ਜੇ ਤੁਸੀਂ ਵੀ ਰਾਤ ਨੂੰ ਖਾਂਦੇ ਹੋ ਦਹੀਂ ਤਾਂ ਪੜ੍ਹੋ ਇਹ ਖ਼ਬਰ, ਫਾਇਦੇ ਦੀ ਥਾਂ ਸਰੀਰ ਨੂੰ ਹੁੰਦੇ ਹਨ ਨੁਕਸਾਨ

Friday, Aug 01, 2025 - 03:32 PM (IST)

ਜੇ ਤੁਸੀਂ ਵੀ ਰਾਤ ਨੂੰ ਖਾਂਦੇ ਹੋ ਦਹੀਂ ਤਾਂ ਪੜ੍ਹੋ ਇਹ ਖ਼ਬਰ, ਫਾਇਦੇ ਦੀ ਥਾਂ ਸਰੀਰ ਨੂੰ ਹੁੰਦੇ ਹਨ ਨੁਕਸਾਨ

ਹੈਲਥ ਡੈਸਕ- ਕੀ ਤੁਸੀਂ ਵੀ ਰਾਤ ਨੂੰ ਦਹੀਂ ਖਾਣਾ ਪਸੰਦ ਕਰਦੇ ਹੋ? ਜੇ ਹਾਂ, ਤਾਂ ਇਕ ਵਾਰੀ ਸੋਚੋ! ਦਹੀਂ ਭਾਵੇਂ ਪੋਸ਼ਣ ਨਾਲ ਭਰਪੂਰ ਹੁੰਦਾ ਹੈ ਪਰ ਆਯੁਰਵੇਦ ਅਤੇ ਸਿਹਤ ਮਾਹਿਰਾਂ ਅਨੁਸਾਰ ਰਾਤ ਦੇ ਸਮੇਂ ਇਸ ਦਾ ਸੇਵਨ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ। ਚਲੋ ਜਾਣਦੇ ਹਾਂ ਕਿ ਰਾਤ ਨੂੰ ਦਹੀਂ ਖਾਣ ਨਾਲ ਸਰੀਰ 'ਤੇ ਕੀ ਅਸਰ ਪੈ ਸਕਦੇ ਹਨ:

1. ਪਾਚਨ ਤੰਤਰ 'ਤੇ ਪੈ ਸਕਦਾ ਅਸਰ

ਰਾਤ ਦੇ ਵੇਲੇ ਸਾਡਾ ਪਾਚਨ ਸਿਸਟਮ ਹੌਲੀ ਹੋ ਜਾਂਦਾ ਹੈ। ਦਹੀਂ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਕਾਰਨ ਇਹ ਪੂਰੀ ਤਰ੍ਹਾਂ ਨਹੀਂ ਪਚਦਾ। ਇਸ ਨਾਲ ਅਪਚ, ਗੈਸ, ਪੇਟ ਫੁੱਲਣਾ ਅਤੇ ਭਾਰੀਪਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਕਿਸੇ ਦੀ ਪਾਚਨ ਸ਼ਕਤੀ ਕਮਜ਼ੋਰ ਹੈ, ਤਾਂ ਇਹ ਸਮੱਸਿਆ ਹੋਰ ਵਧ ਸਕਦੀ ਹੈ।

2. ਗਲੇ ਦੀਆਂ ਸਮੱਸਿਆਵਾਂ

ਦਹੀਂ ਦੀ ਠੰਡੀ ਤਾਸੀਰ ਕਾਰਨ ਰਾਤ ਨੂੰ ਇਸ ਦਾ ਸੇਵਨ ਸਰਦੀ, ਖੰਘ, ਬਲਗਮ ਅਤੇ ਗਲੇ 'ਚ ਖ਼ਰਾਸ਼ ਵਰਗੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਖ਼ਾਸ ਕਰਕੇ ਸਰਦੀ ਜਾਂ ਮੋਹਲੇਧਾਰ ਮੀਂਹ ਵਾਲੇ ਮੌਸਮ 'ਚ ਇਹ ਖ਼ਤਰਾ ਹੋਰ ਵਧ ਜਾਂਦਾ ਹੈ। 

3. ਜੋੜਾਂ ਦੇ ਦਰਦ ਨੂੰ ਵਧਾ ਸਕਦਾ ਹੈ

ਜੇਕਰ ਤੁਹਾਨੂੰ ਗਠੀਆ ਜਾਂ ਜੋੜਾਂ ਦੀਆਂ ਤਕਲੀਫਾਂ ਹਨ, ਤਾਂ ਰਾਤ ਨੂੰ ਦਹੀਂ ਖਾਣ ਨਾਲ ਦਰਦ ਅਤੇ ਸੋਜ ਵਧ ਸਕਦੀ ਹੈ। ਆਯੁਰਵੇਦ ਅਨੁਸਾਰ, ਠੰਡੀ ਤਾਸੀਰ ਵਾਲੀਆਂ ਚੀਜ਼ਾਂ ਜੋੜਾਂ ਦੀਆਂ ਬੀਮਾਰੀਆਂ ਨੂੰ ਵਧਾਉਂਦੀਆਂ ਹਨ।

4. ਗੰਭੀਰ ਬੀਮਾਰੀਆਂ ਨੂੰ ਵਧਾਏ

ਦਹੀਂ 'ਚ ਮੌਜੂਦ ਬੈਕਟੀਰੀਆ ਆਮ ਤੌਰ 'ਤੇ ਲਾਭਕਾਰੀ ਹੁੰਦੇ ਹਨ ਪਰ ਰਾਤ ਨੂੰ ਇਹ ਬੈਕਟੀਰੀਆ ਸਾਹ ਨਾਲ ਜੁੜੀਆਂ ਬੀਮਾਰੀਆਂ ਨੂੰ ਵਧਾ ਸਕਦੇ ਹਨ। ਜੇਕਰ ਕਿਸੇ ਨੂੰ ਪਹਿਲਾਂ ਹੀ ਅਸਥਮਾ, ਐਲਰਜੀ ਜਾਂ ਗਲੇ ਦੀ ਪਰੇਸ਼ਾਨੀ ਹੈ, ਤਾਂ ਇਹ ਉਨ੍ਹਾਂ ਲਈ ਖ਼ਤਰਨਾਕ ਹੋ ਸਕਦਾ ਹੈ।

ਕੀ ਕਰਨਾ ਚਾਹੀਦਾ?

  • ਦਹੀਂ ਖਾਣਾ ਹੈ ਤਾਂ ਦੁਪਹਿਰ ਦੇ ਖਾਣੇ 'ਚ ਸ਼ਾਮਲ ਕਰੋ।
  • ਰਾਤ ਨੂੰ ਦਹੀਂ ਦੀ ਥਾਂ ਛਾਛ ਜਾਂ ਗਰਮ ਦੁੱਧ ਲਿਆ ਜਾ ਸਕਦਾ ਹੈ (ਡਾਕਟਰੀ ਸਲਾਹ ਦੇ ਨਾਲ)।
  • ਜਿਨ੍ਹਾਂ ਨੂੰ ਵਾਰ-ਵਾਰ ਸਰਦੀ-ਖੰਘ ਜਾਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ।
  • ਦਹੀਂ ਫਾਇਦੇਮੰਦ ਹੈ, ਪਰ ਸਹੀ ਸਮੇਂ ਤੇ ਖਾਣਾ ਜ਼ਰੂਰੀ ਹੈ

ਸਿਹਤ ਵਧੀਆ ਰੱਖਣ ਲਈ ਸਿਰਫ਼ ਸਹੀ ਖੁਰਾਕ ਨਹੀਂ, ਸਹੀ ਸਮਾਂ ਵੀ ਓਨਾ ਹੀ ਜ਼ਰੂਰੀ ਹੈ। ਛੋਟੀਆਂ-ਛੋਟੀਆਂ ਆਦਤਾਂ ਸਿਹਤ ਬਣਾਉਂਦੀਆਂ ਵੀ ਹਨ ਅਤੇ ਵਿਗਾੜਦੀਆਂ ਵੀ। ਇਸ ਲਈ ਜੇਕਰ ਤੁਸੀਂ ਵੀ ਰਾਤ ਨੂੰ ਦਹੀਂ ਖਾਂਦੇ ਹੋ, ਤਾਂ ਇਸ ਆਦਤ ਨੂੰ ਤੁਰੰਤ ਬਦਲੋ ਅਤੇ ਆਪਣੇ ਸਰੀਰ ਨੂੰ ਬੀਮਾਰੀਆਂ ਤੋਂ ਬਚਾਓ।
 


author

DIsha

Content Editor

Related News