ਫਗਵਾੜਾ ਦੇ ਮੁਹੱਲਾ ਕੌੜਿਆਂ ''ਚ ਰਾਤ ਨੂੰ ਪਈਆਂ ਭਾਜੜਾਂ, ਘਰ ''ਚ ਲੱਗੀ ਅੱਗ ਕਾਰਨ ਲੱਖਾਂ ਦਾ ਸਾਮਾਨ ਹੋਇਆ ਸੁਆਹ
Wednesday, Dec 10, 2025 - 03:19 AM (IST)
ਫਗਵਾੜਾ (ਜਲੋਟਾ) : ਫਗਵਾੜਾ ਦੇ ਸੰਘਣੀ ਵਸੋਂ ਵਾਲੇ ਮੁਹੱਲਾ ਕੌੜਿਆਂ 'ਚ ਅੱਜ ਰਾਤ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇਲਾਕੇ 'ਚ ਮੌਜੂਦ ਇੱਕ ਘਰ 'ਚ ਅਚਾਨਕ ਅੱਗ ਲੱਗ ਗਈ। ਵਾਪਰੇ ਅਗਨੀਕਾਂਡ ਦੌਰਾਨ ਘਰ 'ਚ ਪਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਘਰ ਦੇ ਮਾਲਕ ਨੂੰ ਵੀ ਗੰਭੀਰ ਸੱਟਾਂ ਆਈਆਂ ਦੱਸੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਕਰਜ਼ਾ ਚੁੱਕ ਕੇ ਜੂਏ 'ਚ ਲੱਖਾਂ ਰੁਪਏ ਹਾਰਿਆ ਠੇਕੇਦਾਰ, ਫਿਰ ਲੈਣਦਾਰਾਂ ਤੋਂ ਪਰੇਸ਼ਾਨ ਹੋ ਕੇ...
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਗਨੀਕਾਂਡ ਦਾ ਸ਼ਿਕਾਰ ਹੋਏ ਡਾ. ਜੋਗਿੰਦਰ ਪਾਲ ਸ਼ਰਮਾ ਨੇ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉੱਪਲ ਦੀ ਮੌਜੂਦਗੀ 'ਚ ਦੱਸਿਆ ਕਿ ਅੱਗ ਘਰ ਦੇ ਮੰਦਰ ਤੋਂ ਲੱਗੀ ਜਾਪ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਸ਼ਾਮ ਉਹਨਾਂ ਦੇ ਪੁੱਤਰ ਨੂਤਨ ਸ਼ਰਮਾ ਨੇ ਮੰਦਰ 'ਚ ਰੋਜ਼ ਦੀ ਤਰ੍ਹਾਂ ਪੂਜਾ ਪਾਠ ਕਰਕੇ ਜੋਤ ਕੀਤੀ ਸੀ। ਇਸ ਤੋਂ ਕੁਝ ਸਮਾਂ ਬਾਅਦ ਉਹਨਾਂ ਦੀ ਪੋਤੀ ਨੇ ਆਪਣੇ ਪਿਤਾ ਨੂਤਨ ਸ਼ਰਮਾ ਨੂੰ ਦੱਸਿਆ ਕਿ ਘਰ ਦੇ ਮੰਦਰ ਵਾਲੇ ਕਮਰੇ ਤੋਂ ਧੂੰਆਂ ਉੱਠ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਘਰ 'ਚ ਲੱਗੀ ਅੱਗ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਉਹਨਾਂ ਵਲੋਂ ਇਸ ਦੀ ਸੂਚਨਾ ਫਗਵਾੜਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਰੁਪਏ ਦੀ ਗਿਰਾਵਟ 'ਤੇ ਲੱਗੇਗੀ ਰੋਕ! RBI ਚੁੱਕਣ ਜਾ ਰਿਹਾ ਹੈ ਇਹ ਵੱਡਾ ਕਦਮ
ਉਹਨਾਂ ਦੱਸਿਆ ਕਿ ਕੁਝ ਸਮਾਂ ਬਾਅਦ ਹੀ ਮੌਕੇ 'ਤੇ ਪੁੱਜੀ ਫਗਵਾੜਾ ਫਾਇਰ ਬ੍ਰਿਗੇਡ ਦੀ ਟੀਮ ਨੇ ਘਰ 'ਚ ਲੱਗੀ ਅੱਗ ਨੂੰ ਫਾਇਰ ਟੈਂਡਰ ਦੀ ਗੱਡੀ ਰਾਹੀਂ ਪਾਣੀ ਦਾ ਲਗਾਤਾਰ ਛਿੜਕਾਅ ਕਰਦੇ ਹੋਏ ਕਾਬੂ ਪਾ ਲਿਆ। ਡਾ. ਸ਼ਰਮਾ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਦੇ ਪੁੱਤਰ ਨੂਤਨ ਸ਼ਰਮਾ ਜਦੋਂ ਅੱਗ ਨਾਲ ਸੜੇ ਘਰ ਦੇ ਕਮਰੇ 'ਚ ਜਾ ਰਹੇ ਸਨ ਤਾਂ ਉੱਥੇ ਪਾਣੀ ਹੋਣ ਕਾਰਨ ਉਸਦਾ ਪੈਰ ਅਚਾਨਕ ਫਿਸਲ ਗਿਆ ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜ਼ਖਮੀ ਹੋਏ ਨੂਤਨ ਸ਼ਰਮਾ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਵਾਪਰੇ ਅਗਨੀਕਾਂਡ 'ਚ ਘਰ 'ਚ ਪਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਆਦਿ ਸੜ ਕੇ ਸੁਆਹ ਹੋ ਗਿਆ ਹੈ। ਖਬਰ ਲਿਖੇ ਜਾਣ ਤੱਕ ਅਗਨੀਕਾਂਡ ਦੀ ਸੂਚਨਾ ਫਗਵਾੜਾ ਪੁਲਸ ਨੂੰ ਦੇ ਦਿੱਤੀ ਗਈ ਸੀ।
