ਇਟਲੀ 'ਚ ਹੁਸ਼ਿਆਰਪੁਰ ਦੇ ਨੌਜਵਾਨ ਨੇ ਚਮਕਾਇਆ ਦੇਸ਼ ਦਾ ਨਾਂ, ਕੀਤਾ ਗਿਆ ਸਨਮਾਨਿਤ
Monday, May 15, 2023 - 04:22 PM (IST)
 
            
            ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਅਜਿਹਾ ਮੁਲਕ ਹੈ ਜਿੱਥੇ ਪੰਜਾਬੀਆਂ ਦੀ ਵੱਡੀ ਵੱਸੋਂ ਹੈ। ਵੱਖਰੀ ਭਾਸ਼ਾ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਸਖ਼ਤ ਮਿਹਨਤ ਦੇ ਸਦਕਾ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਜਿਸ ਕਾਰਨ ਇਟਾਲੀਅਨ ਮੂਲ ਤੋਂ ਇਲਾਵਾ ਹੋਰਨਾਂ ਮੂਲ ਦੇ ਲੋਕ ਵੀ ਪੰਜਾਬੀਆਂ ਦੀ ਮਿਹਨਤ ਦੇ ਮੁਰੀਦ ਹਨ। ਮਿਹਨਤ ਦੇ ਜ਼ਰੀਏ ਹੀ ਇੱਕ ਹੋਰ ਪੁਲਾਂਘਾਂ ਪੁੱਟਣ ਵਾਲਾ ਕਾਰਨਾਮਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੂਨਕ ਦੇ 25 ਸਾਲਾ ਮਨਪ੍ਰੀਤ ਸਿੰਘ ਨੇ ਕੀਤਾ ਹੈ। ਜਿਸ ਨੇ ਆਪਣੀ ਸਖ਼ਤ ਮਿਹਨਤ ਜ਼ਰੀਏ ਰਿਆਨ ਏਅਰਲਾਈਨਜ ਵਿੱਚ ਪਾਇਲਟ ਵੱਜੋਂ ਨੌਕਰੀ ਪ੍ਰਾਪਤ ਕਰਕੇ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਸੰਗਰੂਰ ਦੇ ਨੌਜਵਾਨ ਨੇ ਵਧਾਇਆ ਦੇਸ਼ ਦਾ ਮਾਣ, 19 ਸਾਲ ਦੀ ਉਮਰ 'ਚ ਹਾਸਲ ਕੀਤਾ ਇਹ ਮੁਕਾਮ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਦੇ ਪਿਤਾ ਮਨਮੋਹਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਕਾਰਪੀ ਮੋਦੇਨਾ ਵਿਖੇ ਰਹਿੰਦਾ ਹੈ। ਉਹਨਾ ਦਾ ਸਪੁੱਤਰ ਮਨਪ੍ਰੀਤ ਸਿੰਘ ਜੋ ਕਿ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਉਸ ਦਾ ਬਚਪਨ ਤੋਂ ਪਾਇਲਟ ਬਣਨ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ। ਉਹਨਾਂ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਸੁਪਰੀਓਰੇ ਰੀਜੋਮਿਲੀਆ ਤੋਂ ਛੋਟੇ ਜਹਾਜ ਦਾ ਲਾਇਸੈਂਸ ਪ੍ਰਾਪਤ ਕਰ ਲਿਆ ਸੀ। ਇਸ ਤੋਂ ਬਾਅਦ ਵੱਡੇ ਜਹਾਜ ਦੀ ਸਿਖਲਾਈ ਸਪੇਨ ਵਿੱਚ ਪ੍ਰਾਪਤ ਕਰਨ ਤੋਂ ਬਾਅਦ ਹੁਣ ਉਸ ਨੂੰ ਰਿਆਨ ਏਅਰ ਲਾਈਨ ਵਿਚ ਨੌਕਰੀ ਮਿਲ ਗਈ ਹੈ, ਜਿਸ ਦੀ ਨਿਯੁਕਤੀ ਲਈ ਮਨਪ੍ਰੀਤ ਸਿੰਘ 22 ਮਈ ਨੂੰ ਇੰਗਲੈਂਡ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-50 ਸਾਲਾਂ ਬਾਅਦ ਆਸਟ੍ਰੇਲੀਆ ਦੇ ਤੱਟ 'ਤੇ ਮਿਲਿਆ ਮਾਲਵਾਹਕ ਜਹਾਜ਼ ਦਾ ਮਲਬਾ (ਤਸਵੀਰਾਂ)
ਉਸਦੀ ਇਸ ਪ੍ਰਾਪਤੀ 'ਤੇ ਅੱਜ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਰੀਜੋਮਿਲੀਆ ਵਿਖੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਮਨਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਨਮੋਹਨ ਸਿੰਘ ਨੇ ਕਿਹਾ ਕਿ ਉਹਨਾਂ ਦੇ ਬੇਟੇ ਨੇ ਜੋ ਸੁਪਨਾ ਦੇਖਿਆ ਸੀ, ਉਹ ਪੂਰਾ ਕਰ ਲਿਆ ਹੈ। ਉਹਨਾਂ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਜਿੰਨ੍ਹਾਂ ਵੱਲੋਂ ਦੇਸ਼ ਦਾ ਨਾਮ ਚਮਕਾਉਣ ਵਾਲੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੰਗਰੂਰ ਦੇ ਨੌਜਵਾਨ ਹਰਮਨ ਸਿੰਘ ਨੇ ਵੀ ਰਿਆਨ ਏਅਰਲਾਈਨ ਵਿਚ ਨੌਕਰੀ ਹਾਸਲ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            