ਟਰੂਡੋ ਨੇ ਟਰੰਪ ਨੂੰ ਫੋਨ ਕਰਕੇ ਟੈਰਿਫ ''ਚ ਸਖਤੀ ''ਤੇ ਜਤਾਈ ਚਿੰਤਾ
Tuesday, Mar 06, 2018 - 10:37 PM (IST)

ਓਟਾਵਾ/ਵਾਸ਼ਿੰਗਟਨ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਸ਼ਾਮ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਸਟੀਲ ਤੇ ਐਲੂਮੀਨੀਅਨ ਦੀ ਦਰਾਮਤ 'ਤੇ ਸਖਤ ਟੈਰਿਫ ਲਾਏ ਜਾਣ ਬਾਰੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਅਮਰੀਕਾ ਇਹ ਖੁਲਾਸਾ ਕਰ ਚੁੱਕਿਆ ਹੈ ਕਿ ਟੈਰਿਫਜ਼ ਵਾਲੀ ਧਮਕੀ ਨੂੰ ਉਹ ਨਾਫਟਾ ਡੀਲ 'ਤੇ ਤੇਜ਼ੀ ਨਾਲ ਅਮਰੀਕਾ ਪੱਖੀ ਫੈਸਲਾ ਕਰਵਾਉਣ ਲਈ ਵਰਤ ਸਕਦਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਨੂੰ ਸ਼ਾਮ ਵੇਲੇ ਫੋਨ ਕੀਤਾ। ਸੂਤਰਾਂ ਨੇ ਇਸ ਗੱਲਬਾਤ ਨੂੰ ਕਾਫੀ ਸਾਰਥਕ ਦੱਸਿਆ। ਇਹ ਵੀ ਆਖਿਆ ਗਿਆ ਕਿ ਟਰੂਡੋ ਨੇ ਟਰੰਪ ਨੂੰ ਆਖਿਆ ਕਿ ਉਹ ਵੀ ਨਾਫਟਾ ਸਮਝੌਤਾ ਜਲਦ ਹੀ ਸਿਰੇ ਲਾਉਣਾ ਚਾਹੁੰਦੇ ਹਨ। ਪਰ ਟਰੂਡੋ ਨੇ ਆਖਿਆ ਕਿ ਟੈਰਿਫ ਵਾਲੀ ਧਮਕੀ ਗੈਰਵਾਜਬ ਹੈ। ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਨੇ ਇੱਕ ਹਫਤੇ ਦੇ ਅੰਦਰ ਇਹ ਟੈਰਿਫ ਲਾਉਣਾ ਚਾਹੁੰਦੇ ਹਨ। ਕਾਂਗਰੈਸ਼ਨਲ ਚੋਣਾਂ ਨੂੰ ਵੇਖਦਿਆਂ ਹੋਇਆਂ ਟਰੰਪ ਨੂੰ ਸਟੀਲ ਦਾ ਉਤਪਾਦਨ ਕਰਨ ਵਾਲੇ ਪੈਨਸਿਲਵੇਨੀਆ 'ਚ ਰਿਪਬਲਿਕਨਾਂ ਦੇ ਹਾਰਨ ਦਾ ਧੁੜਕੂ ਲੱਗਿਆ ਹੋਇਆ ਹੈ।
ਕੈਨੇਡਾ ਵਲੋਂ ਟਰੂਡੋ ਤੇ ਟਰੰਪ ਵਿਚਾਲੇ ਫੋਨ 'ਤੇ ਹੋਈ ਗੱਲਬਾਤ ਬਾਰੇ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਵਲੋਂ ਅਮਰੀਕੀ ਪ੍ਰਸ਼ਾਸਨ ਵਲੋਂ ਪ੍ਰਸਤਾਵਿਤ ਟੈਰਿਫਜ਼ 'ਤੇ ਚਿੰਤਾ ਪ੍ਰਗਟਾਈ ਗਈ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਹ ਟੈਰਿਫਜ਼ ਲਾਏ ਜਾਣ ਨਾਲ ਨਾਫਟਾ ਸਬੰਧੀ ਕਿਸੇ ਡੀਲ 'ਤੇ ਪਹੁੰਚਣ 'ਚ ਕੋਈ ਮਦਦ ਨਹੀਂ ਮਿਲੇਗੀ।ਇਸ ਤੋਂ ਪਹਿਲਾਂ ਟਰੰਪ ਨੇ ਸੋਮਵਾਰ ਨੂੰ ਓਵਲ ਆਫਿਸ 'ਚ ਕਿਹਾ ਕਿ ਅਸੀਂ ਆਪਣਾ ਫੈਸਲਾ ਵਾਪਿਸ ਨਹੀਂ ਲੈਣ ਵਾਲੇ। ਉਨ੍ਹਾਂ ਕਿਹਾ ਕਿ ਇਸ ਵੇਲੇ ਟੈਰਿਫਜ਼ ਲਾਏ ਜਾਣ ਦੇ ਫੈਸਲੇ ਦੀ 100 ਫੀ ਸਦੀ ਗੁੰਜਾਇਸ਼ ਹੈ।