ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਅਗਲੇ ਹਫ਼ਤੇ ਦਿੱਤੀ ਜਾਵੇਗੀ ਫਾਂਸੀ

Thursday, Apr 21, 2022 - 11:09 AM (IST)

ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਅਗਲੇ ਹਫ਼ਤੇ ਦਿੱਤੀ ਜਾਵੇਗੀ ਫਾਂਸੀ

ਕੁਆਲਾਲੰਪੁਰ (ਏਜੰਸੀ)- ਸਿੰਗਾਪੁਰ ਦੀ ਚਾਂਗੀ ਜੇਲ੍ਹ ਵਿੱਚ ਭਾਰਤੀ ਮੂਲ ਦੇ ਮਲੇਸ਼ੀਅਨ ਵਿਅਕਤੀ ਨੂੰ ਅਗਲੇ ਹਫ਼ਤੇ ਫਾਂਸੀ ਦਿੱਤੀ ਜਾਵੇਗੀ। ਇਸ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਸਜ਼ਾ ਵਿਰੁੱਧ ਉਸ ਦੀ ਅੰਤਿਮ ਅਪੀਲ ਖਾਰਜ ਕਰ ਦਿੱਤੀ ਗਈ ਹੈ। ਵੀਰਵਾਰ ਨੂੰ ਸਿੰਗਾਪੁਰ ਮੀਡੀਆ ਦੀ ਰਿਪੋਰਟ ਮੁਤਾਬਕ ਨਾਗੇਥਰਨ ਧਰਮਲਿੰਗਮ (34) ਨੂੰ 2009 'ਚ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਸ ਨੂੰ 2010 'ਚ 42.72 ਗ੍ਰਾਮ ਹੈਰੋਇਨ ਦੀ ਤਸਕਰੀ ਦਾ ਦੋਸ਼ੀ ਪਾਇਆ ਗਿਆ ਸੀ। ਸਿੰਗਾਪੁਰ ਦੇ ਕਾਨੂੰਨ ਦੇ ਤਹਿਤ, ਇਸ ਅਪਰਾਧ ਲਈ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਲਾਜ਼ਮੀ ਤੌਰ 'ਤੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਮਲੇਸ਼ੀਆ ਦੇ ਅਖ਼ਬਾਰ 'ਦ ਸਟਾਰ' ਨੇ ਸਿੰਗਾਪੁਰ 'ਚ ਧਰਮਲਿੰਗਮ ਦੇ ਸਾਬਕਾ ਵਕੀਲ ਐੱਮ ਰਵੀ ਦੇ ਹਵਾਲੇ ਨਾਲ ਕਿਹਾ, ''ਹੁਣੇ ਦਿਲ ਦਹਿਲਾਉਣ ਵਾਲੀ ਖ਼ਬਰ ਮਿਲੀ ਹੈ ਕਿ ਅਗਲੇ ਬੁੱਧਵਾਰ ਨੂੰ ਧਰਮਲਿੰਗਮ ਨੂੰ ਫਾਂਸੀ ਦਿੱਤੀ ਜਾਵੇਗੀ।''

ਇਹ ਵੀ ਪੜ੍ਹੋ: ਮਹਿਲਾ ਨੇ ਜਤਾਈ ਅਜੀਬੋ-ਗ਼ਰੀਬ ਇੱਛਾ, ਮੇਰੇ ਅੰਤਿਮ ਸੰਸਕਾਰ 'ਤੇ ਕਾਲੇ ਕੱਪੜੇ ਨਾ ਪਾਇਓ ਤੇ ਦੋ ਪੈੱਗ ਲਗਾ ਕੇ ਆਇਓ

ਸਿੰਗਾਪੁਰ ਦੀ ਇੱਕ ਅਦਾਲਤ ਨੇ 29 ਮਾਰਚ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਸੁਣਾਈ ਗਈ ਮੌਤ ਦੀ ਸਜ਼ਾ ਵਿਰੁੱਧ ਧਰਮਲਿੰਗਮ ਦੀ ਅੰਤਿਮ ਅਪੀਲ ਨੂੰ ਰੱਦ ਕਰ ਦਿੱਤਾ ਸੀ। ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਦੇ ਖਿਲਾਫ ਉਸਦੀ ਪਹਿਲੀ ਅਪੀਲ 2011 ਵਿੱਚ ਰੱਦ ਕਰ ਦਿੱਤੀ ਗਈ ਸੀ। ਉਦੋਂ ਸਿੰਗਾਪੁਰ ਦੀ ਹਾਈ ਕੋਰਟ ਨੇ ਫਿਰ ਹੁਕਮ ਦਿੱਤਾ ਸੀ ਕਿ ਧਰਮਲਿੰਗਮ ਨੂੰ ਚਾਰ ਮਨੋਵਿਗਿਆਨੀਆਂ ਅਤੇ ਮਨੋਰੋਗ ਮਾਹਿਰਾਂ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਉਮਰ ਕੈਦ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸ ਮਾਮਲੇ ਨੇ ਪਿਛਲੇ ਸਾਲ ਅਕਤੂਬਰ ਵਿੱਚ ਲੋਕਾਂ ਦਾ ਧਿਆਨ ਖਿੱਚਿਆ ਸੀ, ਜਦੋਂ ਸਿੰਗਾਪੁਰ ਜੇਲ੍ਹ ਸੇਵਾ ਨੇ ਧਰਮਲਿੰਗਮ ਦੀ ਮਾਂ ਨੂੰ ਉਸਦੀ ਸਜ਼ਾ ਬਾਰੇ ਇੱਕ ਪੱਤਰ ਭੇਜਿਆ ਸੀ। ਇਸ ਚਿੱਠੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਯੂਜ਼ਰਸ ਨੇ ਉਸ ਦੀ ਮੌਤ ਦੀ ਸਜ਼ਾ ਮੁਆਫ ਕਰਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ: ਪਾਕਿ ਦੀ 34 ਫ਼ੀਸਦੀ ਆਬਾਦੀ ਦੀ ਰੋਜ਼ਾਨਾ ਦੀ ਕਮਾਈ ਸਿਰਫ਼ 588 ਰੁਪਏ : ਵਿਸ਼ਵ ਬੈਂਕ

 


author

cherry

Content Editor

Related News