ਦਾ ਨਿਰਮਾਣ ਕਾਰਜ ਪੂਰਾ ਹੋਣ ’ਤੇ ਸ਼ਹਿਰ ਵਾਸੀਆਂ ਨੂੰ 2 ਨਵੀਆਂ ਰੇਲਾਂ ਮਿਲ ਸਕਦੀਆਂ ਹਨ ਕਿਉਂਕਿ ਅੰਬਾਲਾ ਮੰਡਲ ਵੱਲੋਂ ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ ਨੂੰ ਰੈਗੂਲਰ ਕਰਨ ਤੇ ਕਰਨਾਟਕ ’ਚ ਸਥਿਤ ਬਿਦਰ ਲਈ ਨਵੀਂ ਰੇਲ ਚਲਾਉਣ ਨੂੰ ਲੈ ਕੇ ਰੇਲਵੇ ਬੋਰਡ ਨੂੰ ਸਿਫਾਰਸ਼ ਭੇਜੀ ਗਈ ਹੈ।
ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ! ਨਾਜ਼ੁਕ ਬਣ ਗਏ ਹਾਲਾਤ, ਲੋਕਾਂ ਨੂੰ ਬੇਹੱਦ ਚੌਕਸ ਰਹਿਣ ਦੀ ਲੋੜ
ਸੂਤਰਾਂ ਅਨੁਸਾਰ ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ ਨੂੰ ਰੈਗੂਲਰ ਕਰਨ ਲਈ ਸ਼ਹਿਰ ਦੀਆਂ ਸੰਸਥਾਵਾਂ ਪਹਿਲਾਂ ਵੀ ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਤੇ ਸਟੇਸ਼ਨ ਸੁਪਰੀਡੈਂਟ ਨੂੰ ਸਿਫ਼ਾਰਸ਼ ਕਰ ਚੁੱਕੀਆਂ ਹਨ। ਇਸ ਲਈ ਅੰਬਾਲਾ ਮੰਡਲ ਨੇ ਬੋਰਡ ਨੂੰ ਪੱਤਰ ਭੇਜਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਰੇਲਾਂ ਚਲਾਈਆਂ ਜਾ ਸਕਦੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਹਫ਼ਤੇ ’ਚ ਇਕ ਦਿਨ ਹੀ ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ ਚਲਾਈ ਜਾਂਦੀ ਹੈ, ਜਿਸ ਕਾਰਨ ਇਹ ਫੁੱਲ ਹੋ ਜਾਂਦੀ ਹੈ। ਯਾਤਰੀਆਂ ਦੀ ਵੱਧਦੀ ਗਿਣਤੀ ਦੇਖਦਿਆਂ ਅੰਬਾਲਾ ਮੰਡਲ ਵੱਲੋਂ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਤੋਂ ਲੰਬੀ ਦੂਰੀ ਦੀਆਂ ਹਫ਼ਤਾਵਾਰੀ ਰੇਲਾਂ ਸਿਰਫ਼ 2
ਰੇਲਵੇ ਸਟੇਸ਼ਨ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਲਈ ਸਿਰਫ਼ 2 ਰੇਲਾਂ ਚੱਲਦੀਆਂ ਹਨ, ਜੋ ਹਫ਼ਤੇ ’ਚ ਦੋ ਦਿਨ ਹੀ ਚੱਕਰ ਲਾਉਂਦੀਆਂ ਹਨ। ਜੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ਦੀ ਗੱਲ ਕਰੀਏ ਤਾਂ ਸ਼ਹਿਰ ’ਚ ਕਰੀਬ 55 ਫ਼ੀਸਦੀ ਲੋਕ ਰਹਿੰਦੇ ਹਨ। ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਕੋਈ ਰੈਗੂਲਰ ਰੇਲ ਨਹੀਂ ਚੱਲ ਰਹੀ। ਰੇਲਵੇ ਦੀ ਦਲੀਲ ਹੈ ਕਿ ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਲਈ ਚੱਲਣ ਵਾਲੀਆਂ ਰੇਲਾਂ ’ਚ ਸਾਰਾ ਸਾਲ ਸ਼ਰਧਾਲੂਆਂ ਦੀ ਭੀੜ ਰਹਿੰਦੀ ਹੈ। ਔਸਤਨ ਹਰ ਯਾਤਰਾ ’ਚ 70 ਤੋਂ 80 ਫ਼ੀਸਦੀ ਰੇਲਾਂ ਭਰੀਆਂ ਹੁੰਦੀਆਂ ਹਨ। ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ‘ਏਕ ਭਾਰਤ ਸ੍ਰੇਸ਼ਠ ਭਾਰਤ’ ਯੋਜਨਾ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 2 ਵੱਡੇ ਆਗੂਆਂ 'ਤੇ Action, 24 ਘੰਟਿਆਂ 'ਚ ਜਵਾਬ ਦੇਣ ਦੇ ਹੁਕਮ (ਵੀਡੀਓ)
ਇਸ ਤਹਿਤ ਹੁਣ ਗੁਰਦੁਆਰਾ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਲਈ ਵਿਸ਼ੇਸ਼ ਰੇਲ ਚਲਾਈ ਜਾਵੇਗੀ। ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਹੈ। ਇਸ ਲਈ ਰੇਲਵੇ ਨੂੰ ਲੱਗਦਾ ਹੈ ਕਿ ਜੇ ਬਿਦਰ ਲਈ ਰੇਲ ਸ਼ੁਰੂ ਹੋ ਜਾਂਦੀ ਹੈ ਤਾਂ ਸਿੱਖ ਧਰਮ ’ਚ ਆਸਥਾ ਰੱਖਣ ਵਾਲੇ ਲੱਖਾਂ ਲੋਕਾਂ ਲਈ ਇਹ ਗੁਰਦੁਆਰਾ ਆਸਥਾ ਦਾ ਵੱਡਾ ਕੇਂਦਰ ਬਣ ਜਾਵੇਗਾ ਤੇ ਸੈਰ-ਸਪਾਟਾ ਵੀ ਵਧੇਗਾ। ਗੁਰਿੰਦਰ ਮੋਹਨ ਸਿੰਘ, ਡੀ. ਆਰ. ਐੱਮ., ਅੰਬਾਲਾ ਮੰਡਲ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸੰਸਥਾਵਾਂ ਵੱਲੋਂ ਲਗਾਤਾਰ ਉੱਤਰ ਪ੍ਰਦੇਸ਼ ਤੇ ਬਿਹਾਰ ਲਈ ਗੱਡੀਆਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬੋਰਡ ਨੂੰ ਮਤਾ ਭੇਜਿਆ ਗਿਆ ਹੈ। ਨਾਲ ਹੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਿਦਰ ਲਈ ਨਵੀਂ ਰੇਲ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8