ਯੂਕੇ: ਬਾਡੀ ਬਿਲਡਿੰਗ ਮੁਕਾਬਲਿਆਂ ''ਚ ਇਟਲੀ ਦੇ ਨੌਜਵਾਨ ਸੰਦੀਪ ਕੁਮਾਰ ਭੂਤਾਂ ਨੇ ਦਿਖਾਏ ਜੌਹਰ
Friday, Aug 12, 2022 - 02:00 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕਹਿੰਦੇ ਹਨ ਕਿ ਹਿੰਮਤ ਤੇ ਹੌਂਸਲਾ ਪਰਬਤਾਂ ਨੂੰ ਵੀ ਮੈਦਾਨ ਕਰ ਦਿੰਦੇ ਹਨ। ਲਗਭਗ ਇੱਕ ਦਹਾਕਾ ਪਹਿਲਾਂ ਸੁਨਹਿਰੇ ਭਵਿੱਖ ਲਈ ਇਟਲੀ ਆਇਆ ਨੌਜਵਾਨ ਸੰਦੀਪ ਕੁਮਾਰ ਭੂਤਾਂ ਦੇ ਜਜ਼ਬੇ ਨੇ ਅਜਿਹਾ ਜ਼ੋਰ ਦਿਖਾਇਆ ਕਿ ਉਹ 2021 ਵਿੱਚ ਸਲੋਵੇਨੀਆ ਵਿਖੇ ਹੋਈ 'ਵਿਸ਼ਵ ਬਾਡੀ ਬਿਲਡਿੰਗ ਚੈਂਪੀਅਨਸ਼ਿਪ' ਵਿੱਚ ਆਪਣੀ ਝੋਲੀ ਸੋਨੇ ਦਾ ਮੈਡਲ ਪੁਆ ਕੇ ਮੁੜਿਆ। ਬੀਤੇ ਦਿਨੀਂ ਯੂਕੇ ਦੀ ਧਰਤੀ 'ਤੇ ਹੋਏ ਆਈ ਐੱਫ ਬੀ ਬੀ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਵੀ ਸੰਦੀਪ ਕੁਮਾਰ ਵੱਲੋਂ ਹਾਜਰੀ ਲਗਵਾਈ ਗਈ।
ਵੱਖ ਵੱਖ ਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਪਹੁੰਚੇ ਸੈਂਕੜੇ ਪ੍ਰਤੀਯੋਗੀਆਂ ਵਿੱਚੋਂ ਨਿੱਤਰ ਕੇ ਕਦਮ ਦਰ ਕਦਮ ਅੱਗੇ ਵਧ ਕੇ ਸੰਦੀਪ ਕੁਮਾਰ ਵੱਲੋਂ ਬੇਹੱਦ ਸਖਤ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕੀਤਾ। ਇਸ ਜਿੱਤ ਨਾਲ ਸੰਦੀਪ ਕੁਮਾਰ ਨੇ ਅਕਤੂਬਰ ਮਹੀਨੇ ਮੁੰਬਈ ਵਿਖੇ ਹੋਣ ਜਾ ਰਹੇ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਜੀਅ ਜਾਨ ਲਾ ਕੇ ਦਿਨ ਰਾਤ ਮਿਹਨਤ ਕਰ ਰਹੇ ਸੰਦੀਪ ਕੁਮਾਰ ਭੂਤਾਂ 'ਤੇ ਸਮੁੱਚਾ ਭਾਈਚਾਰਾ ਮਾਣ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਚਾਨਕ ਲੋਕਾਂ ਦੇ ਸਿਰ ਉੱਪਰੋਂ ਲੰਘਿਆ 'ਜਹਾਜ਼', ਕਿਸੇ ਨੂੰ ਆਇਆ ਮਜ਼ਾ ਤੇ ਕਿਸੇ ਦੇ ਛੁੱਟੇ ਪਸੀਨੇ! (ਵੀਡੀਓ)
ਮੇਡਨਹੈੱਡ ਵਿਖੇ ਹੋਏ ਇਹਨਾਂ ਮੁਕਾਬਲਿਆਂ 'ਚ ਆਪਣੀ ਕਲਾ ਤੇ ਗੁੰਦਵੇਂ ਸਰੀਰ ਦਾ ਪ੍ਰਦਰਸ਼ਨ ਕਰਨ ਉਪਰੰਤ ਮਿਲੇ ਸਨਮਾਨ ਦੀ ਖੁਸ਼ੀ ਜਾਹਿਰ ਕਰਦਿਆਂ ਸੰਦੀਪ ਕੁਮਾਰ ਨੇ ਕਿਹਾ ਕਿ ਸੱਚੇ ਦਿਲੋਂ ਕੀਤੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ। ਇਸੇ ਤਰ੍ਹਾਂ ਦੀ ਲਗਨ ਨਾਲ ਪ੍ਰਾਪਤ ਕੀਤੀ ਮੰਜ਼ਿਲ ਹੋਰਨਾਂ ਲਈ ਵੀ ਸਬਕ ਬਣ ਜਾਂਦੀ ਹੈ। ਉਹਨਾਂ ਕਿਹਾ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਆਪਣੇ ਸਰੀਰਾਂ ਨੂੰ ਸਾਂਭਣ, ਨਸ਼ਿਆਂ ਤੋਂ ਦੂਰ ਰਹਿਣ ਤੇ ਦੂਜਿਆਂ ਨਾਲੋਂ ਵੱਖਰੀਆਂ ਲੀਹਾਂ ਪਾਉਣ ਦਾ ਟੀਚਾ ਮਿਥ ਕੇ ਅੱਗੇ ਵਧਣ।