ਬ੍ਰੈਗਜ਼ਿਟ ''ਤੇ ਭਾਸ਼ਣ ਦੇਣ ਲਈ ਬ੍ਰਿਟੇਨ ਦੀ ਪੀ. ਐੱਮ. ਥੈਰੇਸਾ ਜਾਵੇਗੀ ਇਟਲੀ

Thursday, Sep 14, 2017 - 11:22 AM (IST)

ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਬ੍ਰੈਗਜ਼ਿਟ 'ਤੇ ਆਪਣਾ ਮਹੱਤਵਪੂਰਨ ਭਾਸ਼ਣ ਦੇਣ ਲਈ ਅਗਲੇ ਹਫਤੇ ਇਟਲੀ ਜਾਵੇਗੀ। ਥੈਰੇਸਾ ਦੇ ਬੁਲਾਰੇ ਨੇ ਦੱਸਿਆ, ''22 ਸਤੰਬਰ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਇਟਲੀ ਦੇ ਸ਼ਹਿਰ ਫਲੋਰੈਂਸ 'ਚ ਬ੍ਰੈਗਜ਼ਿਟ 'ਤੇ ਹੁਣ ਤੱਕ ਹੋਈ ਗੱਲਬਾਤ ਬਾਰੇ ਭਾਸ਼ਣ ਦੇਵੇਗੀ।''
ਉਨ੍ਹਾਂ ਨੇ ਕਿਹਾ, ''ਬ੍ਰਿਟੇਨ ਦੇ ਯੂਰਪੀ ਸੰਘ ਛੱਡਣ ਤੋਂ ਬਾਅਦ ਯੂਰਪੀ ਸੰਘ ਨਾਲ ਰਿਸ਼ਤੇ ਹੋਰ ਗੂੜ੍ਹੇ ਕਰਨ ਅਤੇ ਉਸ ਨਾਲ ਵਿਸ਼ੇਸ਼ ਸਾਂਝੇਦਾਰੀ ਕਰਨ ਦੀ ਸਰਕਾਰ ਦੀ ਇੱਛਾ ਨੂੰ ਵੀ ਉਹ ਰੇਖਾਂਕਿਤ ਕਰੇਗੀ।'' ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਫਲੋਰੈਂਸ 'ਚ ਬ੍ਰਿਟੇਨ ਅਤੇ ਯੂਰਪ ਦੇ ਰਿਸ਼ਤਿਆਂ 'ਤੇ ਭਾਸ਼ਣ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ''ਬ੍ਰਿਟੇਨ ਦੇ ਫਲੋਰੈਂਸ ਨਾਲ ਸਦੀਆਂ ਲੰਬੇ ਅਤੇ ਡੂੰਘੇ ਸੱਭਿਆਚਾਰਕ ਅਤੇ ਆਰਥਿਕ ਸੰਬੰਧ ਹਨ। ਬੁਲਾਰੇ ਨੇ ਕਿਹਾ ਕਿ ਬ੍ਰਿਟੇਨ ਦੇ ਯੂਰਪੀ ਸੰਘ ਛੱਡਣ 'ਤੇ, ਅਸੀਂ ਨੇੜਲੇ ਸੰਬੰਧ ਕਾਇਮ ਰੱਖਾਂਗੇ ਜਿਵੇਂ ਪ੍ਰਧਾਨ ਮੰਤਰੀ ਨੇ ਕਈ ਵਾਰ ਕਿਹਾ ਹੈ, ਅਸੀਂ ਯੂਰਪੀ ਸੰਘ ਛੱਡ ਰਹੇ ਹਾਂ ਯੂਰਪ ਨਹੀਂ। 
ਥੈਰੇਸਾ ਨੇ 28 ਦੇਸ਼ਾਂ ਦੇ ਸਮੂਹ ਵਾਲੇ ਯੂਰਪੀ ਸੰਘ ਨੂੰ ਛੱਡਣ ਦੀ ਬ੍ਰਿਟੇਨ ਦੀ ਇੱਛਾ ਬਾਰੇ ਬ੍ਰਸਲਜ਼ ਨੂੰ ਮਾਰਚ 'ਚ ਜਾਣਕਾਰੀ ਦਿੱਤੀ ਸੀ। 2 ਸਾਲ ਵਿਚ ਉਸ ਤੋਂ ਬਾਹਰ ਹੋਣ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਫਿਲਹਾਲ ਇਸ 'ਤੇ ਯੂਰਪੀ ਸੰਘ ਨਾਲ ਗੱਲਬਾਤ ਬਹੁਤ ਹੌਲੀ ਚੱਲ ਰਹੀ ਹੈ ਕਿਉਂਕਿ ਬ੍ਰਿਟੇਨ ਦੀਆਂ ਵਿੱਤੀ ਜ਼ਿੰਮੇਵਾਰੀਆਂ, ਯੂਰਪੀ ਨਾਗਰਿਕਾਂ ਦੇ ਅਧਿਕਾਰ ਅਤੇ ਆਇਰਿਸ਼ ਸਰਹੱਦ ਦੇ ਮੁੱਦਿਆਂ 'ਤੇ ਦੋਹਾਂ ਪੱਖਾਂ 'ਚ ਮਤਭੇਦ ਹਨ।


Related News