ਪੰਜਾਬ ਦੇ ਡੈਮਾਂ ਨੂੰ ਲੈ ਕੇ ਚਿੰਤਾ ਭਰੀ ਖ਼ਬਰ! ਪਾਣੀ ਦੀ ਸਟੋਰੇਜ ਬਾਰੇ ਹੈਰਾਨ ਕਰਦਾ ਖ਼ੁਲਾਸਾ
Friday, Dec 05, 2025 - 11:36 AM (IST)
ਚੰਡੀਗੜ੍ਹ : ਪੰਜਾਬ ਦੇ ਡੈਮਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਡੈਮਾਂ 'ਚ ਗਾਰ ਜੰਮਣ ਕਾਰਨ ਪੰਜਾਬ ਸਣੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਜਲ ਭੰਡਾਰਾਂ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ ਘੱਟ ਗਈ ਹੈ। ਇਸ ਦੇ ਕਾਰਨ 24 ਡੈਮਾਂ ਦੀ 4,183.6 ਮਿਲੀਅਨ ਘਣ ਮੀਟਰ ਸਮਰੱਥਾ ਘਟੀ ਹੈ, ਜੋ ਕਿ ਇਨ੍ਹਾਂ ਜਲ ਭੰਡਾਰਾਂ ਦੀ ਸਮਰੱਥਾ ਦਾ ਕਰੀਬ ਪੰਜਵਾਂ ਹਿੱਸਾ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਇਸ ਸਾਲ ਪੰਜਾਬ 'ਚ ਹੜ੍ਹਾਂ ਦਾ ਕਾਰਨ ਬਹੁਤ ਜ਼ਿਆਦਾ ਮੀਂਹ ਤੋਂ ਇਲਾਵਾ, ਗਾਰ ਨਾਲ ਭਰੇ ਡੈਮਾਂ ਨੂੰ ਠਹਿਰਾਇਆ ਗਿਆ ਸੀ ਕਿਉਂਕਿ ਇਹ ਡੈਮ ਗਾਰ ਭਰੀ ਹੋਣ ਕਾਰਨ ਆਪਣੀ ਸਮਰੱਥਾ ਮੁਤਾਬਕ ਪਾਣੀ ਨੂੰ ਸਟੋਰ ਨਹੀਂ ਕਰ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਕੈਪਸੂਲਾਂ ਨੂੰ ਵੇਚਣ 'ਤੇ ਪੂਰਨ ਪਾਬੰਦੀ! ਕੈਮਿਸਟਾਂ ਨੂੰ ਜਾਰੀ ਹੋਏ ਸਖ਼ਤ ਹੁਕਮ
ਸੂਬੇ 'ਚ ਆਏ ਹੜ੍ਹਾਂ ਕਾਰਨ 40 ਲੋਕਾਂ ਦੀ ਜਾਨ ਚਲੀ ਗਈ ਸੀ, ਜਦੋਂ ਕਿ 1.9 ਲੱਖ ਹੈਕਟੇਅਰ ਫ਼ਸਲਾਂ ਦੇ ਰਕਬੇ ਨੂੰ ਨੁਕਸਾਨ ਪੁੱਜਿਆ ਸੀ। ਇਹ ਅੰਕੜੇ ਚੰਡੀਗੜ੍ਹ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਇਕ ਸਵਾਲ ਦੇ ਜਵਾਬ 'ਚ ਪੇਸ਼ ਕੀਤੇ ਗਏ। ਦੱਸਿਆ ਗਿਆ ਕਿ ਪੰਜਾਬ ਦੇ 14 ਜਲ ਭੰਡਾਰਾਂ 'ਚ ਗਾਰ ਕਾਰਨ ਕੁੱਲ ਮਿਲਾ ਕੇ 222.3 ਐੱਮ. ਸੀ. ਐੱਮ. (ਮਿਲੀਅਨ ਕਿਊਬਿਕ ਮੀਟਰ) ਪਾਣੀ ਘੱਟ ਗਿਆ। ਹਿਮਾਚਲ ਪ੍ਰਦੇਸ਼ 'ਚ ਗਾਰ ਕਾਰਨ ਜਲ ਭੰਡਾਰਾਂ ਦੀ ਕੁੱਲ ਸਮਰੱਥਾ 18,882.974 ਐੱਮ. ਸੀ. ਐੱਮ. ਦਾ 3,960.37 ਐੱਮ. ਸੀ. ਐੱਮ. ਪਾਣੀ ਘੱਟ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਜਾਰੀ ਹੋਏ ਵੱਡੇ ਹੁਕਮ, ਜ਼ਿਲ੍ਹਾ ਮੈਜਿਸਟ੍ਰੇਟ ਨੇ ਲਾਈਆਂ ਸਖ਼ਤ ਪਾਬੰਦੀਆਂ
ਇਕੱਲੇ ਭਾਖੜਾ ਡੈਮ ਜਲ ਭੰਡਾਰ 'ਚ 2,568 ਐੱਮ. ਸੀ. ਐੱਮ. ਪਾਣੀ ਘਟਿਆ, ਜਦੋਂ ਕਿ ਬਿਆਸ ਦਰਿਆ 'ਚ 1190 ਐੱਮ. ਸੀ. ਐੱਮ. ਪਾਣੀ ਦੀ ਕਮੀ ਆਈ। ਹਰਿਆਣਾ ਦੇ ਇਕੋ ਇੱਕ ਜਲ ਭੰਡਾਰ ਕੌਸ਼ੱਲਿਆ ਬੰਨ੍ਹ 'ਚ ਕੁੱਲ ਸਮਰੱਥਾ 13.68 ਐੱਮ. ਸੀ. ਐੱਮ. ਤੋਂ 1.26 ਐੱਮ. ਸੀ. ਐੱਮ. ਪਾਣੀ ਘਟਿਆ ਹੈ। ਕੇਂਦਰੀ ਜਲ ਸ਼ਕਤੀ ਮੰਤਰਾਲੇ ਦਾ ਕਹਿਣਾ ਹੈ ਕਿ ਪਾਣੀ ਇਕ ਸੂਬੇ ਦਾ ਵਿਸ਼ਾ ਹੈ ਅਤੇ ਡੈਮਾਂ ਦੀ ਸੁਰੱਖਿਆ ਮੁੱਖ ਤੌਰ 'ਤੇ ਸੂਬਾ ਸਰਕਾਰਾਂ ਅਤੇ ਜਨਤਕ ਖੇਤਰ ਦੀਆਂ ਇਕਾਈਆਂ 'ਤੇ ਨਿਰਭਰ ਕਰਦੀ ਹੈ। ਕੇਂਦਰੀ ਜਲ ਕਮਿਸ਼ਨ 166 ਪ੍ਰਮੁੱਖ ਜਲ ਭੰਡਾਰਾਂ 'ਚ ਲਾਈਵ ਸਟੋਰੇਜ ਦੀ ਨਿਗਰਾਨੀ ਕਰਦਾ ਹੈ, ਜਿਨ੍ਹਾਂ 'ਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
