ਪਤਨੀ ਦੇ ਕਤਲ ਮਾਮਲੇ ’ਚ ਪ੍ਰੋਫੈਸਰ ਨੂੰ ਅਦਾਲਤ ਨੇ ਭੇਜਿਆ 2 ਦਿਨ ਦੇ ਰਿਮਾਂਡ ’ਤੇ
Friday, Dec 12, 2025 - 01:15 PM (IST)
ਚੰਡੀਗੜ੍ਹ (ਸੁਸ਼ੀਲ) : ਪਤਨੀ ਦੇ ਕਤਲ ਮਾਮਲੇ ’ਚ ਗ੍ਰਿਫ਼ਤਾਰ ਪੰਜਾਬ ਯੂਨੀਵਰਸਿਟੀ ਦਾ ਪ੍ਰੋਫੈਸਰ ਬੀ. ਬੀ. ਗੋਇਲ ਰਿਮਾਂਡ ਦੌਰਾਨ ਕੋਈ ਵੀ ਜਵਾਬ ਨਹੀਂ ਦੇ ਰਿਹਾ ਹੈ। ਤਿੰਨ ਦਿਨਾਂ ਦਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਪ੍ਰੋਫੈਸਰ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਪੁਲਸ ਨੇ ਅਦਾਲਤ ਨੂੰ ਕਿਹਾ ਕਿ ਪ੍ਰੋਫੈਸਰ ਪੁੱਛਗਿਛ ’ਚ ਸਹਿਯੋਗ ਨਹੀਂ ਕਰ ਰਿਹਾ ਹੈ। ਇਸ ਲਈ ਪੁਲਸ ਨੇ ਮੁਲਜ਼ਮ ਪ੍ਰੋਫੈਸਰ ਦਾ ਚਾਰ ਦਿਨਾਂ ਦਾ ਪੁਲਸ ਰਿਮਾਂਡ ਮੰਗਿਆ। ਪੁਲਸ ਨੇ ਅਦਾਲਤ ਨੂੰ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਗੋਇਲ ਦਾ ਮੋਬਾਇਲ ਫੋਨ ਰਿਕਵਰ ਕਰਨਾ ਹੈ ਅਤੇ ਉਸ ਦੀ ਧੀ ਨਾਲ ਆਹਮੋ-ਸਾਹਮਣੇ ਪੁੱਛਗਿੱਛ ਕਰਨੀ ਹੈ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਪੁਲਸ ਨੇ ਪਿਛਲੇ ਤਿੰਨ ਦਿਨਾਂ ’ਚ ਸਿਰਫ਼ ਕੁੱਝ ਮਿੰਟ ਹੀ ਸਵਾਲ-ਜਵਾਬ ਕੀਤੇ ਹਨ। ਉਨ੍ਹਾਂ ਨੂੰ ਸਿਰਫ਼ ਥਾਣੇ ’ਚ ਬਿਠਾ ਕੇ ਰੱਖਿਆ ਗਿਆ ਅਤੇ ਕਿਤੇ ਵੀ ਨਹੀਂ ਲਿਜਾਇਆ ਗਿਆ। ਇਸ ਲਈ ਹੋਰ ਰਿਮਾਂਡ ਦੀ ਕੀ ਲੋੜ ਹੋ ਸਕਦੀ ਹੈ। ਇਸ ਲਈ ਬਚਾਅ ਪੱਖ ਨੇ ਰਿਮਾਂਡ ਦੀ ਅਰਜ਼ੀ ਨੂੰ ਖਾਰਜ ਕਰਨ ਦੀ ਮੰਗ ਕੀਤੀ। ਹਾਲਾਂਕਿ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦਿੱਤਾ।
ਅਦਾਲਤ ’ਚ ਕਿਹਾ... ਪੁਲਸ ਨੇ ਮੈਨੂੰ ਭੁੱਖਾ ਰੱਖਿਆ
ਪ੍ਰੋਫੈਸਰ ਬੀ. ਬੀ. ਗੋਇਲ ਨੇ ਅਦਾਲਤ ’ਚ ਜੱਜ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ। ਗੋਇਲ ਨੇ ਕਿਹਾ ਕਿ ਪੁਲਸ ਨੇ ਪਿਛਲੇ 28 ਘੰਟਿਆਂ ’ਚ ਉਸ ਨੂੰ ਖਾਣ ਲਈ ਕੁੱਝ ਨਹੀਂ ਦਿੱਤਾ। ਉਸ ਨੂੰ ਸਾਰਾ ਦਿਨ ਭੁੱਖਾ ਰੱਖਿਆ ਗਿਆ ਤੇ ਉਸ ਨੂੰ ਦਿਨ ’ਚ ਸਿਰਫ਼ ਇਕ ਵਾਰ ਚਾਹ ਦਿੱਤੀ ਗਈ। ਇਸ ’ਤੇ ਜੱਜ ਨੇ ਪੁਲਸ ਦੇ ਜਾਂਚ ਅਧਿਕਾਰੀ ਨੂੰ ਕਿਹਾ ਕਿ ਇਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇ ਤੇ ਅੱਗੇ ਤੋਂ ਸ਼ਿਕਾਇਤ ਨਾ ਆਵੇ।
ਗੋਇਲ ਨੇ ਮੰਗੀਆਂ ਜੁਰਾਬਾਂ
ਗੋਇਲ ਨੇ ਅਦਾਲਤ ’ਚ ਕਿਹਾ ਕਿ ਪੁਲਸ ਉਸ ਨੂੰ ਜੁਰਾਬਾਂ ਪਾਉਣ ਨਹੀਂ ਦੇ ਰਹੀ। ਠੰਡ ਕਾਰਨ ਉਸ ਦੇ ਪੈਰ ਆਕੜ ਗਏ ਹਨ। ਜਿਹੜਾ ਕੰਬਲ ਦਿੱਤਾ ਗਿਆ ਹੈ, ਉਹ ਵੀ ਸ਼ਾਲ ਜਿੰਨਾ ਪਤਲਾ ਹੈ। ਇਸ ’ਤੇ ਜੱਜ ਨੇ ਕਿਹਾ ਕਿ ਮੈਂ ਖਾਣੇ ਦਾ ਆਰਡਰ ਦੇ ਸਕਦਾ ਹਾਂ, ਪਰ ਇਹ ਤਾਂ ਮੈਨੂਅਲ ਦੇ ਹਿਸਾਬ ਨਾਲ ਜੋ ਹੋਵੇਗਾ, ਉਹੀ ਦਿੱਤਾ ਜਾਵੇਗਾ।
