ਚੋਰਾਂ ਨੇ ਦਿਨ-ਦਿਹਾੜੇ ਐੱਨ. ਆਰ. ਆਈ. ਦੇ ਘਰ ਨੂੰ ਬਣਾਇਆ ਨਿਸ਼ਾਨਾ

Saturday, May 26, 2018 - 06:40 AM (IST)

ਜਲੰਧਰ, (ਮਹੇਸ਼)- ਥਾਣਾ ਦਿਹਾਤੀ ਪੁਲਸ ਪਤਾਰਾ ਦੇ ਪਿੰਡ ਕੰਗਣੀਵਾਲ 'ਚ ਚੋਰਾਂ ਨੇ ਇਕ ਐੱਨ. ਆਰ. ਆਈ. ਦੇ ਘਰ ਨੂੰ ਦਿਨ-ਦਿਹਾੜੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਕਰੀਬ 10 ਤੋਲੇ ਸੋਨੇ ਦੇ ਗਹਿਣੇ ਅਤੇ ਇਕ ਲੱਖ ਦੀ ਨਕਦੀ 'ਤੇ ਹੱਥ ਸਾਫ ਕਰ ਦਿੱਤਾ। ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਪਤਾਰਾ ਦੇ ਏ. ਐੱਸ. ਆਈ. ਕੇਵਲ ਸਿੰਘ ਨੂੰ ਵਿਦੇਸ਼ ਗਏ ਕੰਗਣੀਵਾਲ ਵਾਸੀ ਰਾਕੇਸ਼ ਕੁਮਾਰ ਸ਼ਰਮਾ ਦੀ ਪਤਨੀ ਆਸ਼ਾ ਰਾਣੀ ਨੇ ਦੱਸਿਆ ਕਿ ਉਹ ਆਪਣੇ ਦੰਦਾਂ ਦੀ ਦਵਾਈ ਲੈਣ ਲਈ ਸਵੇਰੇ 9.30 ਵਜੇ ਘਰ ਤੋਂ ਸ਼ਹਿਰ ਲਈ ਨਿਕਲੀ ਸੀ।  ਉਸ ਸਮੇਂ ਉਹ ਆਪਣੇ ਵੱਡੇ ਪੁੱਤਰ ਚੈਂਚਲ ਸ਼ਰਮਾ ਨੂੰ ਘਰ ਵਿਚ ਛੱਡ ਕੇ ਗਈ ਸੀ ਜਦਕਿ ਛੋਟਾ ਪੁੱਤਰ ਮੋਹਿਤ ਸ਼ਰਮਾ ਸਕੂਲ ਗਿਆ ਹੋਇਆ ਸੀ। ਮੋਹਿਤ ਜਦੋਂ ਸਕੂਲ ਤੋਂ ਦੁਪਹਿਰ ਘਰ ਆਇਆ ਤਾਂ ਪੂਰਾ ਸਾਮਾਨ ਖਿਲਰਿਆ ਪਿਆ ਸੀ। ਜਿਸ ਦੇ ਬਾਰੇ ਉਸ ਨੇ ਆਪਣੇ ਵੱਡੇ ਭਰਾ ਚੈਂਚਲ ਤੇ ਮਾਂ ਨੂੰ ਸੂਚਿਤ ਕੀਤਾ। ਆਸ਼ਾ ਰਾਣੀ ਨੇ ਕਿਹਾ ਕਿ ਘਰ ਆ ਕੇ ਦੇਖਿਆ ਕਿ ਚੋਰ ਗਹਿਣੇ ਅਤੇ ਨਕਦੀ ਲੈ ਗਏ ਹਨ। ਆਸ਼ਾ ਰਾਣੀ ਦੇ ਵੱਡੇ ਪੁੱਤਰ ਨੇ ਦੱਸਿਆ ਕਿ ਉਹ ਮਾਂ ਦੇ ਸ਼ਹਿਰ ਅਤੇ ਭਰਾ ਦੇ ਸਕੂਲ ਜਾਣ ਤੋਂ ਬਾਅਦ ਕਟਿੰਗ ਕਰਵਾਉਣ ਲਈ ਦੁਕਾਨ 'ਤੇ ਚਲਾ ਗਿਆ ਸੀ। ਉਸ ਦੇ ਪਿੱਛੋਂ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਏ. ਐੱਸ. ਆਈ. ਕੇਵਲ ਸਿੰਘ ਨੇ ਕਿਹਾ ਕਿ ਪੁਲਸ ਐੱਨ. ਆਰ. ਆਈ. ਦੇ ਘਰ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਜਦਕਿ ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਵਾਰਦਾਤ ਨੂੰ ਜਲਦੀ ਹੀ ਹੱਲ ਕਰਨ ਦੀ ਗੱਲ ਕਹੀ ਹੈ।


Related News