ਸਾਊਦੀ ਤੋਂ ਖਾਲੀ ਹੱਥ ਪਰਤੇ ਪਾਕਿ ਆਰਮੀ ਚੀਫ, ਕ੍ਰਾਊਨ ਪ੍ਰਿੰਸ ਨੇ ਮਿਲਣ ਤੋਂ ਕੀਤਾ ਇਨਕਾਰ

Wednesday, Aug 19, 2020 - 06:26 PM (IST)

ਇਸਲਾਮਾਬਾਦ (ਬਿਊਰੋ): ਸਾਊਦੀ ਪ੍ਰਿੰਸ ਨੂੰ ਮਨਾਉਣ ਲਈ ਰਿਆਦ ਪਹੁੰਚੇ ਪਾਕਿਸਤਾਨ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਖਾਲੀ ਹੱਥ ਇਸਲਾਮਾਬਾਦ ਪਰਤ ਆਏ ਹਨ। ਉਹਨਾਂ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮਿਲਣ ਦੇ ਲਈ ਹਰ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਪਰ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਵਿਚ ਆਏ ਤਣਾਅ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ। ਸਾਊਦੀ ਕ੍ਰਾਊਨ ਪ੍ਰਿੰਸ ਨੇ ਦੋ ਟੂਕ ਲਹਿਜੇ ਵਿਚ ਪਾਕਿ ਆਰਮੀ ਚੀਫ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।

ਇੰਨਾ ਹੀ ਨਹੀਂ,ਸਾਊਦੀ ਨੇ ਪਹਿਲਾਂ ਪਾਕਿਸਤਾਨੀ ਫੌਜ ਮੁਖੀ ਜਨਰਲ ਬਾਜਵਾ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ। ਰਿਆਦ ਪ੍ਰਸ਼ਾਸਨ ਨੇ ਉਸ ਐਲਾਨ ਨੂੰ ਵੀ ਰੱਦ ਕਰ ਦਿੱਤਾ। ਆਪਣੀ ਕੋਸ਼ਿਸ਼ਾਂ ਵਿਚ ਅਸਫਲ ਹੋਏ ਬਾਜਵਾ ਨੇ ਸਾਊਦੀ ਅਰਬ ਦੇ ਫੌਜ ਮੁਖੀ ਫੈਅਦ ਬਿਨ ਹਾਮਿਦ ਅਲ ਰੂਵੈਲੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਸਾਊਦੀ ਅਰਬ ਨੂੰ ਹੋਰ ਜ਼ਿਆਦਾ ਮਿਲਟਰੀ ਮਦਦ ਦੇਣ ਦੀ ਇੱਛਾ ਵੀ ਜ਼ਾਹਰ ਕੀਤੀ।

ਪੜ੍ਹੋ ਇਹ ਅਹਿਮ ਖਬਰ- ਪੰਜਾਬੀ ਭਾਈਚਾਰੇ ਵਲੋਂ ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀ ਉਡਾਣ ਸ਼ੁਰੂ ਕਰਨ ਦਾ ਸਵਾਗਤ

ਅਸਲ ਵਿਚ ਸਾਊਦੀ ਅਰਬ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਬਿਆਨਾਂ ਕਾਰਨ ਗੁੱਸੇ ਵਿਚ ਹੈ। ਕੁਰੈਸ਼ੀ ਨੇ ਕਸ਼ਮੀਰ ਮਾਮਲੇ ਸਬੰਧੀ ਸਾਊਦੀ ਅਰਬ ਦੇ ਰਵੱਈਏ ਦੀ ਜਨਤਕ ਨਿੰਦਾ ਕੀਤੀ ਸੀ। ਉਹਨਾਂ ਨੇ ਸਾਊਦੀ ਨੂੰ ਧਮਕੀ ਦਿੰਦੇ ਹੋਏ ਕਸ਼ਮੀਰ 'ਤੇ ਇਕੱਲੇ ਬੈਠਕ ਬੁਲਾਉਣ ਦਾ ਵੀ ਐਲਾਨ ਕੀਤਾ ਸੀ। ਇਸੇ ਬਿਆਨ ਨਾਲ ਨਾਰਾਜ਼ ਸਾਊਦੀ ਨੇ ਪਾਕਿਸਤਾਨ ਨੂੰ ਦਿੱਤਾ ਜਾਣ ਵਾਲਾ  6.2 ਬਿਲੀਅਨ ਡਾਲਰ ਦਾ ਵਿੱਤੀ ਸੌਦਾ ਰੱਦ ਕਰ ਦਿੱਤਾ ਅਤੇ ਉਧਾਰ ਤੇਲ-ਗੈਸ ਦੇਣ 'ਤੇ ਵੀ ਰੋਕ ਲਗਾ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਕੁਰੈਸ਼ੀ ਦੀ ਕੁਰਸੀ ਵੀ ਜਾ ਸਕਦੀ ਹੈ।ਪਾਕਿਸਤਾਨ ਵਿਚ ਵੀ ਕੁਰੈਸ਼ੀ ਦੇ ਬਿਆਨ ਦੀ ਜਨਤਕ ਨਿੰਦਾ ਕੀਤੀ ਜਾ ਰਹੀ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਕੁਰੈਸ਼ੀ ਨੂੰ ਮੀਡੀਆ ਤੋਂ ਭੱਜਣਾ ਪੈ ਰਿਹਾ ਹੈ। 


Vandana

Content Editor

Related News