ਬੰਗਲਾਦੇਸ਼ 'ਚ ਫਿਰ ਭੜਕੀ ਹਿੰਸਾ, ਹੁਣ ਤੱਕ 32 ਮੌਤਾਂ, ਦੇਸ਼ ਭਰ 'ਚ ਲਗਾਇਆ ਗਿਆ ਕਰਫਿਊ

Sunday, Aug 04, 2024 - 06:00 PM (IST)

ਬੰਗਲਾਦੇਸ਼ 'ਚ ਫਿਰ ਭੜਕੀ ਹਿੰਸਾ, ਹੁਣ ਤੱਕ 32 ਮੌਤਾਂ, ਦੇਸ਼ ਭਰ 'ਚ ਲਗਾਇਆ ਗਿਆ ਕਰਫਿਊ

ਇੰਟਰਨੈਸ਼ਨਲ ਡੈਸਕ- ਗੁਆਂਢੀ ਦੇਸ਼ ਬੰਗਲਾਦੇਸ਼ ਤੋਂ ਇੱਕ ਵਾਰ ਫਿਰ ਹਿੰਸਾ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੰਗਲਾਦੇਸ਼ 'ਚ ਐਤਵਾਰ ਨੂੰ ਭੜਕੀ ਹਿੰਸਾ 'ਚ 32 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਇੱਥੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ, ਪੁਲਸ ਅਤੇ ਸੱਤਾਧਾਰੀ ਪਾਰਟੀ ਦੇ ਵਰਕਰਾਂ ਵਿਚਕਾਰ ਝੜਪ ਹੋ ਗਈ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਸਟਨ ਗ੍ਰੇਨੇਡ ਦੀ ਵਰਤੋਂ ਕੀਤੀ। ਸਰਕਾਰ ਨੇ ਐਤਵਾਰ ਸ਼ਾਮ 6 ਵਜੇ ਤੋਂ ਅਣਮਿੱਥੇ ਸਮੇਂ ਲਈ ਦੇਸ਼ ਵਿਆਪੀ ਕਰਫਿਊ ਦਾ ਐਲਾਨ ਕੀਤਾ। ਨਾਲ ਹੀ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।  ਪਿਛਲੇ ਮਹੀਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। 

ਬੰਗਲਾਦੇਸ਼ ਵਿੱਚ ਵਿਦਿਆਰਥੀ ਸਰਕਾਰੀ ਨੌਕਰੀਆਂ ਲਈ ਕੋਟਾ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਦਿਆਰਥੀ ਅੰਦੋਲਨ ਵਿੱਚ ਪਹਿਲਾਂ ਹੀ ਹਿੰਸਾ ਭੜਕ ਚੁੱਕੀ ਹੈ ਅਤੇ ਹੁਣ ਤੱਕ ਦੇਸ਼ ਭਰ ਵਿੱਚ ਘੱਟੋ-ਘੱਟ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਧਾਨੀ ਢਾਕਾ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਰਿਹਾ ਹੈ। ਏ.ਐਫ.ਪੀ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ ਲਾਠੀਆਂ ਆਦਿ ਲੈ ਕੇ ਪਹੁੰਚੀ ਸੀ। ਜਦੋਂ ਇਹ ਭੀੜ ਢਾਕਾ ਦੇ ਮੱਧ ਵਿਚ ਸ਼ਾਹਬਾਗ ਚੌਰਾਹੇ 'ਤੇ ਇਕੱਠੀ ਹੋਈ ਤਾਂ ਪੁਲਸ ਅਤੇ ਅੰਦੋਲਨਕਾਰੀਆਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇਸ ਤੋਂ ਇਲਾਵਾ ਕਈ ਥਾਵਾਂ ਅਤੇ ਵੱਡੇ ਸ਼ਹਿਰਾਂ ਵਿਚ ਸੜਕਾਂ 'ਤੇ ਪ੍ਰਦਰਸ਼ਨਕਾਰੀ ਅਤੇ ਪੁਲਸ ਮੁਲਾਜ਼ਮ ਆਹਮੋ-ਸਾਹਮਣੇ ਹੋਏ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮਾਰਗ ਜਾਮ ਕਰ ਦਿੱਤੇ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਰਾਸ਼ਟਰਪਤੀ ਚੋਣਾਂ : ਨਿਵੇਸ਼ ਫਰਮਾਂ ਦਾ ਟਰੰਪ ਨੂੰ ਵੱਡਾ ਸਮਰਥਨ, ਨੌਕਰੀਪੇਸ਼ਾ ਕਮਲਾ ਨਾਲ 

ਪ੍ਰਦਰਸ਼ਨਕਾਰੀਆਂ ਵਿੱਚ ਵਿਦਿਆਰਥੀ ਅਤੇ ਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਸਮਰਥਨ ਵਾਲੇ ਕੁਝ ਸਮੂਹ ਸ਼ਾਮਲ ਹਨ। ਪ੍ਰਦਰਸ਼ਨਕਾਰੀਆਂ ਨੇ ਟੈਕਸ ਅਤੇ ਬਿੱਲ ਨਾ ਭਰਨ ਦੀ ਅਪੀਲ ਕੀਤੀ ਹੈ ਅਤੇ ਐਤਵਾਰ ਨੂੰ ਕੰਮ 'ਤੇ ਨਾ ਜਾਣ ਦੀ ਵੀ ਅਪੀਲ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਢਾਕਾ ਦੇ ਸ਼ਾਹਬਾਗ ਖੇਤਰ ਵਿੱਚ ਇੱਕ ਹਸਪਤਾਲ, ਬੰਗਬੰਧੂ ਸ਼ੇਖ ਮੁਜੀਬ ਮੈਡੀਕਲ ਯੂਨੀਵਰਸਿਟੀ ਸਮੇਤ ਖੁੱਲ੍ਹੇ ਦਫਤਰਾਂ ਅਤੇ ਅਦਾਰਿਆਂ 'ਤੇ ਵੀ ਹਮਲਾ ਕੀਤਾ। ਚਸ਼ਮਦੀਦਾਂ ਨੇ ਦੱਸਿਆ ਕਿ ਢਾਕਾ ਦੇ ਉੱਤਰਾ ਇਲਾਕੇ ਵਿੱਚ ਕੁਝ ਕੱਚੇ ਬੰਬ ਧਮਾਕੇ ਹੋਏ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਨਿਊਜ਼ ਏਜੰਸੀ ਏਪੀ ਮੁਤਾਬਕ ਉਨ੍ਹਾਂ ਨੇ ਕਈ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ। ਮੀਡੀਆ ਨਾਲ ਗੱਲ ਕਰਦੇ ਹੋਏ ਢਾਕਾ ਦੇ ਮੁਨਸ਼ੀਗੰਜ ਜ਼ਿਲ੍ਹੇ ਦੇ ਇੱਕ ਪੁਲਿਸ ਕਰਮਚਾਰੀ ਨੇ ਕਿਹਾ ਕਿ "ਪੂਰਾ ਸ਼ਹਿਰ ਜੰਗ ਦੇ ਮੈਦਾਨ ਵਿੱਚ ਬਦਲ ਗਿਆ ਹੈ"। ਪ੍ਰਦਰਸ਼ਨਕਾਰੀ ਨੇਤਾਵਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਆਪ ਨੂੰ ਬਾਂਸ ਦੀਆਂ ਸੋਟੀਆਂ ਨਾਲ ਹਥਿਆਰਬੰਦ ਕਰਨ ਦਾ ਸੱਦਾ ਦਿੱਤਾ ਸੀ, ਕਿਉਂਕਿ ਜੁਲਾਈ ਵਿੱਚ ਪ੍ਰਦਰਸ਼ਨਾਂ ਦੇ ਪਿਛਲੇ ਦੌਰ ਨੂੰ ਪੁਲਸ ਦੁਆਰਾ ਵੱਡੇ ਪੱਧਰ 'ਤੇ ਕੁਚਲ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਮੰਦਭਾਗੀ ਖ਼ਬਰ : ਭਾਰਤੀ ਨੌਜਵਾਨ ਦੀ ਲਾਸ਼ ਗਲੇਸ਼ੀਅਰ 'ਤੇ ਐਵਲਾਂਚ ਕ੍ਰੀਕ ਤੋਂ ਬਰਾਮਦ 

ਬੰਗਲਾਦੇਸ਼ ਮੀਡੀਆ ਅਨੁਸਾਰ, ਮੌਤਾਂ ਬੋਗੂਰਾ, ਮਗੁਰਾ, ਰੰਗਪੁਰ ਅਤੇ ਸਿਰਾਜਗੰਜ ਸਮੇਤ 11 ਜ਼ਿਲ੍ਹਿਆਂ ਵਿੱਚ ਹੋਈਆਂ, ਜਿੱਥੇ ਅਵਾਮੀ ਲੀਗ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਮੈਂਬਰਾਂ ਵਿੱਚ ਸਿੱਧੀ ਟੱਕਰ ਹੋਈ। ਬੰਗਲਾਦੇਸ਼ ਦੇ 1971 ਦੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਸਰਕਾਰੀ ਨੌਕਰੀਆਂ ਵਿੱਚ 30 ਪ੍ਰਤੀਸ਼ਤ ਰਾਖਵੇਂਕਰਨ ਦੀ ਕੋਟਾ ਪ੍ਰਣਾਲੀ ਨੂੰ ਲੈ ਕੇ ਪਿਛਲੇ ਮਹੀਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ। ਜਿਵੇਂ ਹੀ ਵਿਰੋਧ ਪ੍ਰਦਰਸ਼ਨ ਤੇਜ਼ ਹੋਇਆ, ਸੁਪਰੀਮ ਕੋਰਟ ਨੇ ਕੋਟਾ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ, ਜਿਸ ਵਿੱਚੋਂ 3 ਪ੍ਰਤੀਸ਼ਤ ਲੜਾਕਿਆਂ ਦੇ ਰਿਸ਼ਤੇਦਾਰਾਂ ਨੂੰ ਦਿੱਤਾ ਗਿਆ। ਹਾਲਾਂਕਿ, ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਹਾਲਾਂਕਿ ਪੀ.ਐਮ ਹਸੀਨਾ ਅਤੇ ਉਨ੍ਹਾਂ ਦੀ ਪਾਰਟੀ ਪ੍ਰਦਰਸ਼ਨਕਾਰੀਆਂ ਦੇ ਦਬਾਅ ਨੂੰ ਖਾਰਜ ਕਰਦੀ ਨਜ਼ਰ ਆ ਰਹੀ ਹੈ। ਸਰਕਾਰ ਨੇ ਹਿੰਸਾ ਭੜਕਾਉਣ ਲਈ ਵਿਰੋਧੀ ਪਾਰਟੀਆਂ ਅਤੇ ਹੁਣ ਪਾਬੰਦੀਸ਼ੁਦਾ ਸੱਜੇ-ਪੱਖੀ ਜਮਾਤ-ਏ-ਇਸਲਾਮੀ ਪਾਰਟੀ ਅਤੇ ਉਨ੍ਹਾਂ ਦੇ ਵਿਦਿਆਰਥੀ ਵਿੰਗਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਸ਼ਟਰੀ ਸੁਰੱਖਿਆ ਬੈਠਕ ਤੋਂ ਬਾਅਦ ਹਸੀਨਾ ਨੇ ਦੋਸ਼ ਲਗਾਇਆ, "ਜੋ ਲੋਕ ਇਸ ਸਮੇਂ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ, ਉਹ ਵਿਦਿਆਰਥੀ ਨਹੀਂ ਹਨ, ਸਗੋਂ ਅੱਤਵਾਦੀ ਹਨ ਜੋ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੇ ਹਨ।" ਉਨ੍ਹਾਂ ਦੇਸ਼ ਵਾਸੀਆਂ ਨੂੰ ਇਨ੍ਹਾਂ ਦਹਿਸ਼ਤਗਰਦਾਂ ਨੂੰ ਸਖ਼ਤੀ ਨਾਲ ਦਬਾਉਣ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News