ਪੰਜਾਬ ਪੁਲਸ ਦੇ ਡੀ. ਐੱਸ. ਪੀ. ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ ਜਾਰੀ

Thursday, Sep 19, 2024 - 06:37 PM (IST)

ਪੰਜਾਬ ਪੁਲਸ ਦੇ ਡੀ. ਐੱਸ. ਪੀ. ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ ਜਾਰੀ

ਅੰਮ੍ਰਿਤਸਰ : ਡੀ. ਐੱਸ.ਪੀ. ਵਵਿੰਦਰ ਮਹਾਜਨ ਦੀ ਗ੍ਰਿਫਤਾਰੀ ਲਈ ਅੰਮ੍ਰਿਤਸਰ ਅਤੇ ਬਾਰਡਰ ਰੇਂਜ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਨੇ ਪਿਛਲੇ ਸਾਲ ਐੱਨ.ਡੀ.ਪੀ.ਐੱਸ. ਕੇਸ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਡੀ.ਐੱਸ.ਪੀ. ਵਵਿੰਦਰ ਮਹਾਜਨ 'ਤੇ ਐੱਸ.ਟੀ.ਐੱਫ. ਮੋਹਾਲੀ ਥਾਣੇ ਵਿਚ ਕੇਸ ਦਰਜ ਕੀਤਾ ਹੈ। ਪਤਾ ਲੱਗਾ ਹੈ ਕਿ ਡੀ.ਐੱਸ.ਪੀ. ਮਹਾਜਨ ਨੂੰ ਆਪਣੇ ਉੱਤੇ ਹੋਣ ਵਾਲੀ ਕਾਰਵਾਈ ਦੀ ਜਾਣਕਾਰੀ ਮਿਲ ਗਈ ਸੀ, ਜਿਸ ਤੋਂ ਬਾਅਦ ਉਹ ਸਰਕਾਰੀ ਗੱਡੀ ਅਤੇ ਗੰਨਮੈਨ ਛੱਡ ਕੇ ਫ਼ਰਾਰ ਹੋ ਗਏ। ਉਨ੍ਹਾਂ ਦੇ ਦੋਵੇਂ ਫ਼ੋਨ ਵੀ ਬੰਦ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਤੇਜ਼ੀ ਨਾਲ ਫੈਲ ਰਹੀ ਇਸ ਬਿਮਾਰੀ ਨੂੰ ਲੈ ਕੇ ਜਾਰੀ ਹੋਇਆ ਅਲਰਟ

ਡੀ. ਐੱਸ. ਪੀ. ਵਵਿੰਦਰ ਮਹਾਜਨ ਇਸ ਵੇਲੇ 5 ਆਈ. ਆਰ. ਬੀ. ਅੰਮ੍ਰਿਤਸਰ ਦੇ ਹੈੱਡਕਵਾਰਟਰ ਵਿਚ ਤਾਇਨਾਤ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ 'ਚ ਘਿਰੇ ਹੋਏ ਸਨ, ਜਿਸ ਕਾਰਨ ਐੱਸ.ਟੀ.ਐੱਫ. ਦੀ ਟੀਮ ਨੇ ਉਨ੍ਹਾਂ 'ਤੇ ਨਜ਼ਰ ਰੱਖੀ ਹੋਈ ਸੀ। ਗ੍ਰਿਫਤਾਰੀ ਲਈ ਬੁੱਧਵਾਰ ਨੂੰ ਏ.ਐੱਨ.ਟੀ.ਐੱਫ. ਦੀ ਟੀਮ ਨੇ ਮੂਨ ਐਵੇਨਿਊ ਸਥਿਤ ਘਰ 'ਤੇ ਸਵੇਰੇ ਤੜਕੇ 4 ਵਜੇ ਛਾਪਾ ਮਾਰਿਆ। ਸੂਤਰਾਂ ਮੁਤਾਬਕ ਘਰ ਤੋਂ ਛਾਪੇ 'ਚ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ ਹੋਈ। ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ। 

ਇਹ ਵੀ ਪੜ੍ਹੋ : ਪੰਜਾਬ ਦਾ ਇਹ ਮਸ਼ਹੂਰ ਟੋਲ ਪਲਾਜ਼ਾ ਹੋਇਆ ਫਰੀ, ਬਿਨਾਂ ਟੈਕਸ ਦਿੱਤੇ ਲੰਘ ਰਹੀਆਂ ਗੱਡੀਆਂ

2023 ਵਿਚ ਡੀ.ਐੱਸ.ਪੀ. 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਾ

ਮਈ ਵਿਚ ਹਿਮਾਚਲ ਦੇ ਬੱਦੀ ਜ਼ਿਲ੍ਹੇ ਵਿਚ ਇਕ ਨੈਟਵਰਕ ਦਾ ਪਰਦਾਫਾਸ਼ ਡੀ.ਐੱਸ.ਪੀ. ਮਹਾਜਨ ਵੱਲੋਂ ਕੀਤਾ ਗਿਆ ਸੀ। ਜਿਸ ਵਿਚ ਲਗਭਗ 70 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਇਸ ਤੋਂ ਬਾਅਦ ਇਸ ਵਿਚ ਪੈਸਿਆਂ ਦੇ ਲੈਣ-ਦੇਣ ਦੀ ਵੀ ਗੱਲ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸਮੱਗਲਿੰਗ ਦੇ ਨੈਟਵਰਕ ਦਾ ਵੀ ਖੁਲਾਸਾ ਹੋਇਆ ਸੀ। ਇਨ੍ਹਾਂ ਮਾਮਲਿਆਂ ਵਿਚ ਬਹੁਤ ਲਾਪਰਵਾਹੀ ਸਾਹਮਣੇ ਆਈ, ਜਿਸ ਕਰਕੇ ਡੀ.ਐੱਸ.ਪੀ. ਮਹਾਜਨ ਚਰਚਾ ਵਿਚ ਸੀ। 2 ਮਹੀਨੇ ਪਹਿਲਾਂ ਪੰਜਾਬ ਪੁਲਸ ਨੇ ਐੱਸ.ਟੀ.ਐੱਫ ਦਾ ਨਾਮ ਬਦਲਕੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਰੱਖਿਆ ਸੀ। ਇਸ ਤੋਂ ਪਹਿਲਾਂ ਦੋਸ਼ੀ ਡੀ.ਐੱਸ.ਪੀ. ਅੰਮ੍ਰਿਤਸਰ ਐਸ.ਟੀ.ਐੱਫ ਵਿੱਚ ਤਾਇਨਾਤ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਜਾ ਰਹੀ ਟਰੇਨ ਜਲੰਧਰ ਤੋਂ ਭਟਕੀ ਰਾਹ, ਅੱਧਾ ਘੰਟਾ ਚੱਲਦੀ ਰਹੀ ਗ਼ਲਤ ਟਰੈਕ 'ਤੇ

ਡੀ.ਐਸ.ਪੀ. ਨੂੰ 2 ਮਹੀਨੇ ਪਹਿਲਾਂ ਪੀ.ਏ.ਪੀ. ਦੀ 9ਵੀਂ ਬਟਾਲੀਅਨ ਵਿਚ ਭੇਜਿਆ ਗਿਆ। 4 ਸਾਲ ਪਹਿਲਾਂ ਉਹ ਇੰਸਪੈਕਟਰ ਤੋਂ ਪ੍ਰਮੋਟ ਹੋ ਕੇ ਡੀ.ਐੱਸ.ਪੀ. ਬਣਿਆ। ਉਸ ਸਮੇਂ ਤੋਂ ਹੀ ਉਹ ਐੱਸ.ਟੀ.ਐੱਫ ਵਿਚ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਨੂੰ ਦੇਖ ਰਿਹਾ ਸੀ ਪਰ ਪਿਛਲੇ ਸਾਲ ਦਸੰਬਰ ਵਿਚ ਦਰਜ ਐੱਨ.ਡੀ.ਪੀ.ਐੱਸ. ਦੇ ਮਾਮਲੇ ਦੀ ਜਾਂਚ ਵਿਚ ਡੀ.ਐੱਸ.ਪੀ. 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਾ। ਜਾਂਚ ਦੇ ਤਹਿਤ ਦੋ ਮਹੀਨੇ ਪਹਿਲਾਂ ਉਸਨੂੰ ਐੱਸ.ਟੀ.ਐੱਫ ਤੋਂ ਹਟਾਇਆ ਗਿਆ। ਫਿਰ ਜਾਂਚ ਤੋਂ ਬਾਅਦ ਬੁੱਧਵਾਰ ਨੂੰ ਕੇਸ ਦਰਜ ਕੀਤਾ ਗਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News