ਕਰਜ਼ਾ ਚੁੱਕ ਕੇ ਕੈਨੇਡਾ ਗਈ ਕੁੜੀ ਨੂੰ ਨਹੀਂ ਮਿਲਿਆ ਕੰਮ, ਫ਼ਿਰ ਜੋ ਹੋਇਆ ਜਾਣ ਕੰਬ ਜਾਵੇਗੀ ਰੂਹ
Sunday, Sep 22, 2024 - 12:06 PM (IST)
ਨਾਭਾ (ਰਾਹੁਲ ਖੁਰਾਨਾ): ਨਾਭਾ ਦੇ ਪਿੰਡ ਪਾਲੀਆ ਖੁਰਦ ਦੀ ਰਹਿਣ ਵਾਲੀ ਨਵਦੀਪ ਕੌਰ ਦੀ ਕੈਨੇਡਾ ਵਿਚ ਮੌਤ ਹੋ ਗਈ ਹੈ। ਪਰਿਵਾਰ ਨੂੰ ਜਿਵੇਂ ਹੀ ਆਪਣੀ ਧੀ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਨੇ 2 ਸਾਲ ਪਹਿਲਾਂ ਹੀ ਕਰਜ਼ਾ ਚੁੱਕ ਕੇ ਅਤੇ ਆਪਣੀ ਜਾਇਦਾਦ ਵੇਚ ਕੇ ਉਸ ਨੂੰ ਕੈਨੇਡਾ ਭੇਜਿਆ ਸੀ, ਤਾਂ ਜੋ ਉਹ ਪਰਿਵਾਰ ਦਾ ਸਹਾਰਾ ਬਣ ਸਕੇ। ਉੱਥੇ ਕੰਮ ਨਾ ਮਿਲਣ ਕਾਰਨ ਪਰਿਵਾਰ ਨੇ ਫੇਰ ਲੋਨ ਲੈ ਕੇ ਉਸ ਦੀ ਫ਼ੀਸ ਭਰੀ ਸੀ। ਇਸ ਸਭ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦੀ ਸੀ ਤੇ ਉਸ ਨੂੰ ਬ੍ਰੇਨ ਹੈਮਰਜ ਹੋ ਗਿਆ, ਤੇ ਉਸ ਦੀ ਮੌਤ ਹੋ ਗਈ। ਹੁਣ ਪਰਿਵਾਰ ਆਪਣੀ ਧੀ ਦੀ ਲਾਸ਼ ਲਿਆਉਣ ਲਈ ਸਰਕਾਰਾਂ ਅੱਗੇ ਗੁਹਾਰ ਲਗਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਨੇੜੇ ਪਏ ਭੜਥੂ! ਵਿਅਕਤੀ ਨੇ ਗੰਨਮੈਨ ਦੀ ਪਿਸਤੌਲ ਖੋਹ ਕੇ...
ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਦੀਆਂ ਸਿਰਫ ਦੋ ਹੀ ਧੀਆਂ ਸਨ। ਵੱਡੀ ਧੀ ਨਵਦੀਪ ਕੌਰ ਨੇ ਮਾਪਿਆਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਪੁੱਤ ਬਣ ਕੇ ਕੈਨੇਡਾ ਜਾਵੇਗੀ ਤੇ ਉਨ੍ਹਾਂ ਸਹਾਰਾ ਬਣੇਗੀ। ਪਰ ਪਰਿਵਾਰ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੀ ਧੀ ਨਾਲ ਉੱਥੇ ਇਹ ਭਾਣਾ ਵਾਪਰ ਜਾਵੇਗਾ। ਉਸ ਨੂੰ ਕੁਝ ਦੇਰ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ, ਪਰ ਉੱਥੇ ਕੰਮ ਨਹੀਂ ਸੀ ਮਿਲ ਰਿਹਾ। 5 ਸਤੰਬਰ ਨੂੰ ਉਸ ਦਾ ਜਨਮ ਦਿਨ ਵੀ ਸੀ ਤੇ ਉਸੇ ਦਿਨ ਪਰਿਵਾਰ ਦੀ ਉਸ ਨਾਲ ਗੱਲ ਵੀ ਹੋਈ ਸੀ। ਉਸ ਮਗਰੋਂ ਹੁਣ ਪਰਿਵਾਰ ਨੂੰ ਇਹ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਨੂੰ ਕੇਂਦਰ ਸਰਕਾਰ ਤੋਂ ਮਿਲੇ ਕਰੋੜਾਂ ਰੁਪਏ
ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਨਵਦੀਪ ਕੌਰ ਦੇ ਪਿਤਾ ਅਤੇ ਛੋਟੀ ਭੈਣ ਨੇ ਕਿਹਾ ਕਿ ਉਨ੍ਹਾਂ ਨੇ ਨਵਦੀਪ ਨੂੰ ਆਪਣੀ ਜਾਇਦਾਦ ਵੇਚ ਕੇ ਕੈਨੇਡਾ ਭੇਜਿਆ ਸੀ। ਉਸ ਦੇ ਦਿਮਾਗ 'ਤੇ ਬੜਾ ਬੋਝ ਸੀ ਕਿ ਮੇਰੇ ਪਰਿਵਾਰ ਨੇ ਸਭ ਕੁਝ ਵੇਚ ਕੇ ਮੇਰੇ 'ਤੇ ਲਗਾ ਦਿੱਤਾ ਹੈ, ਪਰ ਉਸ ਨੂੰ ਅਸੀਂ ਹੌਸਲਾ ਦਿੰਦੇ ਸੀ ਕੋਈ ਨਹੀਂ ਅਸੀਂ ਤੇਰੇ ਲਈ ਸਭ ਕੁਝ ਹੀ ਕਰਾਂਗੇ। ਕਨੇਡਾ ਵਿੱਚ ਕੰਮ ਨਾ ਮਿਲਣ ਕਰਕੇ ਅਸੀਂ 5 ਲੱਖ ਰੁਪਏ ਦਾ ਲੋਨ ਵੀ ਲਿਆ ਅਤੇ ਉੱਥੇ ਉਸ ਦੀ ਫੀਸ ਦਿੱਤੀ, ਪਰ ਇਕਦਮ ਸਾਨੂੰ ਫੋਨ ਆਇਆ ਕਿ ਤੁਹਾਡੀ ਲੜਕੀ ਨੂੰ ਬ੍ਰੇਨ ਹੈਮਰਜ ਹੋ ਗਿਆ ਹੈ ਤੇ ਉਹ ਸੀਰੀਅਸ ਹੈ, ਅਤੇ ਫਿਰ ਸਾਨੂੰ ਫੋਨ ਆਇਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਹੁਣ ਤਾਂ ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਸਾਡੀ ਲੜਕੀ ਦੀ ਲਾਸ਼ ਪਿੰਡ ਲਿਆਂਦੀ ਜਾਵੇ ਤਾਂ ਜੋ ਅਸੀਂ ਅੰਤਿਮ ਰਸਮਾਂ ਅਦਾ ਕਰ ਸਕੀਏ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਦੀ ਮੰਗ ਪੂਰੀ ਕਰਨ ਜਾ ਰਹੀ ਪੰਜਾਬ ਸਰਕਾਰ, ਕਰੋੜਾਂ ਰੁਪਏ ਜਾਰੀ
ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਪਿੰਡ ਦੀ ਇਸ ਧੀ ਨੇ ਬਹੁਤ ਮਿਹਨਤ ਕੀਤੀ ਸੀ। ਜਦੋਂ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਸਾਡੇ ਪਿੰਡ ਵਿਚ ਸੰਨਾਟਾ ਫੈਲ ਗਿਆ ਹੈ। ਪਰਿਵਾਰ ਵੱਲੋਂ ਜਿੱਥੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਕੈਨੇਡਾ ਭੇਜਿਆ, ਉੱਥੇ ਹੀ ਕੰਮ ਨਾ ਮਿਲਣ ਕਰਕੇ ਫੀਸ ਵੀ ਲੋਨ ਲੈ ਕੇ ਭੇਜੀ ਸੀ। ਹੁਣ ਉਨ੍ਹਾਂ ਦੀ ਛੋਟੀ ਧੀ ਹੀ ਪਿੱਛੇ ਰਹਿ ਗਈ ਹੈ। ਪਰਿਵਾਰ ਨੂੰ ਬਹੁਤ ਆਸਾਂ ਸਨ ਜਿਨ੍ਹਾਂ ਨੇ ਆਪਣੀ ਸਾਰੀ ਪੂੰਜੀ ਹੀ ਆਪਣੀ ਲੜਕੀ 'ਤੇ ਲਗਾ ਦਿੱਤੀ ਕਿ ਉਸ ਦਾ ਉਜਵਲ ਭਵਿੱਖ ਹੋਵੇਗਾ, ਪਰ ਇਸ ਮੰਦਭਾਗੀ ਘਟਨਾ ਨੇ ਪਰਿਵਾਰ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਲੜਕੀ ਦੀ ਮ੍ਰਿਤਕ ਦੇਹ ਭਾਰਤ ਤੇ ਲਿਆਂਦੀ ਜਾਵੇ ਤਾਂ ਜੋ ਅੰਤਿਮ ਰਸਮਾਂ ਦੇ ਨਾਲ ਉਸ ਦਾ ਸਸਕਾਰ ਕੀਤਾ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8