ਦੱਖਣੀ ਨੇਪਾਲ ਦੇ ਬਾਰਾ ਜ਼ਿਲ੍ਹੇ ''ਚ ਸਥਿਤੀ ਆਮ ਹੋਣ ਤੋਂ ਬਾਅਦ ਹਟਾਇਆ ਗਿਆ ਕਰਫਿਊ
Friday, Nov 21, 2025 - 04:22 PM (IST)
ਕਾਠਮੰਡੂ (ਏਜੰਸੀ)- ਭਾਰਤ ਨਾਲ ਲੱਗਦੇ ਦੱਖਣੀ ਨੇਪਾਲ ਦੇ ਬਾਰਾ ਜ਼ਿਲ੍ਹੇ ਵਿੱਚ ਪਿਛਲੇ 2 ਦਿਨਾਂ ਤੋਂ ਲੱਗਾ ਕਫ਼ਰਿਊ ਸ਼ੁੱਕਰਵਾਰ ਨੂੰ ਹਟਾ ਦਿੱਤਾ ਗਿਆ। ਜ਼ਿਲ੍ਹੇ ਵਿੱਚ ਜਨ ਜੀਵਨ ਮੁੜ ਪਟੜੀ 'ਤੇ ਆ ਗਿਆ ਹੈ। ਬਾਜ਼ਾਰ ਖੁਲ ਗਏ ਹਨ, ਸਕੂਲਾਂ ਵਿੱਚ ਕਲਾਸਾਂ ਦੁਬਾਰਾ ਸ਼ੁਰੂ ਹੋ ਗਈਆਂ ਤੇ ਆਵਾਜਾਈ ਸੇਵਾਵਾਂ ਵੀ ਮੁੜ ਚਾਲੂ ਹੋ ਚੁੱਕੀਆਂ ਹਨ। ਮੁੱਖ ਜ਼ਿਲ੍ਹਾ ਅਧਿਕਾਰੀ ਧਰਮੇਂਦਰ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਹੁਣ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਵਿੱਚ ਹਨ।
ਇਹ ਤਣਾਅ ਉਸ ਵੇਲੇ ਵਧ ਗਿਆ ਸੀ ਜਦੋਂ ਸੀ.ਪੀ.ਐਨ.-ਯੂ.ਐਮ.ਐਲ. ਦੇ 3 ਕਾਰਕੁਨਾਂ ਨੇ ਸਿਮਰਾ ਏਅਰਪੋਰਟ ‘ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਜੈਨ ਜ਼ੈਡ (1997–2012 ਵਿਚ ਜਨਮੇ ਨੌਜਵਾਨ) ਦੇ ਮੈਂਬਰਾਂ ਨਾਲ ਕੁੱਟਮਾਰ ਕੀਤੀ। ਇਸ ਘਟਨਾ ਵਿਚ ਘੱਟੋ-ਘੱਟ 10 ਲੋਕ ਜ਼ਖ਼ਮੀ ਹੋਏ। ਪ੍ਰਦਰਸ਼ਨਕਾਰੀ ਯੂ.ਐਮ.ਐਲ. ਨੇਤਾਵਾਂ ਸ਼ੰਕਰ ਪੋਖਰੈਲ ਅਤੇ ਮਹੇਸ਼ ਬਸਨੇਤ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ ਅਤੇ ਪਾਰਟੀ ਨੂੰ 8 ਸਤੰਬਰ ਦੀ ਕਾਰਵਾਈ ਵਿਚ ਮਾਰੇ ਗਏ 76 ਲੋਕਾਂ ਲਈ ਜ਼ਿੰਮੇਵਾਰ ਮੰਨ ਰਹੇ ਹਨ।
ਝੜਪਾਂ ਭੜਕਣ ਤੋਂ ਬਾਅਦ ਬੁੱਧ ਏਅਰਲਾਈਂਜ਼ ਨੇ ਆਪਣੀ ਕਾਠਮਾਂਡੂ–ਸਿਮਰਾ ਉਡਾਣ ਰੱਦ ਕਰ ਦਿੱਤੀ ਅਤੇ ਪ੍ਰਸ਼ਾਸਨ ਨੇ ਤੁਰੰਤ ਕਫ਼ਰਿਊ ਲਾਗੂ ਕਰ ਦਿੱਤਾ। ਦੂਜੇ ਪਾਸੇ, ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਦੋਸ਼ੀ ਯੂ.ਐਮ.ਐਲ. ਮੈਂਬਰਾਂ ਦੀ ਗ੍ਰਿਫਤਾਰੀ ਸੀ। ਪੁਲਸ ਨੇ ਸ਼ਿਕਾਇਤ ਵਿੱਚ ਨਾਮਜ਼ਦ 6 ਵਿੱਚੋਂ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚ ਯੂਐਮਐਲ ਦੇ ਦੋ ਵਾਰਡ ਪ੍ਰਧਾਨ ਵੀ ਸ਼ਾਮਲ ਹਨ।
ਰਾਜਨੀਤਿਕ ਪਿਛੋਕੜ
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਸੀ.ਪੀ.ਐਨ.-ਯੂ.ਐਮ.ਐਲ. ਪਾਰਟੀ ਨੇਪਾਲ ਦੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਇਸ ਹੇਠਲੇ ਸਦਨ ਨੂੰ 'ਜੇਨ ਜ਼ੈੱਡ' ਅੰਦੋਲਨ ਤੋਂ ਬਾਅਦ 12 ਸਤੰਬਰ ਨੂੰ ਭੰਗ ਕਰ ਦਿੱਤਾ ਗਿਆ ਸੀ। ਓਲੀ ਨੇ ਵੀ 'ਜੇਨ ਜ਼ੈੱਡ' ਦੇ ਪ੍ਰਦਰਸ਼ਨਾਂ ਦੇ ਬਾਅਦ 9 ਸਤੰਬਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
