ਗੈਂਗਸਟਰਾਂ ਦੇ ਇਸ਼ਾਰਿਆਂ ’ਤੇ ਵਾਰਦਾਤਾਂ ਕਰਨ ਵਾਲੇ ਤਿੰਨ ਗ੍ਰਿਫ਼ਤਾਰ : ਐੱਸ. ਐੱਸ. ਪੀ.
Monday, Sep 16, 2024 - 05:57 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਸਪੈਸ਼ਲ ਸੈਲ ਰਾਜਪੁਰਾ ਦੀ ਪੁਲਸ ਨੇ ਇੰਚਾਰਜ ਇੰਸ. ਹੈਰੀ ਬੋਪਾਰਾਏ ਦੀ ਅਗਵਾਈ ਹੇਠ ਜੇਲ੍ਹ ਵਿਚ ਬੰਦ ਗੈਂਗਸਟਰਾਂ ਦੇ ਇਸ਼ਾਰੇ ’ਤੇ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 3 ਪਿਸਟਲ, 5 ਮੈਗਜੀਨ, 26 ਜਿੰਦਾ ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਡੀ. ਐਸ. ਪੀ. ਡੀ. ਗੁਰਦੇਵ ਸਿੰਘ ਧਾਲੀਵਾਲ ਤੇ ਡੀ. ਐੱਸ. ਪੀ ਰਾਜਪੁਰਾ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇੰਸ. ਬੋਪਾਰਾਏ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਇਸ ਮਾਮਲੇ ਵਿਚ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਪਿੰਡ ਪੰਡਵਾ ਥਾਣਾ ਸਦਰ ਫਗਵਾਡ਼ਾਂ ਜ਼ਿਲ੍ਹਾ ਕਪੂਰਥਲਾ, ਅਮ੍ਰਿਤਜੀਤ ਸਿੰਘ ਉਰਫ ਅਮ੍ਰਿਤ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਪ੍ਰਤਾਬਪੁਰਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ, ਕਮਲਦੀਪ ਸਿੰਘ ਪੁੱਤਰ ਸਰਬਦਿਆਲ ਸਿੰਘ ਵਾਸੀ ਪਿੰਡ ਗੜਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸ. ਐੱਸ. ਪੀ. ਨਾਨਕ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਤਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਸ਼ਮਸ਼ਾਨ ਘਾਟ ਰੋਡ ਨੇੜੇ ਨਵਾਂ ਬਸ ਸਟੈਂਡ ਰਾਜਪੁਰਾ ਮੌਜੂਦ ਸੀ ਤਾਂ ਮੌਕਾ ਪਰ ਦੌਰਾਨੇ ਚੈਕਿੰਗ ਸ:ਥ: ਤੇਜਿੰਦਰ ਸਿੰਘ ਨੇ ਸਾਥੀ ਮੁਲਾਜ਼ਾਮਾ ਦੀ ਮਦਦ ਨਾਲ ਅਮ੍ਰਿਤਜੀਰ ਅਤੇ ਅਕਾਸਦੀਪ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 20 ਗ੍ਰਾਮ ਹੋਰੋਇਨ ਬਰਾਮਦ ਕੀਤੀ, ਜਿਸ ਦੇ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਜਦੋਂ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਗਈ ਤਾਂ ਉਕਤ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਅਤੇ ਉਨ੍ਹਾਂ ਨੂੰ ਇਸ ਕੇਸ ਵਿਚ ਨਾਮਜ਼ਦ ਕਰਕੇ ਜ਼ੁਰਮ ਵਿਚ ਵਾਧਾ ਕੀਤਾ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਕਪੂਰਥਲਾ ਜੇਲ੍ਹ ਵਿਚ ਬੰਦ ਗੈਂਗਸਟਰ ਦੇ ਨਜ਼ਦੀਕੀ ਹਨ ਅਤੇ ਉਨ੍ਹਾਂ ਦੇ ਇਸ਼ਾਰਿਆਂ ਪਰ ਹੀ ਕੰਮ ਕਰਦੇ ਹਨ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਪੂਰਥਲਾ ਜੇਲ੍ਹ ਵਿਚ ਬੰਦ ਪ੍ਰਿੰਸ ਅਤੇ ਗੋਲੂ ਨਾਮ ਦੇ ਵਿਅਕਤੀਆਂ ਦੇ ਗੁਰਗੇ ਹਨ ਜੋ ਡਕੈਤੀਆ ਕਰਨ, ਫਿਰੋਤੀਆ ਮੰਗਣ, ਅਸਲਾ ਤਸਕਰੀ ਅਤੇ ਹੋਰ ਸੰਗੀਨ ਜੁਰਮ ਕਰਨ ਵਿਚ ਕਾਫੀ ਜ਼ਿਆਦਾ ਸਰਗਰਮ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਪ੍ਰਿੰਸ ਅਤੇ ਗੋਲੂ ’ਤੇ ਫਿਰੌਤੀ, ਮਾਰ ਕੁੱਟ, ਅਸਲਾ ਤਸਕਰੀ ਦੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਹੋਰ ਨਾਮੀ ਗੈਂਗਸਟਰਾਂ ਨਾਲ ਵੀ ਸਬੰਧ ਹਨ ਅਤੇ ਇਹ ਜੇਲ੍ਹ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ ਤੋਂ ਹੋਰ ਵੀ ਹਥਿਆਰ ਬਰਾਮਦ ਹੋਣ ਦੀ ਉਮੀਦ ਹੈ।