ਕਿਰਤੀ ਕਿਸਾਨ ਯੂਨੀਅਨ ਨੇ ਦਿੱਤਾ ਧਰਨਾ, ਸਰਕਾਰ ਨੂੰ ਦਿੱਤੀ ਚਿਤਾਵਨੀ

Thursday, Feb 26, 2026 - 04:53 PM (IST)

ਕਿਰਤੀ ਕਿਸਾਨ ਯੂਨੀਅਨ ਨੇ ਦਿੱਤਾ ਧਰਨਾ, ਸਰਕਾਰ ਨੂੰ ਦਿੱਤੀ ਚਿਤਾਵਨੀ

ਮੋਗਾ (ਕਸ਼ਿਸ਼) : ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਗਟ ਕੀਤਾ ਗਿਆ। ਧਰਨੇ ਦੌਰਾਨ ਕਿਸਾਨਾਂ ਨੇ ਆਲੂ ਸਮੇਤ ਹੋਰ ਫਸਲਾਂ ਦੀ ਵਾਜਬ ਕੀਮਤ ਅਤੇ ਸਰਕਾਰੀ ਖਰੀਦ ਨੂੰ ਯਕੀਨੀ ਬਣਾਉਣ ਦੀ ਮੰਗ ਉਠਾਈ। ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਆਲੂ ਦੀ ਫ਼ਸਲ ਨੂੰ ਘੱਟੋ-ਘੱਟ 20 ਰੁਪਏ ਪ੍ਰਤੀ ਕਿਲੋ ਦੇ ਰੇਟ ‘ਤੇ ਖਰੀਦਿਆ ਜਾਵੇ। ਇਸ ਤੋਂ ਇਲਾਵਾ ਗੋਭੀ, ਮਟਰ, ਮੂੰਗੀ, ਮੱਕੀ ਅਤੇ ਬਾਸਮਤੀ ਵਰਗੀਆਂ ਫਸਲਾਂ ਨੂੰ ਵੀ ਐੱਮਐੱਸਪੀ ਦੇ ਤਹਿਤ ਸਰਕਾਰੀ ਖਰੀਦ ਵਿਚ ਸ਼ਾਮਲ ਕੀਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਫਸਲਾਂ ਦੇ ਰੇਟ ਘੱਟ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦੀ ਹੀ ਮੰਗਾਂ ‘ਤੇ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਦੌਰਾਨ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

ਹੋਰ ਜਾਣਕਾਰੀ ਦਿੰਦਿਆਂ ਹੋਇਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਮੁੱਖ ਮੰਗ ਹੈ ਕਿ ਪੰਜਾਬ ਸਰਕਾਰ ਘੱਟੋ-ਘੱਟ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਲੂ ਦੀ ਖਰੀਦ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਫਸਲਾਂ ਦੀ ਵਿਵਿਧਤਾ ਦੀ ਗੱਲ ਕਰਦੀ ਹੈ ਤਾਂ ਬਦਲਵੀਂ ਫਸਲਾਂ ‘ਤੇ ਵੀ ਐੱਮਐੱਸਪੀ (MSP) ਅਤੇ ਸਰਕਾਰੀ ਖਰੀਦ ਦੀ ਗਰੰਟੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 1967 ਤੋਂ ਬਾਅਦ ਕਣਕ ਅਤੇ ਝੋਨੇ ‘ਤੇ ਐੱਮਐੱਸਪੀ ਅਤੇ ਖਰੀਦ ਪ੍ਰਣਾਲੀ ਬਣੀ, ਜਿਸ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਪਰ ਹੋਰ ਫਸਲਾਂ ਵੱਲ ਕਿਸੇ ਵੀ ਸਰਕਾਰ ਨੇ ਵਧੀਆ ਧਿਆਨ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਵੇਂ ਅਕਾਲੀ ਦਲ, ਕਾਂਗਰਸ, ਭਾਜਪਾ ਜਾਂ ਮੌਜੂਦਾ ਸਰਕਾਰ ਹੋਵੇ ਕਿਸੇ ਨੇ ਵੀ ਨਵੀਆਂ ਫਸਲਾਂ ਲਈ ਐੱਮਐੱਸਪੀ ਜਾਂ ਖਰੀਦ ਪ੍ਰਣਾਲੀ ਲਾਗੂ ਨਹੀਂ ਕੀਤੀ।

ਪੰਜਾਬ ਵਿਚ ਗੰਨਾ, ਆਲੂ ਅਤੇ ਸਬਜ਼ੀਆਂ ਜਿਵੇਂ ਗੋਭੀ, ਮਟਰ, ਗਾਜਰ ਆਦਿ ਵੱਡੇ ਪੱਧਰ ‘ਤੇ ਉਗਾਈਆਂ ਜਾਂਦੀਆਂ ਹਨ, ਪਰ ਇਨ੍ਹਾਂ ਦੀ ਫਸਲ ਅਕਸਰ ਮੰਡੀ ਵਿਚ ਠੀਕ ਭਾਅ ਨਾ ਮਿਲਣ ਕਾਰਨ ਬਰਬਾਦ ਹੋ ਜਾਂਦੀ ਹੈ।ਕਿਸਾਨਾਂ ਨੇ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਵੀ ਯਾਦ ਦਿਵਾਏ ਅਤੇ ਕਿਹਾ ਕਿ ਹਰ ਫਸਲ ‘ਤੇ ਐੱਮਐੱਸਪੀ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਨੇ ਕੇਂਦਰ ਸਰਕਾਰ ਕੋਲੋਂ ਵਾਘਾ ਅਤੇ ਹੁਸੈਨੀ ਵਾਲਾ ਬਾਰਡਰ ਖੋਲ੍ਹਣ ਦੀ ਵੀ ਮੰਗ ਕੀਤੀ।


author

Gurminder Singh

Content Editor

Related News