ਜਰਮਨੀ : 12-16 ਸਾਲ ਦੇ ਬੱਚਿਆਂ ਨੂੰ 7 ਜੂਨ ਤੋਂ ਲੱਗੇਗੀ ਕੋਰੋਨਾ ਵੈਕਸੀਨ
Friday, May 28, 2021 - 07:21 PM (IST)
ਬਰਲਿਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਇਹਨੀਂ ਦਿਨੀਂ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਚੰਗੀ ਖ਼ਬਰ ਹੈ ਕਿ ਹੁਣ ਜਰਮਨੀ ਵਿਚ ਵੀ ਬੱਚਿਆਂ ਨੂੰ 7 ਜੂਨ ਤੋਂ ਵੈਕਸੀਨ ਲਗਾਈ ਜਾਵੇਗੀ। ਵੈਕਸੀਨ ਦੀ ਇਹ ਖੁਰਾਕ ਸਿਰਫ 12-16 ਸਾਲ ਦੇ ਬੱਚਿਆਂ ਨੂੰ ਲੱਗੇਗੀ।ਇਸ ਗੱਲ ਦੀ ਜਾਣਕਾਰੀ ਜਰਮਨੀ ਦੇ ਸਥਾਨਕ ਨੇਤਾਵਾਂ ਨਾਲ ਗੱਲਬਾਤ ਦੇ ਬਾਅਦ ਐਂਜਲਾ ਮਰਕੇਲ ਨੇ ਦਿੱਤੀ। ਇੱਥੇ ਦੱਸ ਦਈਏ ਕਿ ਯੂਰਪੀਅਨ ਮੈਡੀਸਨ ਏਜੰਸੀ ਨੇ ਪਹਿਲਾਂ ਤੋਂ ਹੀ 16 ਤੋਂ 18 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਹਨਾਂ ਦਿਨੀਂ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਬੱਚਿਆਂ ਨੂੰ ਫਾਈਜ਼ਰ ਦੀ ਵੈਕਸੀਨ ਲਗਾਈ ਜਾ ਰਹੀ ਹੈ। ਜਰਮਨੀ ਦੇ ਸਥਾਨਕ ਨੇਤਾਵਾਂ ਨਾਲ ਗੱਲਬਾਤ ਦੇ ਬਾਅਦ ਐਂਜਲਾ ਮਰਕੇਲ ਨੇ ਕਿਹਾ ਕਿ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ 7 ਜੂਨ ਤੋਂ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਇਹ ਵੈਕਸੀਨ ਲਗਵਾਉਣਾ ਚਾਹੁੰਦੇ ਹਨ ਉਹਨਾਂ ਨੂੰ ਅਗਸਤ ਮਤਲਬ ਸਕੂਲ ਦੇ ਨਵੇਂ ਸੀਜਨ ਤੋਂ ਪਹਿਲਾਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਜਾਣਗੀਆਂ। ਮਰਕੇਲ ਨੇ ਪੱਤਰਕਾਰਾਂ ਨੂੰ ਕਿਹਾ,''ਮਾਤਾ-ਪਿਤਾ ਲਈ ਇਹ ਮੈਸੇਜ ਹੈ ਕਿ ਕਿਸੇ ਵੀ ਬੱਚੇ ਲਈ ਵੈਕਸੀਨ ਲਾਜ਼ਮੀ ਨਹੀਂ ਹੋਵੇਗੀ।''
ਉਹਨਾਂ ਨੇ ਕਿਹਾ ਕਿ ਸਕੂਲਾਂ ਨੂੰ ਵਿਦਿਆਰਥੀਆਂ ਦੇ ਟੀਕਾਕਰਨ ਦੀ ਲੋੜ ਨਹੀਂ ਹੋਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸੋਚਣਾ ਪੂਰੀ ਤਰ੍ਹਾਂ ਗਲਤ ਹੋਵੇਗਾ ਕਿ ਤੁਸੀਂ ਸਿਰਫ ਟੀਕਾਕਰਨ ਵਾਲੇ ਬੱਚੇ ਦੇ ਨਾਲ ਹੀ ਛੁੱਟੀ 'ਤੇ ਜਾ ਸਕਦੇ ਹੋ। ਇੱਥੇ ਦੱਸ ਦਈਏ ਕਿ ਇਸੇ ਮਹੀਨੇ ਕੈਨੇਡਾ ਦੇ ਸਿਹਤ ਰੈਗੁਲੇਟਰ ਨੇ 12 ਤੋਂ 16 ਸਾਲ ਦੀ ਉਮਰ ਦੇ ਬਾਲਗਾਂ ਲਈ ਫਾਈਜ਼ਰ ਦੇ ਕੋਵਿਡ-19 ਟੀਕੇ ਨੂੰ ਅਧਿਕਾਰਤ ਕੀਤਾ ਹੈ। ਇਸ ਦੇ ਇਲਾਵਾ ਅਮਰੀਕਾ ਸਮੇਤ ਕਈ ਖਾੜੀ ਦੇਸ਼ਾਂ ਵਿਚ ਵੀ ਇਹ ਵੈਕਸੀਨ ਬੱਚਿਆਂ ਨੂੰ ਲਗਾਈ ਜਾ ਰਹੀ ਹੈ। ਫਾਈਜ਼ਰ ਨੇ ਮਾਰਚ ਦੇ ਅਖੀਰ ਵਿਚ ਅਮਰੀਕਾ ਦੇ 12 ਤੋਂ 15 ਸਾਲ ਦੇ 2,260 ਕਾਰਕੁਨਾਂ 'ਤੇ ਕੀਤੇ ਗਏ ਇਕ ਅਧਿਐਨ ਦੇ ਸ਼ੁਰੂਆਤੀ ਨਤੀਜੇ ਜਾਰੀ ਕੀਤੇ ਸਨ। ਇਹਨਾਂ ਵਿਚ ਪਤਾ ਚੱਲਿਆ ਸੀ ਕਿ ਟੀਕਾ ਲਗਵਾ ਚੁੱਕੇ ਬਾਲਗਾਂ ਵਿਚ ਕਿਸੇ ਵਿਚ ਵੀ ਕੋਵਿਡ-19 ਦੇ ਕੋਈ ਮਾਮਲੇ ਨਹੀਂ ਸਨ।
ਨੋਟ- ਜਰਮਨੀ 'ਚ 12-16 ਸਾਲ ਦੇ ਬੱਚਿਆਂ ਨੂੰ 7 ਜੂਨ ਤੋਂ ਲੱਗੇਗੀ ਕੋਰੋਨਾ ਵੈਕਸੀਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।