24 ਸਾਲ ਤੋਂ ਲਿਬਨਾਨ ''ਚ ਫਸੇ ਵਿਅਕਤੀ ਦੀ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ

Saturday, Sep 21, 2024 - 05:53 AM (IST)

ਲੋਹੀਆਂ ਖਾਸ (ਸੁਖਪਾਲ ਰਾਜਪੂਤ)- ਅਕਸਰ ਹੀ ਭੋਲੇ-ਭਾਲੇ ਲੋਕ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਬਿਹਤਰ ਬਣਾਉਣ ਲਈ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਪਰ ਇਸ ਦੌਰਾਨ ਕਈ ਵਾਰ ਉਹ ਠੱਗ ਏਜੰਟਾਂ ਦੇ ਝਾਂਸੇ 'ਚ ਫਸ ਜਾਂਦੇ ਹਨ। ਇਸ ਦੌਰਾਨ ਕਈ ਵਾਰ ਤਾਂ ਉਨ੍ਹਾਂ ਨੂੰ ਜੇਲ੍ਹਾਂ ਵੀ ਕੱਟਣੀਆਂ ਪੈਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਪਿੰਡ ਮੱਤੇਵਾੜਾ ਤੋਂ, ਜਿੱਥੇ ਇਕ ਵਿਅਕਤੀ, ਜੋ 24 ਸਾਲ ਪਹਿਲਾਂ ਲਿਬਨਾਨ ਗਿਆ ਸੀ, ਨੂੰ ਉੱਥੇ ਪਹੁੰਚ ਕੇ ਪਾਸਪੋਰਟ ਗੁੰਮ ਹੋ ਜਾਣ ਕਾਰਨ ਪਤਾ ਨਹੀਂ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਉਸ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਆਪਣੇ ਵਤਨ ਵਾਪਸੀ ਹੋ ਸਕੀ ਹੈ। 

24 ਸਾਲਾਂ ਦਾ ਬਾਅਦ ਪਰਿਵਾਰ 'ਚ ਪਰਤੇ ਗੁਰਤੇਜ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਦਿਆਂ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਉਸ ਦਾ ਦੂਜਾ ਜਨਮ ਹੋਇਆ ਹੈ। ਗੁਰਤੇਜ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਟ੍ਰੈਵਲ ਏਜੰਟ ਨੇ ਉਸ ਨੂੰ ਲਿਬਨਾਨ ਭੇਜਣ ਬਦਲੇ ਇੱਕ ਲੱਖ ਰੁਪਏ ਲਏ ਸਨ। ਇਹ ਇੱਕ ਲੱਖ ਉਸ ਨੇ ਉਨ੍ਹਾਂ ਸਮਿਆਂ ਵਿੱਚ ਕਿਵੇਂ ਇੱਕਠੇ ਕੀਤੇ ਇਹ ਗੱਲ ਉਹੀ ਜਾਣਦਾ ਸੀ ਜਾਂ ਫਿਰ ਰੱਬ। 

ਲੁਧਿਆਣਾ ਜਿਲ੍ਹੇ ਦੇ ਪਿੰਡ ਮੱਤੇਵਾੜਾ ਦਾ ਰਹਿਣ ਵਾਲਾ ਗੁਰਤੇਜ ਸਿੰਘ 33 ਸਾਲ ਦਾ ਸੀ, ਜਦੋਂ ਉਹ ਆਪਣੇ ਛੋਟੇ-ਛੋਟੇ ਦੋਵਾਂ ਬੱਚਿਆਂ ਨੂੰ ਛੱਡ ਕੇ 2001 ਵਿੱਚ ਵਿਦੇਸ਼ ਗਿਆ ਸੀ। ਲਿਬਨਾਨ ਵਿੱਚ ਰਹਿੰਦਿਆਂ ਉਸ ਦਾ ਸਾਲ 2006 ਵਿੱਚ ਪਾਸਪੋਰਟ ਗੁੰਮ ਹੋ ਗਿਆ ਸੀ ਜਿਸ ਕਾਰਨ ਉਸ ਦਾ ਘਰ ਵਾਪਸ ਆਉਣਾ ਬਹੁਤ ਮੁਸ਼ਕਿਲ ਹੋ ਗਿਆ ਸੀ। 

ਉਸ ਨੇ ਦੱਸਿਆ ਕਿ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਦਾ ਪਾਸਪੋਰਟ ਬਹੁਤ ਪਹਿਲਾਂ ਬਣੇ ਹੋਣ ਕਾਰਨ ਨਵਾਂ ਪਾਸਪੋਰਟ ਬਣਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਵੱਲੋਂ ਜਦੋਂ ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਪਾਸਪੋਰਟ ਨਾ ਮਿਲਿਆ ਤਾਂ ਉਹ ਆਪਣੀ ਵਾਪਸੀ ਦੀ ਉਮੀਦ ਤੱਕ ਛੱਡੀ ਬੈਠਾ ਸੀ।

PunjabKesari

ਇਹ ਵੀ ਪੜ੍ਹੋ-  ਪੋਤੇ ਦਾ ਮੁਕਾਬਲਾ ਦੇਖਣ ਆਏ ਦਾਦੇ ਨਾਲ ਹੋ ਗਈ ਅਣਹੋਣੀ, ਜਿੱਤਣ ਦੀ ਖੁਸ਼ੀ 'ਚ ਆ ਗਿਆ ਹਾਰਟ ਅਟੈਕ, ਮੌਤ

ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ, ਜਿਨ੍ਹਾਂ ਨੇ ਆਪਣਾ ਅਸਰ ਰਾਸੂਖ ਵਰਤਦਿਆ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰ ਕੇ ਗੁਰਤੇਜ ਸਿੰਘ ਦੀ ਵਾਪਸੀ ਸੰਭਵ ਕਰਵਾਈ। ਬੇਗਾਨੀ ਧਰਤੀ ‘ਤੇ ਰੋਜ਼ੀ ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਦਾ ਬਿਤਹਰ ਭਵਿੱਖ ਬਣਾਉਣ ਲਈ ਲਿਬਨਾਨ ਗਏ ਗੁਰਤੇਜ ਸਿੰਘ ਨੇ ਦੱਸਿਆ ਕਿ ਉਹ ਸੰਤ ਸੀਚੇਵਾਲ ਜੀ ਦੇ ਯਤਨਾਂ ਸਦਕਾ ਆਪਣੇ ਪਿੰਡ ਦੀ ਮਿੱਟੀ ਨੂੰ 24 ਸਾਲਾਂ ਬਾਅਦ ਚੁੰਮ ਸਕਿਆ।

ਪਰਿਵਾਰ ਸਮੇਤ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਲਈ ਸੁਲਤਾਨਪੁਰ ਲੋਧੀ ਆਏ ਗੁਰਤੇਜ ਸਿੰਘ ਨੇ ਆਪਣੀ ਹੱਡ ਬੀਤੀ ਦੱਸਦਿਆਂ ਕਿਹਾ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਕੋਟੀਆਂ-ਸਵੈਟਰ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਜਦੋਂ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਤਾਂ ਉਸ ਨੇ ਵਿਦੇਸ਼ ਜਾਣਾ ਦਾ ਮਨ ਬਣਾਇਆ ਸੀ। ਗੁਰਤੇਜ ਸਿੰਘ ਨੇ ਦੱਸਿਆ ਕਿ ਲਿਬਨਾਨ ਪਹੁੰਚਣਾ ਵੀ ਉਸ ਲਈ ਇੱਕ ਵੱਡੀ ਚਣੌਤੀ ਸੀ। 

ਏਜੰਟ ਉਸ ਨੂੰ ਪਹਿਲਾਂ ਜੌਰਡਨ ਲੈ ਗਿਆ ਤੇ ਫਿਰ ਨਾਲ ਲੱਗਦੇ ਦੇਸ਼ ਸੀਰੀਆ ਵਿੱਚ ਉਸ ਨੂੰ ਦਾਖਲ ਕਰਵਾ ਦਿੱਤਾ। ਉਥੋਂ ਡੌਕੀ ਲਗਾਉਂਦਿਆ ਉਹ ਲਿਬਨਾਨ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉੱਥੇ ਰਹਿੰਦਿਆ ਜੰਗ ਵਰਗੇ ਮਾਹੌਲ ਵਿੱਚ ਕੰਮ ਕਰਨਾ ਉਸ ਲਈ ਬੜਾ ਮੁਸ਼ਕਿਲ ਸੀ। ਸਾਰਾ ਦਿਨ ਖੇਤਾਂ ਵਿੱਚ ਹੀ ਕੰਮ ਕਰਨਾ ਪੈਂਦਾ ਸੀ। ਚੋਰੀ-ਛੁਪੇ ਰਹਿਣ ਕਾਰਨ ਹਮੇਸ਼ਾ ਧੁੜਕੂ ਲੱਗਾ ਰਹਿੰਦਾ ਸੀ ਕਿ ਕਿਧਰੇ ਫੜੇ ਨਾ ਜਾਈਏ। ਜਿਵੇਂ ਨਾ ਕਿਵੇਂ ਜਿੰਦਗੀ ਆਪਣੀ ਤੋਰ ਤੁਰਦੀ ਗਈ ਤੇ ਉਹ ਖੇਤਾਂ ਵਿੱਚ ਸਖ਼ਤ ਮਿਹਨਤ ਕਰ ਕੇ ਪਿੱਛੇ ਪਰਿਵਾਰ ਨੂੰ ਪਾਲਦਾ ਰਿਹਾ।

ਗੁਰਤੇਜ ਨੇ ਦੱਸਿਆ ਕਿ ਜਿਹੜੇ ਪੁੱਤਰਾਂ ਨੂੰ ਉਹ 24 ਸਾਲ ਪਹਿਲਾਂ ਛੋਟੇ-ਛੋਟੇ ਛੱਡ ਕਿ ਗਿਆ ਸੀ ਉਹ ਕਦੋਂ ਜਵਾਨ ਹੋ ਗਏ ਉਸ ਨੂੰ ਪਤਾ ਹੀ ਨਹੀ ਲੱਗਿਆ। ਉਸ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਉਸ ਦੇ ਇੱਕ ਪੁੱਤਰ ਦਾ ਵਿਆਹ ਵੀ ਕਰ ਦਿੱਤਾ ਗਿਆ ਤੇ ਉਸ ਦੇ ਘਰ ਵੀ ਪੁੱਤਰ ਨੇ ਜਨਮ ਲਿਆ। ਗੁਰਤੇਜ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਜਦੋਂ ਉਸ ਨੇ ਦੱਸਿਆ ਕਿ ਉਹ ਜਦੋਂ 24 ਸਾਲਾਂ ਬਾਅਦ ਘਰ ਦੇ ਵਿਹੜੇ 'ਚ ਵੜਿਆ ਤਾਂ ਉਸ ਦੇ ਪੋਤੇ ਨੇ ਘੁੱਟ ਕੇ ਉਸ ਦੀਆਂ ਲੱਤਾਂ ਨੂੰ ਜੱਫੀ ਪਾ ਲਈ। 

ਇਹ ਵੀ ਪੜ੍ਹੋ- ਥਾਣੇ 'ਚ ਸ਼ਿਕਾਇਤਕਰਤਾ ਦੇ ਪੈਰਾਂ 'ਚ ਰਖਵਾਈ ਗਈ ਮਾਂ ਦੀ ਚੁੰਨੀ, ਨਮੋਸ਼ੀ 'ਚ ਪੁੱਤ ਨੇ ਚੁੱਕਿਆ ਖ਼ੌਫ਼ਨਾਕ ਕਦਮ

ਗੁਰਤੇਜ ਨੇ ਦੱਸਿਆ ਕਿ ਵਿਦੇਸ਼ ਵਿੱਚ ਰਹਿੰਦਿਆ ਹੇਰਵਾ ਇਸ ਗੱਲ ਦਾ ਹੈ ਕਿ ਉਸ ਦੇ ਪਿੱਛਿਓਂ ਹੀ ਉਸ ਦੀ ਉਡੀਕ ਵਿੱਚ ਉਸ ਦੀ ਮਾਂ ਤੇ ਭਰਾ ਚਲੇ ਗਏ ਅਤੇ ਉਹ ਉਨ੍ਹਾਂ ਦੇ ਆਖਰੀਵਾਰ ਮੂੰਹ ਵੀ ਨਹੀਂ ਸੀ ਦੇਖ ਸਕਿਆ ਸੀ। ਉਸ ਨੇ ਦੱਸਿਆ ਕਿ ਉਸ ਦੇ ਪਾਰਿਵਾਰਕ ਮੈਂਬਰਾਂ ਨੇ ਇਸ ਤੋਂ ਪਹਿਲਾਂ ਵੀ ਬਹੁਤ ਲੀਡਰਾਂ ਤੇ ਅਧਿਕਾਰੀਆਂ ਤੱਕ ਪਹੁੰਚ ਕਰਦੇ ਰਹੇ ਪਰ ਉਨ੍ਹਾਂ ਦੀ ਕੋਈ ਵੀ ਨਹੀਂ ਸੀ ਸੁਣ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਸੰਤ ਸੀਚੇਵਾਲ ਜੀ ਦੀਆਂ ਕੋਸ਼ਿਸ਼ਾਂ ਹੀ ਸੀ ਜਿਸ ਕਾਰਨ ਉਹ 24 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕਿਆ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜਾਬੀ ਨੌਜਵਾਨ ਲੰਬਾ ਸਮਾਂ ਬੀਤਣ ਪਰਿਵਾਰ ਵਿੱਚ ਵਾਪਿਸ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਤੋਂ ਦੂਰ ਰਹਿ ਕਿ ਬੇਗਾਨੇ ਮੁਲਕ ਵਿੱਚ ਬੇਗਾਨੇ ਲੋਕਾਂ ਨਾਲ ਰਹਿਣਾ ਬਹੁਤ ਵੱਡੀ ਚੁਣੌਤੀ ਸੀ। ਉਨ੍ਹਾਂ ਦੱਸਿਆ ਕਿ ਪਾਸਪੋਰਟ ਬਹੁਤ ਜ਼ਿਆਦਾ ਪੁਰਾਣਾ ਹੋਣ ਕਾਰਨ ਕਾਫੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਇਸ ਲਈ ਵਿਦੇਸ਼ ਮੰਤਰਾਲੇ ਤੇ ਖਾਸ ਕਰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮਾਮਲੇ ਨੂੰ ਹਮਦਰਦੀ ਨਾਲ ਲਿਆ ਤੇ ਇਸ ਪੰਜਾਬੀ ਨੌਜਵਾਨ ਦੀ ਭਾਰਤ ਵਾਪਸੀ ਲਈ ਉਸ ਦੀ ਹਰ ਤਰ੍ਹਾਂ ਨਾਲ ਸੰਭਵ ਮਦਦ ਕੀਤੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News