ਮਾਨ ਸਰਕਾਰ ਦੇ '1000 ਰੁਪਏ' ਵਾਲੇ ਦਾਅਵੇ 'ਤੇ ਭੜਕੇ ਰਾਜਾ ਵੜਿੰਗ, ਰੈਲੀ 'ਚ ਸਰਕਾਰ ਨੂੰ ਦਿੱਤੀ ਸਿੱਧੀ ਚੁਣੌਤੀ!
Tuesday, Feb 17, 2026 - 05:04 PM (IST)
ਮਾਨਸਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮਾਨਸਾ ਵਿਖੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕ ਵਿੱਚ ਕੀਤੀ ਇੱਕ ਵਿਸ਼ਾਲ ਰੈਲੀ ਦੌਰਾਨ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ 'ਆਪ' (ਝਾੜੂ) ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਵੜਿੰਗ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੀ AI ਵੀਡੀਓ 'ਤੇ ਹੈੱਡ ਗ੍ਰੰਥੀ ਵੱਲੋਂ ਸਖ਼ਤ ਨਿੰਦਾ, ਕਿਹਾ- ਹੋਵੇ ਸਖ਼ਤ ਕਾਰਵਾਈ
ਮਨਰੇਗਾ ਕਾਨੂੰਨ ਵਿੱਚ ਤਬਦੀਲੀਆਂ ਅਤੇ ਦਿਹਾੜੀ ਦਾ ਮੁੱਦਾ
ਰਾਜਾ ਵੜਿੰਗ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਵਿੱਚ ਕੀਤੀਆਂ ਤਬਦੀਲੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਹੁਣ ਮਜ਼ਦੂਰਾਂ ਨੂੰ ਕੰਮ ਮੰਗਣ 'ਤੇ ਨਹੀਂ ਮਿਲੇਗਾ, ਸਗੋਂ ਸਰਕਾਰ ਤੈਅ ਕਰੇਗੀ ਕਿ ਕੰਮ ਕਦੋਂ ਅਤੇ ਕਿੰਨੇ ਪੈਸਿਆਂ ਵਿੱਚ ਦੇਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਗਜ਼ਾਂ ਵਿੱਚ ਕੰਮ ਦੇ ਦਿਨ 125 ਕਰ ਦਿੱਤੇ ਹਨ, ਪਰ ਅਸਲ ਵਿੱਚ ਮਜ਼ਦੂਰਾਂ ਨੂੰ 50 ਦਿਨ ਦਾ ਕੰਮ ਵੀ ਨਹੀਂ ਮਿਲ ਰਿਹਾ। ਵੜਿੰਗ ਨੇ ਮੰਗ ਕੀਤੀ ਕਿ ਮਨਰੇਗਾ ਦੀ ਦਿਹਾੜੀ ਵਧਾ ਕੇ 700 ਰੁਪਏ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨਰੇਗਾ ਨੂੰ ਕਿਸਾਨੀ ਨਾਲ ਜੋੜਨ ਦੀ ਵਕਾਲਤ ਕੀਤੀ ਤਾਂ ਜੋ ਮਜ਼ਦੂਰਾਂ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਵੀ ਕੰਮ ਮਿਲ ਸਕੇ ਅਤੇ ਉਨ੍ਹਾਂ ਦੇ ਰੁਜ਼ਗਾਰ ਦੇ ਦਿਨ ਵਧ ਸਕਣ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਥਾਵਾਂ 'ਤੇ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਵੜਿੰਗ ਨੇ ਨਵੀਂ ਡਿਜੀਟਲ ਹਾਜ਼ਰੀ ਪ੍ਰਣਾਲੀ ਅਤੇ ਫੋਟੋ ਖਿੱਚਣ ਦੀ ਸ਼ਰਤ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਾਡੇ ਸਮੇਂ ਜਿੱਥੇ ਕੰਮ ਮਿਲਦਾ ਸੀ ਉੱਥੇ ਹੀ ਹਾਜ਼ਰੀ ਲੱਗਦੀ ਸੀ, ਪਰ ਹੁਣ ਹਾਜ਼ਰੀ ਕਿਤੇ ਹੋਰ ਲੱਗਦੀ ਹੈ ਅਤੇ ਕੰਮ ਪੰਜ ਕਿਲੋਮੀਟਰ ਦੂਰ ਦਿੱਤਾ ਜਾਂਦਾ ਹੈ, ਜਿਸ ਕਾਰਨ ਮਜ਼ਦੂਰਾਂ ਦਾ ਦਿਹਾੜੀ ਦਾ ਵੱਡਾ ਹਿੱਸਾ ਕਿਰਾਏ 'ਤੇ ਹੀ ਖਰਚ ਹੋ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਤਰੀਕੇ ਗਰੀਬਾਂ ਨੂੰ ਪ੍ਰੇਸ਼ਾਨ ਕਰਨ ਲਈ ਅਪਣਾਏ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਹੁਣ ਹਾਜ਼ਰੀ ਵੀ ਫੋਟੋ ਖਿੱਚ ਕੇ ਲੱਗਦੀ ਹੈ।
ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ
ਪੰਜਾਬ ਦੀ 'ਆਪ' ਸਰਕਾਰ 'ਤੇ ਵਰ੍ਹਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਚੋਣਾਂ ਵੇਲੇ ਔਰਤਾਂ ਨੂੰ 1000 ਰੁਪਏ ਦੇਣ ਦਾ ਲਾਰਾ ਲਾਇਆ ਗਿਆ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਹੁਣ ਚੋਣਾਂ ਨੇੜੇ ਆਉਣ 'ਤੇ ਸ਼ਾਇਦ ਇਹ ਐਲਾਨ ਕਰ ਦਿੱਤਾ ਜਾਵੇ, ਪਰ ਲੋਕਾਂ ਨੂੰ ਪਿਛਲੇ ਚਾਰ ਸਾਲਾਂ ਦਾ ਬਕਾਇਆ ਮੰਗਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਦੇ ਸਮੇਂ ਮਿਲਣ ਵਾਲੀ 30 ਕਿਲੋ ਕਣਕ ਨੂੰ ਘਟਾ ਕੇ ਹੁਣ 5 ਕਿਲੋ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਸਰੋਵਰ ’ਚ ਕੁਰਲੀ ਕਰਨ ਵਾਲੇ ਨੂੰ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਠੁਕਰਾਈ
ਸੂਬੇ ਦੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟ ਕਰਦਿਆਂ ਵੜਿੰਗ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਦਿਨ-ਦਿਹਾੜੇ ਕਤਲੇਆਮ ਹੋ ਰਿਹਾ ਹੈ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਲਈ ਅਜੇ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਨਸ਼ਿਆਂ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਰੈਲੀਆਂ 'ਤੇ ਖਰਚ ਕਰਕੇ 'ਯੁੱਧ ਨਸ਼ਿਆਂ ਵਿਰੁੱਧ' ਦਾ ਡਰਾਮਾ ਕਰ ਰਹੀ ਹੈ, ਜਦਕਿ ਪਿੰਡਾਂ ਵਿੱਚ ਹਾਲਾਤ ਜਿਉਂ ਦੇ ਤਿਉਂ ਹਨ। ਇਸ ਮੌਕੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
