ਚੋਣ ਆਬਜ਼ਰਵਰ ਲਵਜੀਤ ਕਲਸੀ ਨੇ ਦੇਰ ਸ਼ਾਮ ਸਟਰਾਂਗ ਰੂਮਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
Sunday, Dec 14, 2025 - 11:59 PM (IST)
ਖੇਮਕਰਨ (ਸੋਨੀਆ) : ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਜ਼ਿਲਾ ਤਰਨਤਾਰਨ ਵਿੱਚ ਨਿਯੁਕਤ ਕੀਤੇ ਚੋਣ ਆਬਜ਼ਰਵਰ ਸ਼੍ਰੀਮਤੀ ਲਵਜੀਤ ਕਲਸੀ, ਪੀਸੀਐੱਸ ਵੱਲੋਂ ਅੱਜ ਦੇਰ ਸ਼ਾਮ ਜ਼ਿਲ੍ਹੇ ਦੇ ਵੱਖ-ਵੱਖ ਸਟਰਾਂਗ ਰੂਮਾਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ। ਜ਼ਿਲਾ ਤਰਨਤਾਰਨ ਵਿੱਚ ਬਣਾਏ ਗਏ ਸਟਰਾਂਗ ਰੂਮਾਂ ਵਿੱਚ ਸਖਤ ਸੁਰੱਖਿਆ ਪਹਿਰੇ ਹੇਠ ਬੈਲਟ ਬਕਸੇ ਰੱਖੇ ਗਏ ਹਨ ਅਤੇ ਇਹਨਾਂ ਸਟਰਾਂਗ ਰੂਮਾਂ ਨੂੰ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਸੀਲ ਬੰਦ ਕੀਤਾ ਗਿਆ ਹੈ। ਚੋਣ ਆਬਜ਼ਰਵਰ ਸ਼੍ਰੀਮਤੀ ਕਲਸੀ ਵੱਲੋਂ ਅੱਜ ਦੇਰ ਸ਼ਾਮ ਵੱਖ-ਵੱਖ ਸਟਰਾਂਗ ਰੂਮਾਂ ਦਾ ਦੌਰਾ ਕਰਕੇ ਉਥੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਉੱਪਰ ਤਸੱਲੀ ਜ਼ਾਹਿਰ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਚਿਤਾਵਨੀ, ਪੜ੍ਹੋ ਅਗਲੇ 5 ਦਿਨਾਂ ਦੀ Weather Update
ਉਨ੍ਹਾਂ ਦੱਸਿਆ ਕਿ ਬੈਲਟ ਬਕਸੇ ਬਲਾਕ-ਵਾਈਜ਼ ਬਣਾਏ ਗਏ ਵੱਖ-ਵੱਖ 8 ਸਟਰਾਂਗ ਰੂਮਾਂ ਵਿੱਚ ਸਖਤ ਨਿਗਰਾਨੀ ਹੇਠ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਪੰਚਾਇਤ ਸੰਮਤੀ ਤਰਨਤਾਰਨ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਅਰਜਨ ਦੇਵ ਕਾਲਜ, ਨੂਰਦੀ ਰੋਡ, ਤਰਨਤਾਰਨ ਵਿਖੇ ਬਣਾਇਆ ਗਿਆ ਹੈ। ਪੰਚਾਇਤ ਸੰਮਤੀ ਖਡੂਰ ਸਾਹਿਬ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਅੰਗਦ ਦੇਵ ਕਾਲਜ, (ਖੱਬਾ ਪਾਸਾ) ਖਡੂਰ ਸਾਹਿਬ, ਪੰਚਾਇਤ ਸੰਮਤੀ ਚੋਹਲਾ ਸਾਹਿਬ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ, ਚੋਹਲਾ ਸਾਹਿਬ, ਪੰਚਾਇਤ ਸੰਮਤੀ ਨਾਗੋਕੇ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਅੰਗਦ ਦੇਵ ਕਾਲਜ (ਸੱਜਾ ਪਾਸਾ), ਖਡੂਰ ਸਾਹਿਬ, ਪੰਚਾਇਤ ਸੰਮਤੀ ਪੱਟੀ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਰਕਾਰੀ ਹਾਈ ਸਕੂਲ (ਲੜਕੇ) ਕੈਰੋਂ, ਪੰਚਾਇਤ ਸੰਮਤੀ ਨੌਸ਼ਹਿਰਾ ਪੰਨੂਆਂ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਰਹਾਲੀ ਕਲਾਂ, ਪੰਚਾਇਤ ਸੰਮਤੀ ਭਿੱਖੀਵਿੰਡ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਰਕਾਰੀ ਬਹੁ-ਤਕਨੀਕੀ ਕਾਲਜ ਅਤੇ ਪੰਚਾਇਤ ਸੰਮਤੀ ਵਲਟੋਹਾ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਆਦਰਸ਼, ਵਲਟੋਹਾ ਵਿਖੇ ਬਣਾਇਆ ਗਿਆ ਹੈ ਅਤੇ ਇਨ੍ਹਾਂ ਥਾਵਾਂ `ਤੇ ਹੀ 17 ਦਸੰਬਰ 2025 ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਇਸ ਮੌਕੇ ਉਹਨਾਂ ਨਾਲ ਐੱਸਡੀਐੱਮ ਤਰਨਤਾਰਨ ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
