ਅਮਰੀਕਾ : ਜਹਾਜ਼ ਦੇ ਚਾਲਕ ਅਮਲੇ ਨਾਲ ਯਾਤਰੀ ਨੇ ਕੀਤਾ ਮਾੜਾ ਵਤੀਰਾ, ਹੋਇਆ ਹਜ਼ਾਰਾਂ ਡਾਲਰਾਂ ਦਾ ਜੁਰਮਾਨਾ
Tuesday, May 18, 2021 - 08:28 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਦਸੰਬਰ ਦੇ ਮਹੀਨੇ ’ਚ ਡੈਲਟਾ ਏਅਰਲਾਈਨ ਦੀ ਇੱਕ ਉਡਾਣ ’ਚ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲਾ ਇੱਕ ਮੁਸਾਫਿਰ ਇਸ ਸਾਲ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (ਐੱਫ. ਏ. ਏ.) ਵੱਲੋਂ ਸਭ ਤੋਂ ਵੱਧ 52,500 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰ ਰਿਹਾ ਹੈ। ਏਜੰਸੀ ਦੇ ਅਨੁਸਾਰ ਇਸ ਯਾਤਰੀ ਨੇ ਹੋਨੋਲੂਲੂ ਤੋਂ ਸਿਆਟਲ ਦੀ ਉਡਾਣ ’ਚ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਦੇ ਨਾਲ ਇੱਕ ਫਲਾਈਟ ਅਟੈਂਡੈਂਟ ਦੇ ਚਿਹਰੇ ’ਤੇ ਵੀ ਹਮਲਾ ਕੀਤਾ ਸੀ। ਫਲਾਈਟ ਅਟੈਂਡੈਂਟਸ ਅਤੇ ਫਲਾਈਟ ’ਚ ਮੌਜੂਦ ਇੱਕ ਹੋਰ ਯਾਤਰੀ ਨੇ ਇਸ ਮੁਸਾਫਿਰ ਨੂੰ ਪਲਾਸਟਿਕ ਦੀਆਂ ਹੱਥਕੜੀਆਂ ਲਗਾਈਆਂ ਪਰ ਉਸ ਨੇ ਆਪਣੇ ਆਪ ਨੂੰ ਆਜ਼ਾਦ ਕਰ ਕੇ ਦੂਜੀ ਵਾਰ ਫਿਰ ਫਲਾਈਟ ਅਟੈਂਡੈਂਟ ਨੂੰ ਮਾਰਿਆ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ(ਐੱਫ. ਏ. ਏ.) ਨੇ ਦੱਸਿਆ ਕਿ ਸਿਆਟਲ ’ਚ ਉਤਰਨ ਤੋਂ ਬਾਅਦ ਪੁਲਸ ਨੇ ਜਹਾਜ਼ ’ਚ ਜਾ ਕੇ ਇਸ ਯਾਤਰੀ ਨੂੰ ਹਿਰਾਸਤ ’ਚ ਲਿਆ।
ਅਮਰੀਕੀ ਕਾਨੂੰਨ ਜਹਾਜ਼ ਦੇ ਚਾਲਕ ਅਮਲੇ ’ਚ ਦਖਲਅੰਦਾਜ਼ੀ ਕਰਨ ਜਾਂ ਹਵਾਈ ਜਹਾਜ਼ ਦੇ ਅਮਲੇ ਜਾਂ ਕਿਸੇ ਹੋਰ ’ਤੇ ਸਰੀਰਕ ਤੌਰ ’ਤੇ ਹਮਲਾ ਕਰਨ ਜਾਂ ਧਮਕੀ ਦੇਣ ’ਤੇ ਪਾਬੰਦੀ ਲਗਾਉਂਦਾ ਹੈ। ਐੱਫ. ਏ. ਏ. ਦੇ ਅਨੁਸਾਰ 1 ਫਰਵਰੀ ਤੋਂ ਲੈ ਕੇ ਹੁਣ ਤੱਕ 1300 ਤੋਂ ਵੱਧ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਏਜੰਸੀ ਨੇ ਲੱਗਭਗ 20 ਮਾਮਲੇ ਲਾਗੂ ਕੀਤੇ ਹਨ। ਐੱਫ. ਏ. ਏ. ਦੇ ਚੀਫ਼ ਸਟੀਵ ਡਿਕਸਨ ਨੇ ਜਨਵਰੀ ’ਚ ਪਹਿਲਾਂ ਏਜੰਸੀ ਨੂੰ ਅਜਿਹੇ ਮਾਮਲਿਆਂ ’ਚ ‘ਜ਼ੀਰੋ-ਟੌਲਰੈਂਸ ਪਾਲਿਸੀ’ ਅਪਣਾਉਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਤਹਿਤ ਬਿਨਾਂ ਕਿਸੇ ਚਿਤਾਵਨੀ ਦੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਦੀ ਸਿਫਾਰਿਸ਼ ਕੀਤੀ ਸੀ। ਇਨ੍ਹਾਂ ਸਜ਼ਾਵਾਂ ’ਚ 35,000 ਡਾਲਰ ਤੱਕ ਦਾ ਜੁਰਮਾਨਾ ਅਤੇ ਕੈਦ ਵੀ ਸ਼ਾਮਿਲ ਹੈ।