ਜੇਕਰ ਘਟਾਉਣਾ ਚਾਹੁੰਦੇ ਹੋ ਮੋਟਾਪਾ ਤਾਂ ਫਾਲੋ ਕਰੋ ਇਹ ਟਿਪਸ

Thursday, Sep 05, 2024 - 04:19 PM (IST)

ਜੇਕਰ ਘਟਾਉਣਾ ਚਾਹੁੰਦੇ ਹੋ ਮੋਟਾਪਾ ਤਾਂ ਫਾਲੋ ਕਰੋ ਇਹ ਟਿਪਸ

ਜਲੰਧਰ- ਆਮ ਤੌਰ ’ਤੇ ਇਕ ਵਿਅਕਤੀ ਦਾ ਔਸਤ ਭਾਰ 60-65 ਕਿਲੋ ਹੁੰਦਾ ਹੈ, ਇਸ ਲਈ  ਇਸ ਤੋਂ ਵੱਧ ਭਾਰ ਮੋਟਾਪਾ ਮੰਨਿਆ ਜਾਂਦਾ ਹੈ। ਵਿਅਕਤੀ ਦੇ ਕੱਦ ਦੀ ਲੰਬਾਈ ਅਨੁਸਾਰ ਔਸਤ ਭਾਰ ਨਾਪਣ ਦਾ ਇਕ ਸੂਤਰ ਹੈ... ਕਿਲੋ ਅਰਥਾਤ ਵਿਅਕਤੀ ਦੀ ਲੰਬਾਈ ਜੇਕਰ 5 ਫੁੱਟ ਹੈ ਤਾਂ ਉਸ ਭਾਰ 60 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ। 
ਮੋਟਾਪਾ ਦਿਲ ਦੇ ਰੋਗ, ਬਵਾਸੀਰ, ਸਾਹ ਦੇ ਰੋਗ, ਗੋਡਿਆਂ ਦੀ ਕਮਜੋਰੀ, ਕਬਜ ਆਦਿ ਕਈ ਰੋਗਾਂ ਦਾ ਕਾਰਨ ਬਣਦਾ ਹੈ ਇਸ ਲਈ ਇਸ ਨੂੰ ਵਧਣ ਨਹੀਂ ਦੇਣਾ ਚਾਹੀਦਾ। ਮੋਟਾਪਾ ਜੈਨੇਟਿਕ ਵੀ ਹੁੰਦਾ ਅਤੇ ਵੱਧ ਆਰਾਮਪ੍ਰਸਤੀ, ਭਾਰੀ ਭੋਜਨ ਦਾ ਸੇਵਨ, ਕਸਰਤ ਤੇ ਸੈਰ ਆਦਿ ਨਾ ਕਰਨਾ, ਪਾਣੀ ਦਾ ਘੱਟ ਸੇਵਨ ਕਰਨਾ ਵੀ ਇਸ ਦੇ ਮੁੱਖ ਕਾਰਨ ਹਨ। 

ਮੋਟਾਪਾ ਦੂਰ ਕਰਨ ਦੇ ਕੁਝ ਅਹਿਮ ਆਹਾਰੀ ਸੂਤਰ ਇਥੇ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦਾ ਲਾਭ ਮੋਟਾਪਾ ਦੇ ਸ਼ਿਕਾਰ ਭਰਾ-ਭੈਣ, ਨੌਜਵਾਨ-ਬਜ਼ੁਰਗ ਉਠਾ ਸਕਦੇ ਹਨ। ਦੋ-ਤਿੰਨ ਮਹੀਨੇ ਤਕ ਇਨ੍ਹਾਂ ਸੂਤਰਾਂ ਦਾ ਪਾਲਣ ਕਰ ਕੇ  ਤੁਸੀਂ ਇਨ੍ਹਾਂ ਦੇ ਚਮਤਕਾਰੀ ਪ੍ਰਭਾਵਾਂ ਦਾ ਸਹਿਜ ਅਨੁਮਾਨ ਲਗਾ ਸਕੋਗੇ।

* ਸਵੇਰੇ ਉੱਠਦੇ ਹੀ ਇਕ ਗਿਲਾਸ ਸ਼ੁੱਧ ਪਾਣੀ ਦਾ ਸੇਵਨ ਕਰੋ, ਜਿਸ ’ਚ ਚੁਟਕੀ ਭਰ ਸੇਂਧਾ ਨਮਕ, ਇਕ ਨਿੰਬੂ ਦਾ ਰਸ ਅਤੇ ਇਕ ਟੀ ਸਪੂਨ ਸ਼ਹਿਦ ਵੀ ਮਿਲਿਆ ਹੋਵੇ। ਸ਼ੂਗਰ ਦੇ ਰੋਗੀ ਸ਼ਹਿਦ ਦੀ ਵਰਤੋਂ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਕਰਨ।
* ਪ੍ਰਦੂਸ਼ਣ ਰਹਿਤ ਥਾਂ ’ਤੇ ਤਿੰਨ ਮੀਲ ਪ੍ਰਤੀ ਘੰਟਾ ਸਵੇਰੇ ਸੈਰ ਕਰੋ। ਇਸ ਨਾਲ ਇਕ ਮਹੀਨੇ ’ਚ ਇਕ ਕਿਲੋ ਭਾਰ ਘਟੇਗਾ। ਜੇਕਰ ਇਕ ਗੜਵੀ (ਚਾਰ ਗਿਲਾਸ) ਪਾਣੀ ਪੀ ਕੇ ਤੁਸੀਂ ਦੌੜ ਲਗਾਉਣ ਦੀ ਸਥਿਤੀ ’ਚ ਹੋਵੋ ਤਾਂ ਮਹੀਨੇ ’ਚ ਪੰਜ ਕਿਲੋ ਤਕ ਤੁਸੀਂ ਭਾਰ ਘੱਟ ਕਰ ਸਕਦੇ ਹੋ।
* ਨਾਸ਼ਤੇ ’ਚ ਰਾਤ ਨੂੰ ਭਇਓਂਈ ਛੋਲਿਆਂ ਦੀ ਦਾਲ ਸ਼ਹਿਦ ’ਚ ਮਿਲਾ ਕੇ ਲਓ ਅਤੇ ਕਰੇਲੇ ਜਾਂ ਪਾਲਕ ਦੇ ਰਸ ’ਚ ਨਿੰਬੂ ਮਿਲਾ ਕੇ ਲਓ।
* ਲੱਸੀ ਦਾ ਸੇਵਨ, ਜਿਸ ’ਚ ਅਜਵਾਇਣ ਅਤੇ ਕਾਲਾ ਨਮਕ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ।
* ਇਕ ਕੱਪ ਪਾਣੀ ’ਚ ਤੁਲਸੀ ਦਾ ਰਸ ਅਤੇ ਸ਼ਹਿਦ ਮਿਲਾ ਕੇ ਲੈਣ ਨਾਲ ਵੀ ਮੋਟਾਪਾ ਘਟਦਾ ਹੈ।
* ਆਲੂ ਉਬਾਲ ਕੇ ਭਾਵ ਰਸੇਦਾਰ ਜਾਂ ਗਰਮ ਰੇਤ ਅਤੇ ਰਾਖ ’ਚ ਸੇਕ ਕੇ ਖਾਓ ਤਾਂ ਇਸ ਨਾਲ ਮੋਟਾਪਾ ਨਹੀਂ ਵਧਦਾ।
* ਹਫਤੇ ’ਚ ਇਕ ਵਾਰ ਪੂਰਾ ਦਿਨ ਅੰਨ ਅਤੇ ਦੁੱਧ ਨੂੰ ਛੱਡ ਸਿਰਫ ਰਸ ਲਓ ਅਤੇ ਫਲਾਂ ’ਤੇ ਰਹੋ।
* ਦੋ ਤਿੰਨ ਤਰ੍ਹਾਂ ਦੇ ਮੌਸਮੀ ਫਲ, ਸਲਾਦ, ਪੱਤੀ, ਮੂਲੀ, ਗਾਜਰ, ਟਮਾਟਰ, ਪੱਤਾ ਗੋਭੀ, ਅਦਰਕ, ਹਰੀ ਮਿਰਚ, ਹਰਾ ਧਨੀਆ, ਕਾਲੀ ਮਿਰਚ, ਸੇਂਧਾ ਨਮਕ, ਰਾਤ ਦੇ ਭਿੱਜੇ ਕਾਲੇ ਛੋਲੇ ਅਤੇ ਨਿੰਬੂ  ਰਸ  ਦੇ ਮਿਕਸਰ ਨਾਲ ਤਿਆਰ ਸਲਾਦ ਮੋਟਾਪਾ ਘੱਟਣ ਦਾ ਬਿਹਤਰ ਬਦਲ ਹੈ।

ਪਹਿਲੇ ਦਿਨ ਦਾ ਆਹਾਰ : ਕੇਲੇ ਅਤੇ ਚੀਕੂ ਨੂੰ ਛੱਡ ਕੇ ਪੂਰਾ ਦਿਨ ਹਰ ਤਰ੍ਹਾਂ ਦੇ ਮੌਸਮੀ ਫਲ ਪੇਟ ਭਰ ਕੇ ਖਾਓ, ਪਿਆਸ ਲੱਗੇ ਤਾਂ ਇਕ ਗਿਲਾਸ ਨਿੰਬੂ ਪਾਣੀ ਲਓ, ਜਿਸ ’ਚ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾ ਲਓ।

ਦੂਜੇ ਦਿਨ ਦਾ ਆਹਾਰ : ਹਰ ਤਰ੍ਹਾਂ ਦੀਆਂ ਸਬਜ਼ੀਆਂ ਕੱਚੀਆਂ ਉਬਾਲ ਕੇ ਥੋੜ੍ਹਾ ਜਿਹਾ ਤੇਲ ’ਚ ਤੜਕਾ ਕੇ ਹਲਕਾ ਨਮਕ ਮਿਲਾ ਕੇ ਖਾਓ। ਇਸ ’ਚ ਮੂਲੀ, ਕੱਕੜੀ, ਟਮਾਟਰ, ਲੋਕੀ (ਘੀਆ), ਪਾਲਕ, ਪੱਤਾ ਗੋਭੀ ਵੱਧ ਮਾਤਰਾ ’ਚ ਲਓ।

ਤੀਜੇ ਦਿਨ ਦਾ ਆਹਾਰ : ਸਬਜ਼ੀਆਂ  ਅਤੇ ਫਲ ਦੋਵੇਂ ਬਰਾਬਰ ਮਾਤਰਾ ’ਚ ਭਰ ਪੇਟ ਖਾਓ।

ਚੌਥੇ ਦਿਨ ਦਾ ਆਹਾਰ : ਪਾਣੀ ਵੱਧ ਮਾਤਰਾ ’ਚ ਪੀਓ ਅਤੇ ਅੱਠ ਕੇਲੇ ਅਤੇ ਇਕ ਗਿਲਾਸ ਦੁੱਧ ਲਓ।

ਪੰਜਵੇਂ ਦਿਨ ਦਾ ਆਹਾਰ : 6 ਟਮਾਟਰ ਅਤੇ 250 ਗ੍ਰਾਮ ਪਨੀਰ ਖਾਓ  ਅਤੇ ਦੋ ਸੈਂਡਵਿਚ  ਜਾਂ 4 ਟੁਕੜੇ ਡਬਲ ਰੋਟੀ ’ਤੇ ਹਰੀ ਚਟਨੀ, ਟਮਾਟਰ, ਕਕੜੀ ਪਾ ਕੇ ਖਾਓ।

ਛੇਵੇਂ ਦਿਨ ਦਾ ਆਹਾਰ : ਸਬਜ਼ੀਆਂ ਨੂੰ ਉਬਾਲ ਕੇ ਜਾਂ ਕੱਚੀਆਂ ਜਾਂ ਤੁੜਕ ਕੇ ਖਾਓ ਅਤੇ 100 ਗ੍ਰਾਮ ਪਨੀਰ ਵੀ ਨਾਲ ਲੈ ਲਓ।

ਸੱਤਵੇਂ ਦਿਨ ਦਾ ਆਹਾਰ : ਸਾਰੇ ਫਲਾਂ ਦਾ ਰਸ ਜਾਂ ਚੌਲ ਨਾਲ ਹਰ ਤਰ੍ਹਾਂ ਦੀਆਂ ਸਬਜ਼ੀਆਂ ਮਿਲਾ ਕੇ ਖਾਓ। ਚਾਹ ਤੇ ਦੁੱਧ ਨਾ ਲਓ ਪਰ ਜਲਜੀਰਾ, ਨਿੰਬੂ, ਸ਼ਹਿਦ ਦਾ ਪਾਣੀ, ਸੂਪ ਜਾਂ ਜੂਸ ਪੀ ਸਕਦੇ ਹੋ।

ਵਿਸ਼ੇਸ਼ - ਸੱਤ ਦਿਨ ਇਕ ਗਿਲਾਸ ਨਿੰਬੂ, ਸ਼ਹਿਦ ਦਾ ਪਾਣੀ ਸਵੇਰੇ ਉਠਦੇ ਹੀ ਜ਼ਰੂਰ ਲਓ ਅਤੇ ਕਿਸੇ ਵੀ ਤਰ੍ਹਾਂ ਦੇ ਡੇਅਰੀ ਪ੍ਰੋਡਕਟ ਦਾ ਸੇਵਨ ਨਾ ਕਰੋ।
ਇਸ ਡਾਈਟ ਚਾਰਟ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹਰ ਹਫਤੇ ਆਪਣਾ ਭਾਰ  ਅਤੇ ਬੀ. ਐੱਮ. ਆਈ. ਨੋਟ ਕਰ ਲਓ।
ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਡਾਈਬਿਟੀਜ ਮੇਲਾਟਾਈਜ ਦੇ ਮਰੀਜ ਡਾਕਟਰ ਨਾਲ ਸਲਾਹ ਕਰਕੇ ਡਾਈਟ ਚਾਰਟ ਦੀ ਸ਼ੁਰੂਆਤ ਕਰਨ।
 


author

Tarsem Singh

Content Editor

Related News