ਰਿਹਾਇਸ਼ੀ ਬਿਲਡਿੰਗ ਨੂੰ ਲੱਗ ਗਈ ਅੱਗ, ਹੁਣ ਤਕ 44 ਮੌਤਾਂ, 279 ਲਾਪਤਾ
Thursday, Nov 27, 2025 - 12:16 PM (IST)
ਬੀਜਿੰਗ/ਹਾਂਗਕਾਂਗ (ਏਜੰਸੀ)- ਹਾਂਗਕਾਂਗ ਵਿੱਚ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਕੰਪਲੈਕਸ ਵਿੱਚ ਲੱਗੀ ਭਿਆਨਕ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ, ਜਦੋਂ ਕਿ 279 ਲੋਕ ਅਜੇ ਵੀ ਲਾਪਤਾ ਹਨ। ਹਾਂਗਕਾਂਗ ਪੁਲਸ ਫੋਰਸ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬੁੱਧਵਾਰ ਨੂੰ ਵਾਂਗ ਫੁਕ ਕੋਰਟ ਵਿੱਚ ਲੱਗੀ ਅੱਗ ਦੇ ਸਬੰਧ ਵਿੱਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦੇ ਮੁੱਖ ਕਾਰਜਕਾਰੀ ਜੌਨ ਲੀ ਨੇ ਕਿਹਾ ਕਿ ਇਹ ਹਾਂਗਕਾਂਗ ਦੇ ਇਤਿਹਾਸ ਵਿੱਚ ਉੱਚੀਆਂ ਇਮਾਰਤਾਂ ਵਿਚ ਲੱਗੀ ਅੱਗ ਦੀ ਸਭ ਤੋਂ ਵੱਡੀ ਘਟਨਾ ਹੈ, ਜਿਸ ਵਿੱਚ 279 ਲੋਕ ਅਜੇ ਵੀ ਲਾਪਤਾ ਹਨ। ਇਸ ਘਟਨਾ ਵਿੱਚ ਘੱਟੋ-ਘੱਟ 45 ਲੋਕ ਜ਼ਖਮੀ ਹੋਏ ਹਨ। ਘਟਨਾ ਸਥਾਨ ਤੋਂ ਸਾਹਮਣੇ ਆਈ ਵੀਡੀਓ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ਹਿਰ ਦੇ ਤਾਈ ਪੋ ਜ਼ਿਲ੍ਹੇ ਵਿੱਚ ਸਥਿਤ ਕੰਪਲੈਕਸ ਦੇ ਬਾਹਰੀ ਹਿੱਸੇ 'ਤੇ ਲਗਾਏ ਗਏ ਬਾਂਸਾਂ ਕਾਰਨ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲ ਗਈਆਂ, ਜਿਸ ਕਾਰਨ ਲੋਕਾਂ ਵਿਚ ਹਫੜਾ-ਦਫੜੀ ਮਚ ਗਈ ਅਤੇ ਹਰ ਪਾਸੇ ਲੋਕਾਂ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਸਨ।
ਇਹ ਵੀ ਪੜ੍ਹੋ: ਸੰਗੀਤ ਜਗਤ ਨੂੰ ਸਦਮਾ: ਮਸ਼ਹੂਰ ਗਾਇਕ ਦੇ ਪੁੱਤਰ ਨੇ ਛੱਡੀ ਦੁਨੀਆ

ਪੁਲਸ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਮਾਰਤਾਂ 'ਤੇ ਲਗਾਈਆਂ ਗਈਆਂ ਸੁਰੱਖਿਆਤਮਕ ਜਾਲੀਆਂ, ਵਾਟਰਪ੍ਰੂਫ਼ ਕੈਨਵਸ ਅਤੇ ਪਲਾਸਟਿਕ ਦੀਆਂ ਚਾਦਰਾਂ ਲੋੜੀਂਦੇ ਅੱਗ ਰੋਕਣ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕਦੀਆਂ। ਪੁਲਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਵਿਅਕਤੀ ਉਸ ਨਿਰਮਾਨ ਕੰਪਨੀ ਦੇ ਅਧਿਕਾਰੀ ਹਨ, ਜੋ ਇਨ੍ਹਾਂ ਸਮੱਗਰੀਆਂ ਨੂੰ ਇਮਾਰਤਾਂ ਦੇ ਨਵੀਨੀਕਰਨ ਦੌਰਾਨ ਲਗਾਉਣ ਲਈ ਜ਼ਿੰਮੇਵਾਰ ਹਨ। ਇਨ੍ਹਾਂ ਸ਼ੱਕੀਆਂ ਦੀ ਉਮਰ 52 ਤੋਂ 68 ਸਾਲ ਦੇ ਵਿਚਕਾਰ ਹੈ। ਇਨ੍ਹਾਂ ਵਿੱਚ 2 ਕੰਪਨੀ ਡਾਇਰੈਕਟਰ ਅਤੇ 1 ਪ੍ਰੋਜੈਕਟ ਸਲਾਹਕਾਰ ਸ਼ਾਮਲ ਹੈ, ਅਤੇ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਲਾਪਰਵਾਹੀ ਕਾਰਨ ਇਨਾਂ ਵੱਡਾ ਜਾਨੀ ਨੁਕਸਾਨ ਹੋਇਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਰਾਤ ਨੂੰ ਇਸ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ 'ਤੇ ਦੁੱਖ ਪ੍ਰਗਟ ਕੀਤਾ ਅਤੇ ਅਧਿਕਾਰੀਆਂ ਨੂੰ ਅੱਗ ਬੁਝਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ: ਕੈਨੇਡਾ ਕੈਫੇ ਫਾਇਰਿੰਗ ’ਤੇ ਕਪਿਲ ਸ਼ਰਮਾ ਨੇ ਤੋੜੀ ਚੁੱਪੀ; ਕਿਹਾ- ਜੇ ਰੱਬ ਮੇਰੇ ਨਾਲ ਹੈ ਤਾਂ...

