ਥਾਣਾ ਸਦਰ ਪੁਲਸ ਬੁਢਲਾਡਾ ਨੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਕੀਤੀ ਚੈਕਿੰਗ
Friday, Dec 12, 2025 - 10:37 PM (IST)
ਬੁਢਲਾਡਾ (ਮਨਜੀਤ) - ਪੰਜਾਬ ਦੇ ਚੋਣ ਕਮਿਸ਼ਨ ਦੀਆਂ ਸਖਤ ਹਦਾਇਤਾਂ ਤੇ ਐਸ.ਐਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਨੇ ਜ਼ਿਲ੍ਹੇ ਭਰ ਵਿੱਚ ਫਲੈਗ ਮਾਰਚ ਕਰਕੇ ਅਤੇ ਬਾਹਰੋਂ ਆਉਣ-ਜਾਣ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕਰਕੇ ਸਖ਼ਤਾਈ ਵਧਾ ਦਿੱਤੀ ਹੈ। ਇਸ ਨੂੰ ਲੈ ਕੇ ਥਾਣਾ ਸਦਰ ਬੁਢਲਾਡਾ ਦੇ ਮੁਖੀ ਕੌਰ ਸਿੰਘ ਨੇ ਬਿਆਸ ਘਰ ਨੇੜੇ ਦੇਰ ਸ਼ਾਮ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ।
ਥਾਣਾ ਸਦਰ ਦੇ ਮੁਖੀ ਕੌਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਦੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਨਾਕਾਬੰਦੀ ਲਗਾਤਾਰ ਜਾਰੀ ਰਹੇਗੀ। ਉਹਨਾਂ ਕਿਹਾ ਕਿ ਇਹ ਨਾਕਾਬੰਦੀ ਮਾੜੇ ਅਨਸਰਾਂ ਖਿਲਾਫ ਕੀਤੀ ਗਈ ਹੈ ਤਾਂ ਜੋ ਚੋਣਾਂ ਵਿੱਚ ਗੜਬੜੀ ਨਾ ਕਰ ਸਕਣ। ਉਹਨਾਂ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਲਈ ਅਜਿਹੀਆਂ ਚੈਕਿੰਗਾਂ ਤੇ ਨਾਕਾਬੰਦੀਆਂ ਜਾਰੀ ਰਹਿਣਗੀਆਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਮਾੜਾ ਅਨਸਰ ਉਹਨਾਂ ਦੇ ਇਲਾਕੇ ਵਿੱਚ ਰਹਿੰਦਾ ਹੈ ਤਾਂ ਇਸ ਸਬੰਧੀ ਉਹਨਾਂ ਨੂੰ ਖੁਫੀਆ ਇਤਲਾਹ ਦੇ ਸਕਦਾ ਹੈ।
