ਡੌਂਕੀ ਰੂਟ ਰਾਹੀਂ ਅਮਰੀਕਾ ਜਾ ਰਹੇ ਪੰਜਾਬੀ ਮੁੰਡੇ ਦੀ ਮੌਤ, ਮਸਾਂ ਪੁੱਤ ਦੇ ਮੂੰਹ ਦੇਖ ਸਕੇਗਾ ਪਰਿਵਾਰ

Friday, Feb 13, 2026 - 06:04 PM (IST)

ਡੌਂਕੀ ਰੂਟ ਰਾਹੀਂ ਅਮਰੀਕਾ ਜਾ ਰਹੇ ਪੰਜਾਬੀ ਮੁੰਡੇ ਦੀ ਮੌਤ, ਮਸਾਂ ਪੁੱਤ ਦੇ ਮੂੰਹ ਦੇਖ ਸਕੇਗਾ ਪਰਿਵਾਰ

ਡੇਰਾਬੱਸੀ (ਅਨਿਲ) : ਇੱਥੋਂ ਦੇ ਪਿੰਡ ਸਮਗੌਲੀ ਤੋਂ ਡੌਂਕੀ ਲਗਾ ਕੇ ਅਮਰੀਕਾ ਜਾ ਰਹੇ 28 ਸਾਲਾ ਹਰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਸਤੰਬਰ ਮਹੀਨੇ ਵਿਚ ਮੈਕਸੀਕੋ ਵਿਖੇ ਮੌਤ ਹੋ ਗਈ ਸੀ। ਉਦੋਂ ਤੋਂ ਹੀ ਉਸਦੀ ਲਾਸ਼ ਮੈਕਸੀਕੋ ਵਿਚ ਪਈ ਹੋਈ ਸੀ, ਜੋ ਅੱਜ ਸ਼ੁੱਕਰਵਾਰ ਨੂੰ ਇੱਥੇ ਪਹੁੰਚ ਗਈ। ਪਰਿਵਾਰ ਨੂੰ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਲਿਆਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਦਾ ਦੋਸ਼ ਹੈ ਕਿ ਹਰਦੀਪ ਦੇ ਨੇਪਾਲ ਦੇ ਜਾਅਲੀ ਦਸਤਾਵੇਜ਼ ਬਣਵਾ ਕੇ ਉਸਨੂੰ ਮੈਕਸੀਕੋ ਭੇਜਿਆ ਗਿਆ ਸੀ। ਉੱਥੇ ਉਸਦੀ ਮੌਤ ਹੋਣ 'ਤੇ ਲਾਸ਼ ਭਾਰਤ ਵਾਪਸ ਲਿਆਉਣ ਵਿਚ ਭਾਰੀ ਪ੍ਰੇਸ਼ਾਨੀ ਆਈ। ਮ੍ਰਿਤਕ ਭਾਰਤ ਦਾ ਰਹਿਣ ਵਾਲ਼ਾ ਸੀ ਜਦਕਿ ਉਸਦੇ ਦਸਤਾਵੇਜ਼ ਨੇਪਾਲ ਦੇ ਬਣੇ ਹੋਣ ਕਰਕੇ ਇਹ ਦਿੱਕਤ ਆ ਰਹੀ ਸੀ, ਜਿਸ ਕਰਕੇ ਲਾਸ਼ ਨੂੰ ਆਉਣ ਵਿਚ ਇੰਨਾ ਸਮਾਂ ਲੱਗ ਗਿਆ। 

ਡੇਰਾਬੱਸੀ ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਨੇ ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ ਜਿਸ ਵਿਚ ਦੋ ਏਜੰਟਾਂ ਨੂੰ ਜਿੰਮੇਵਾਰ ਦੱਸਿਆ ਸੀ। ਪੁਲਸ ਨੇ ਇਸ ਮਾਮਲੇ ਵਿਚ ਦੋ ਜਾਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ, ਜਿੰਨਾਂ ਵਿਚੋਂ ਇਕ ਏਜੰਟ ਨੂੰ ਅੱਜ ਕਾਬੂ ਕਰ ਲਿਆ ਗਿਆ ਜਦਕਿ ਇਕ ਅਜੇ ਵੀ ਫ਼ਰਾਰ ਹੈ। 

ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਨੇਪਾਲ ਦੇ ਦਸਤਾਵੇਜ਼ ਹੋਣ ਕਰਕੇ ਲਾਸ਼ ਭਾਰਤ ਨਹੀਂ ਆ ਰਹੀ ਸੀ। ਇਸਦੇ ਚੱਲਦੇ ਦੂਤਾਵਾਸ ਨਾਲ ਤਾਲਮੇਲ ਕਰਕੇ ਪਹਿਲ਼ਾਂ ਭਾਰਤ ਤੋਂ ਉਸਦੇ ਫਿੰਗਰ ਪ੍ਰਿੰਟ ਭੇਜ ਕੇ ਵੈਰੀਫਾਈ ਕਰਵਾਏ ਗਏ। ਇਸ ਮਗਰੋਂ ਨੇਪਾਲ ਤੋਂ ਉਸਦੇ ਦਸਤਾਵੇਜ਼ ਦੀ ਜਾਂਚ ਕਰਵਾਈ ਗਈ ਜਿਥੋਂ ਪਤਾ ਲਗਾ ਕਿ ਉਹ ਨੇਪਾਲ ਦਾ ਵਸਨੀਕ ਨਹੀਂ ਸੀ। ਇਸ ਮਗਰੋਂ ਕਾਗਜ਼ੀ ਕਰਵਾਈ ਪੂਰੀ ਕਰਕੇ ਹਰਦੀਪ ਦੀ ਲਾਸ਼ ਭਾਰਤ ਲਿਆਉਣ ਦਾ ਰਾਹ ਸਾਫ਼ ਹੋਇਆ। 

ਦੱਸਣਯੋਗ ਹੈ ਕਿ ਪਿੰਡ ਸਮਗੋਲੀ ਦਾ ਹਰਦੀਪ ਸਿੰਘ ਕਰੀਬ 37 ਲੱਖ ਰੁਪਏ ਲਗਾ ਕੇ ਖ਼ਤਰਨਾਕ 'ਡੌਂਕੀ ਰੂਟ' ਰਾਹੀਂ ਅਮਰੀਕਾ ਜਾ ਰਿਹਾ ਸੀ, ਇਸ ਨੌਜਵਾਨ ਦੀ ਮੈਕਸੀਕੋ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਹਰਦੀਪ ਸਿੰਘ ਪਹਿਲਾਂ ਆਪਣੇ ਭਰਾ ਨਾਲ ਮਿਲ ਕੇ ਮੈਡੀਕਲ ਸਟੋਰ ਚਲਾਉਂਦਾ ਸੀ। ਮ੍ਰਿਤਕ ਦੇ ਭਰਾ ਮਲਕੀਤ ਸਿੰਘ ਮੁਤਾਬਕ ਉਸਦਾ ਭਰਾ ਹਰਦੀਪ ਸਿੰਘ ਜੁਲਾਈ 2024 ਵਿਚ ਪਿੰਡ ਸਮਗੋਲੀ ਤੋਂ ਅਮਰੀਕਾ ਲਈ ਗਿਆ ਸੀ। ਏਜੰਟਾਂ ਨੇ ਉਸ ਨੂੰ ਡੌਂਕੀ ਰੂਟ ਰਾਹੀ ਪਹਿਲਾਂ 33 ਲੱਖ ਰੁਪਏ ਲੈਕੇ ਅਮਰੀਕਾ ਲੈਕੇ ਜਾਣ ਦਾ ਵਾਅਦਾ ਕੀਤਾ ਸੀ। ਦੱਸਣਯੋਗ ਹੈ ਕਿ ਮੈਕਸੀਕੋ ਪਹੁੰਚਣ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਇਕ ਕਮਰੇ ਵਿੱਚ ਭੁੱਖਾ ਅਤੇ ਪਿਆਸਾ ਰੱਖਿਆ। ਏਜੰਟਾਂ ਨੇ ਉਸ ਦੇ ਮ੍ਰਿਤਕ ਭਰਾ ਹਰਦੀਪ ਸਿੰਘ ਨੂੰ ਕੋਈ ਪੈਸਾ ਨਹੀਂ ਭੇਜਿਆ, ਇਸ ਲਈ ਪਰਿਵਾਰ ਨੂੰ ਹੋਰ ਚਾਰ ਲੱਖ ਰੁਪਏ ਭੇਜਣੇ ਪਏ। ਉਹ ਇਕ ਸਾਲ ਤੱਕ ਮੈਕਸੀਕੋ ਵਿਚ ਫਸਿਆ ਰਿਹਾ, ਜਿੱਥੇ ਹਰਦੀਪ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਭਰਾ ਮਲਕੀਤ ਦੇ ਬਿਆਨ ਤੇ ਮੁਲਜ਼ਮ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਸੈਣੀ ਵਾਸੀ ਪਿੰਡ ਭਾਂਖਰਪੁਰ ਖ਼ਿਲਾਫ ਮਾਮਲਾ ਦਰਜ ਕੀਤਾ ਸੀ, ਜਿਨਾਂ ਵਿੱਚੋਂ ਨਿਤਿਨ ਸੈਣੀ ਨੂੰ ਅੱਜ ਪੁਲਸ ਨੇ ਕਾਬੂ ਕਰ ਲਿਆ ਹੈ। 


author

Gurminder Singh

Content Editor

Related News