ਜੇ ਤੁਸੀਂ ਵੀ ਬੱਚਿਆਂ ਨੂੰ ਰੋਜ਼ ਦਿੰਦੇ ਹੋ ਪੈਕਡ ਸਨੈਕਸ ਤਾਂ ਹੋ ਜਾਓ ਸਾਵਧਾਨ ! ਇਸ ਹਿੱਸੇ ਨੂੰ ਹੁੰਦੈ ਭਾਰੀ ਨੁਕਸਾਨ

Tuesday, Jul 29, 2025 - 01:40 PM (IST)

ਜੇ ਤੁਸੀਂ ਵੀ ਬੱਚਿਆਂ ਨੂੰ ਰੋਜ਼ ਦਿੰਦੇ ਹੋ ਪੈਕਡ ਸਨੈਕਸ ਤਾਂ ਹੋ ਜਾਓ ਸਾਵਧਾਨ ! ਇਸ ਹਿੱਸੇ ਨੂੰ ਹੁੰਦੈ ਭਾਰੀ ਨੁਕਸਾਨ

ਹੈਲਥ ਡੈਸਕ- ਆਧੁਨਿਕ ਦੌਰ 'ਚ ਬੱਚਿਆਂ ਨੂੰ ਚੁੱਪ ਕਰਵਾਉਣ ਜਾਂ ਸਕੂਲ ਦੇ ਟਿਫਿਨ 'ਚ ਫਟਾਫਟ ਕੁਝ ਦੇਣ ਲਈ ਅਕਸਰ ਮਾਪੇ ਬਿਸਕੁਟ, ਚਿਪਸ, ਵੇਫਰਸ ਆਦਿ ਪੈਕਟਬੰਦ ਸਨੈਕਸ ਦੇ ਦਿੰਦੇ ਹਨ। ਇਹ ਚੀਜ਼ਾਂ ਜਦੋਂ ਕਿ ਤੁਰੰਤ ਭੁੱਖ ਮਿਟਾ ਦਿੰਦੀਆਂ ਹਨ ਪਰ ਹੌਲੀ-ਹੌਲੀ ਇਹ ਬੱਚਿਆਂ ਲਈ ਸਲੋ ਪੌਇਜ਼ਨ ਸਾਬਿਤ ਹੋ ਰਹੀਆਂ ਹਨ।

ਲੀਵਰ 'ਤੇ ਪੈਂਦਾ ਹੈ ਸਿੱਧਾ ਅਸਰ

ਬਿਸਕੁਟ ਅਤੇ ਚਿਪਸ 'ਚ ਪਾਇਆ ਜਾਣ ਵਾਲਾ ਟ੍ਰਾਂਸ ਫੈਟ ਅਤੇ ਪ੍ਰੋਸੈੱਸਡ ਸ਼ੂਗਰ ਬੱਚਿਆਂ ਦੇ ਲੀਵਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕਿਉਂਕਿ ਬੱਚਿਆਂ ਦਾ ਲੀਵਰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ, ਇਸ ਲਈ ਇਹ ਖੁਰਾਕ ਨੂੰ ਢੰਗ ਨਾਲ ਪ੍ਰੋਸੈਸ ਨਹੀਂ ਕਰ ਸਕਦਾ। ਲਗਾਤਾਰ ਅਜਿਹੀ ਖੁਰਾਕ ਖਾਣ ਨਾਲ ਉਨ੍ਹਾਂ 'ਚ ਫੈਟੀ ਲੀਵਰ ਵਰਗੀ ਬੀਮਾਰੀ ਹੋ ਸਕਦੀ ਹੈ ਜੋ ਪਹਿਲਾਂ ਸਿਰਫ਼ ਬਾਲਗਾਂ 'ਚ ਪਾਈ ਜਾਂਦੀ ਸੀ।

ਇਮਿਊਨ ਸਿਸਟਮ ਹੋ ਸਕਦਾ ਹੈ ਕਮਜ਼ੋਰ

ਜੰਕ ਫੂਡ 'ਚ ਪੋਸ਼ਣਤੱਤਾਂ ਦੀ ਭਾਰੀ ਘਾਟ ਹੁੰਦੀ ਹੈ। ਜਦੋਂ ਬੱਚਾ ਹਰ ਰੋਜ਼ ਇਨ੍ਹਾਂ ਦਾ ਸੇਵਨ ਕਰਦਾ ਹੈ ਤਾਂ ਉਸ ਦੀ ਰੋਗ ਪ੍ਰਤੀਰੋਧਕ ਸ਼ਕਤੀ ਹੌਲੀ-ਹੌਲੀ ਘਟਣ ਲੱਗ ਪੈਂਦੀ ਹੈ। ਨਤੀਜੇ ਵਜੋਂ ਬੱਚਾ ਛੋਟੀਆਂ-ਛੋਟੀਆਂ ਬੀਮਾਰੀਆਂ ਜਿਵੇਂ ਕਿ ਸਰਦੀ, ਬੁਖਾਰ ਜਾਂ ਪੇਟ ਖ਼ਰਾਬੀ ਦਾ ਸ਼ਿਕਾਰ ਹੋਣ ਲੱਗਦਾ ਹੈ।

ਪਾਚਨ ਤੰਤਰ 'ਚ ਆਉਂਦੀ ਹੈ ਗੜਬੜ

ਚਿਪਸ-ਬਿਸਕੁਟ 'ਚ ਫਾਈਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਬੱਚਿਆਂ ਨੂੰ ਸਹੀ ਪਾਚਨ ਲਈ ਫਾਈਬਰ ਯੁਕਤ ਆਹਾਰ ਦੀ ਲੋੜ ਹੁੰਦੀ ਹੈ। ਇਨ੍ਹਾਂ ਖਾਣ-ਪੀਣ ਦੀਆਂ ਆਦਤਾਂ ਨਾਲ ਉਨ੍ਹਾਂ ਨੂੰ ਕਬਜ਼, ਗੈਸ, ਪੇਟ ਦਰਦ ਅਤੇ ਭੁੱਖ ਨਾ ਲੱਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਮੋਟਾਪਾ ਅਤੇ ਸ਼ੂਗਰ ਦਾ ਖ਼ਤਰਾ

ਅਧਿਐਨ ਦੱਸਦੇ ਹਨ ਕਿ ਜਿਹੜੇ ਬੱਚੇ ਰੋਜ਼ਾਨਾ ਪ੍ਰੋਸੈੱਸਡ ਫੂਡ ਖਾਂਦੇ ਹਨ, ਉਨ੍ਹਾਂ 'ਚ ਮੋਟਾਪਾ ਅਤੇ ਸ਼ੂਗਰ ਵਰਗੇ ਰੋਗ ਛੋਟੀ ਉਮਰ ਤੋਂ ਹੀ ਵਧਣ ਲੱਗਦੇ ਹਨ। ਇਨ੍ਹਾਂ ਫੂਡਸ 'ਚ ਮੌਜੂਦ ਵੱਧ ਕੈਲੋਰੀ, ਸ਼ੂਗਰ ਅਤੇ ਨਮਕ ਸਰੀਰ 'ਚ ਫੈਟ ਵਧਾ ਦਿੰਦੇ ਹਨ।

ਭੁੱਖ ਅਤੇ ਸਵਾਦ ਦੀ ਆਦਤ ਹੋ ਜਾਂਦੀ ਹੈ ਖ਼ਰਾਬ

ਜਿਹੜੇ ਬੱਚੇ ਰੋਜ਼ਾਨਾ ਚਿਪਸ ਅਤੇ ਬਿਸਕੁਟ ਖਾਂਦੇ ਹਨ, ਉਹ ਹੌਲੀ-ਹੌਲੀ ਫਲ, ਸਬਜ਼ੀ, ਦਾਲ ਵਰਗੀਆਂ ਸਿਹਤਮੰਦ ਚੀਜ਼ਾਂ ਤੋਂ ਮੂੰਹ ਮੋੜ ਲੈਂਦੇ ਹਨ। ਇਨ੍ਹਾਂ ਦੀ ਖਾਣ-ਪੀਣ ਦੀ ਆਦਤ ਖ਼ਰਾਬ ਹੋ ਜਾਂਦੀ ਹੈ, ਜਿਸ ਕਾਰਨ ਅਗਲੇ ਸਮੇਂ 'ਚ ਉਨ੍ਹਾਂ ਨੂੰ ਸਿਹਤਮੰਦ ਡਾਇਟ ਅਪਣਾਉਣਾ ਔਖਾ ਹੋ ਜਾਂਦਾ ਹੈ।

ਮਾਪਿਆਂ ਲਈ ਉਪਾਅ: ਕੀ ਕਰਨਾ ਚਾਹੀਦਾ ਹੈ?

  • ਚਿਪਸ ਦੀ ਥਾਂ ਘਰੇਲੂ ਭੁੰਨੇ ਹੋਏ ਮਖਾਣੇ, ਚਨੇ ਜਾਂ ਪੋਹਾ ਦਿਓ
  • ਬਿਸਕੁਟ ਦੀ ਥਾਂ ਘਰ 'ਚ ਬਣਿਆ ਹੋਇਆ ਸੂਜੀ ਟੋਸਟ, ਫਲਾਂ ਦੇ ਟੁਕੜੇ ਜਾਂ ਮੂੰਗ ਦਾਲ ਦਾ ਚੀਲਾ ਵਰਗੇ ਵਿਕਲਪ ਆਜ਼ਮਾਓ
  • ਆਦਤ ਹੌਲੀ-ਹੌਲੀ ਬਦਲੋ, ਜ਼ਬਰਦਸਤੀ ਨਾ ਕਰੋ, ਪਿਆਰ ਨਾਲ ਸਮਝਾਓ
  • ਪੈਕਟਬੰਦ ਚੀਜ਼ਾਂ ਹਫ਼ਤੇ 'ਚ ਇਕ ਵਾਰੀ ਹੀ, ਉਹ ਵੀ ਸੀਮਿਤ ਮਾਤਰਾ 'ਚ

ਬਚਿਆਂ ਨੂੰ ਜੰਕ ਫੂਡ ਦੇਣਾ ਜਿੱਥੇ ਆਸਾਨ ਲੱਗਦਾ ਹੈ, ਉਨ੍ਹਾਂ ਦੇ ਨੁਕਸਾਨ ਨੂੰ ਠੀਕ ਕਰਨਾ ਓਨਾ ਹੀ ਔਖਾ ਹੁੰਦਾ ਹੈ। ਯਾਦ ਰੱਖੋ, ਬਚਪਨ ਦੀ ਖੁਰਾਕ ਦਾ ਪ੍ਰਭਾਵ ਉਨ੍ਹਾਂ ਦੀ ਪੂਰੀ ਜ਼ਿੰਦਗੀ 'ਤੇ ਪੈਂਦਾ ਹੈ। ਇਸ ਲਈ ਅੱਜ ਤੋਂ ਹੀ ਆਪਣੇ ਬੱਚਿਆਂ ਨੂੰ ਸਿਹਤਮੰਦ ਖਾਣ ਦੀ ਆਦਤ ਪਾਓ- ਉਹ ਤੁਹਾਡੀ ਜ਼ਿੰਮੇਵਾਰੀ ਵੀ ਹੈ ਅਤੇ ਉਨ੍ਹਾਂ ਦਾ ਹੱਕ ਵੀ।


author

DIsha

Content Editor

Related News