ਚੰਡੀਗੜ੍ਹ ਹਵਾਈ ਅੱਡੇ ’ਤੇ ਜਹਾਜ਼ ਪਾਰਕਿੰਗ ਹੁਣ ਡਿਜੀਟਲ ਤਰੀਕੇ ਨਾਲ

Sunday, Feb 08, 2026 - 01:27 PM (IST)

ਚੰਡੀਗੜ੍ਹ ਹਵਾਈ ਅੱਡੇ ’ਤੇ ਜਹਾਜ਼ ਪਾਰਕਿੰਗ ਹੁਣ ਡਿਜੀਟਲ ਤਰੀਕੇ ਨਾਲ

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਚੰਡੀਗੜ੍ਹ ’ਤੇ ਹੁਣ ਜਹਾਜ਼ਾਂ ਨੂੰ ਰਨਵੇਅ ਤੋਂ ਪਾਰਕਿੰਗ ਸਟੈਂਡ ਤੱਕ ਲਿਜਾਣ ਲਈ ਮਾਰਸ਼ਲਰ ਦੀ ਲੋੜ ਨਹੀਂ ਪਵੇਗੀ। ਹਵਾਈ ਅੱਡਾ ਪ੍ਰਬੰਧਨ ਨੇ ਸਵਦੇਸ਼ੀ ਤੌਰ ’ਤੇ ਵਿਕਸਿਤ ਸਮਾਰਟ ਵਿਜ਼ੂਅਲ ਡੌਕਿੰਗ ਮਾਰਗਦਰਸ਼ਨ ਪ੍ਰਣਾਲੀ (ਵੀ. ਡੀ. ਜੀ. ਐੱਸ.) ਇੰਸਟਾਲ ਕਰ ਦਿੱਤੀ ਹੈ, ਜਿਸ ਨਾਲ ਜਹਾਜ਼ ਡਿਜੀਟਲ ਸੰਕੇਤਾਂ ਦੀ ਮਦਦ ਨਾਲ ਨਿਰਧਾਰਤ ਸਟੈਂਡ ਤੇ ਏਅਰੋਬ੍ਰਿਜ ਤੱਕ ਪਹੁੰਚਣਗੇ। ਹੁਣ ਤੱਕ ਜਹਾਜ਼ਾਂ ਦੀ ਪਾਰਕਿੰਗ ਮੈਨੂਅਲ ਤਰੀਕੇ ਨਾਲ ਕਰਵਾਈ ਜਾਂਦੀ ਸੀ। ਅਪ੍ਰੇਨ ਖੇਤਰ ’ਚ ਇਕੱਠੇ 17 ਜਹਾਜ਼ ਪਾਰਕ ਕਰਨ ਦੀ ਸਮਰੱਥਾ ਹੈ, ਜਿਨ੍ਹਾਂ ’ਚੋਂ 15 ਪਾਰਕਿੰਗ ਸਟੈਂਡਾਂ ’ਤੇ ਇਹ ਨਵੀਂ ਪ੍ਰਣਾਲੀ ਲਾਈ ਜਾ ਚੁੱਕੀ ਹੈ। ਇਹ ਸਹੂਲਤ 15 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ, ਜਦੋਂ ਕਿ ਬਾਕੀ ਦੋ ਸਟੈਂਡਾਂ ’ਤੇ ਵੀ ਜਲਦੀ ਹੀ ਪ੍ਰਣਾਲੀ ਲਾਈ ਜਾਵੇਗੀ। ਇਕ ਯੰਤਰ ਇੰਸਟਾਲ ਕਰਨ ’ਤੇ ਕਰੀਬ 20 ਲੱਖ ਰੁਪਏ ਖ਼ਰਚ ਆਇਆ ਹੈ। ਅਧਿਕਾਰੀਆਂ ਮੁਤਾਬਿਕ ਪਹਿਲਾਂ ਵਿਦੇਸ਼ ਤੋਂ ਮੰਗਵਾਉਣ ’ਤੇ ਪ੍ਰਤੀ ਯੰਤਰ ਲਗਭਗ 50 ਲੱਖ ਰੁਪਏ ਲਾਗਤ ਆਉਂਦੀ ਸੀ।
ਖ਼ਰਾਬ ਮੌਸਮ ’ਚ ਵੀ ਸੁਰੱਖਿਅਤ ਪਾਰਕਿੰਗ
ਨਵੀਂ ਪ੍ਰਣਾਲੀ ਨਾਲ ਸੰਘਣੀ ਧੁੰਦ, ਤੇਜ਼ ਬਾਰਸ਼ ਜਾਂ ਸੀਮਿਤ ਦ੍ਰਿਸ਼ਤਾ ਦੌਰਾਨ ਵੀ ਜਹਾਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਪਾਰਕ ਕੀਤਾ ਜਾ ਸਕੇਗਾ। ਇਹ ਤਕਨੀਕ ਪਾਇਲਟ ਨੂੰ ਸਪਸ਼ਟ ਦ੍ਰਿਸ਼ ਸੰਕੇਤ ਪ੍ਰਦਾਨ ਕਰਦੀ ਹੈ, ਜਿਸ ਨਾਲ ਜ਼ੋਖਮ ਘੱਟ ਹੁੰਦਾ ਹੈ ਅਤੇ ਸੰਚਾਲਨ ਹੋਰ ਸੁਚਾਰੂ ਬਣਦਾ ਹੈ। ਏਅਰਲਾਇਨਜ਼ ਕੰਪਨੀਆਂ ਨੂੰ ਬਿਹਤਰ ਸੰਚਾਲਨ ਸਹੂਲਤ ਮਿਲੇਗੀ ਤੇ ਆਉਣ ਵਾਲੇ ਸਮੇਂ ’ਚ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਉਡਾਣਾਂ ਮੁਤਾਬਕ ਹੋਰ ਜ਼ਿਆਦਾ ਸਮਰੱਥ ਬਣਾਉਣ ’ਚ ਮਦਦ ਮਿਲੇਗੀ। ਸਵਦੇਸ਼ੀ ਸਮਾਰਟ ਡੌਕਿੰਗ ਤਕਨੀਕ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਲਾਗੂ ਕੀਤਾ ਗਿਆ ਹੈ। ਇਹ 15 ਥਾਵਾਂ ’ਤੇ ਲੱਗ ਚੁੱਕੀ ਹੈ ਅਤੇ ਦੋ ਹੋਰ ਥਾਵਾਂ ’ਤੇ ਇਸ ਨੂੰ ਜਲਦੀ ਹੀ ਇੰਸਟਾਲ ਕੀਤਾ ਜਾਏਗਾ।


author

Babita

Content Editor

Related News