ਪ੍ਰਸ਼ਾਦ ਦਾ ਲਾਲਚ ਦੇ ਕੇ ਤਿੰਨ ਬੱਚਿਆਂ ਨੂੰ ਕਾਰ ''ਚ ਲਿਜਾਣ ਦਾ ਦੋਸ਼, ਪੁਲਸ ਵਲੋਂ ਜਾਂਚ ਜਾਰੀ
Thursday, Mar 05, 2026 - 05:23 PM (IST)
ਬਠਿੰਡਾ (ਵਿਜੈ ਵਰਮਾ) : ਹੋਲੀ ਦੇ ਦਿਨ ਸ਼ਹਿਰ ਦੀ ਧੋਬਿਆਣਾ ਬਸਤੀ 'ਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਇੱਕ ਕਾਰ ਸਵਾਰ ਮਰਦ ਅਤੇ ਔਰਤ ‘ਤੇ ਤਿੰਨ ਮਾਸੂਮ ਬੱਚਿਆਂ ਨੂੰ ਪ੍ਰਸ਼ਾਦ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਕੇ ਜਾਣ ਦਾ ਦੋਸ਼ ਲੱਗਾ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ 'ਚ ਹੜਕੰਪ ਮਚ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਦੇ ਅਗਵਾ ਹੋਣ ਦੀ ਆਸ਼ੰਕਾ ਜਤਾਈ।
ਸੂਚਨਾ ਮਿਲਣ ਉਪਰੰਤ ਪੀ. ਸੀ. ਆਰ. ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕੰਟਰੋਲ ਰੂਮ ਰਾਹੀਂ ਅਲਰਟ ਜਾਰੀ ਕੀਤਾ ਗਿਆ। ਹਾਲਾਂਕਿ ਕੁੱਝ ਹੀ ਸਮੇਂ ਬਾਅਦ ਤਿੰਨੇ ਬੱਚੇ ਸੁਰੱਖਿਅਤ ਤੌਰ ‘ਤੇ ਬਸਤੀ 'ਚ ਵਾਪਸ ਆ ਗਏ, ਜਿਸ ਨਾਲ ਪਰਿਵਾਰ ਨੇ ਰਾਹਤ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਹੋਲੀ ਦੇ ਦਿਨ ਫੂਲਨ ਕੁਮਾਰੀ ਨੇ ਆਪਣੇ ਚਾਰ ਬੱਚਿਆਂ ਨੂੰ ਨੇੜਲੀ ਦੁਕਾਨ ਤੋਂ ਸਮਾਨ ਲਿਆਉਣ ਲਈ ਭੇਜਿਆ ਸੀ। ਬੱਚਿਆਂ ਦੀ ਉਮਰ ਤਿੰਨ ਤੋਂ ਸੱਤ ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਇਨ੍ਹਾਂ 'ਚ ਦੋ ਮੁੰਡੇ ਅਤੇ ਦੋ ਕੁੜੀਆਂ ਸ਼ਾਮਲ ਸਨ।
ਪਰਿਵਾਰ ਦੀ ਧੀ ਖੁਸ਼ਬੂ ਨੇ ਦੱਸਿਆ ਕਿ ਰਸਤੇ 'ਚ ਇੱਕ ਫੋਰਡ ਕਾਰ 'ਚ ਸਵਾਰ ਮਰਦ ਅਤੇ ਗੁਲਾਬੀ ਸੂਟ ਪਹਿਨੀ ਔਰਤ ਨੇ ਉਨ੍ਹਾਂ ਨੂੰ ਪ੍ਰਸ਼ਾਦ ਦਿਵਾਉਣ ਦੀ ਗੱਲ ਕਹੀ ਅਤੇ ਉਸ ਦੇ ਤਿੰਨ ਭੈਣ-ਭਰਾਵਾਂ ਨੂੰ ਕਾਰ 'ਚ ਬਿਠਾ ਕੇ ਲੈ ਗਏ। ਖੁਸ਼ਬੂ ਨੇ ਇਹ ਕਹਿ ਕੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਉਨ੍ਹਾਂ ਨੂੰ ਨਹੀਂ ਜਾਣਦੀ। ਇਸ ਤੋਂ ਬਾਅਦ ਉਸ ਨੇ ਤੁਰੰਤ ਬਸਤੀ 'ਚ ਆ ਕੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਇਲਾਕੇ 'ਚ ਹੜਕੰਪ ਮਚ ਗਿਆ। ਪਰਿਵਾਰਕ ਮੈਂਬਰਾਂ ਨੇ ਧੋਬਿਆਣਾ ਬਸਤੀ ਦੇ ਨੇੜੇ ਹੋਲੀ ਦੌਰਾਨ ਹੁੜਦੰਗ ਰੋਕਣ ਲਈ ਤਾਇਨਾਤ ਪੀ. ਸੀ. ਆਰ. ਟੀਮਾਂ ਨੂੰ ਸੂਚਿਤ ਕੀਤਾ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਸਤੀ ਦੇ ਰਹਿਣ ਵਾਲੇ ਕਰਨ ਨੂੰ ਤਿੰਨੋ ਬੱਚੇ ਰਸਤੇ 'ਚ ਮਿਲੇ, ਜਿਨ੍ਹਾਂ ਨੂੰ ਉਹ ਸੁਰੱਖਿਅਤ ਘਰ ਵਾਪਸ ਲੈ ਆਇਆ। ਬੱਚਿਆਂ ਦੇ ਵਾਪਸ ਆਉਣ ਤੋਂ ਬਾਅਦ ਪੁਲਸ ਨੇ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਪੁਲਸ ਇਸ ਮਾਮਲੇ ਨੂੰ ਦੋ ਪੱਖਾਂ ਤੋਂ ਦੇਖ ਰਹੀ ਹੈ। ਇੱਕ ਪੱਖ ਇਹ ਹੈ ਕਿ ਕਿਤੇ ਇਹ ਧਾਰਮਿਕ ਪਰੰਪਰਾਵਾਂ ਅਨੁਸਾਰ ਪ੍ਰਸ਼ਾਦ ਖਿਲਾਉਣ ਲਈ ਲੈ ਜਾਣ ਦਾ ਮਾਮਲਾ ਤਾਂ ਨਹੀਂ, ਜਿਵੇਂ ਕਿ ਕੰਜਕ ਪੂਜਨ ਜਾਂ ਹੋਰ ਧਾਰਮਿਕ ਸਮਾਗਮਾਂ ਦੌਰਾਨ ਕਈ ਵਾਰ ਹੁੰਦਾ ਹੈ। ਹਾਲਾਂਕਿ ਆਮ ਤੌਰ ‘ਤੇ ਅਜਿਹੇ ਮੌਕਿਆਂ ‘ਤੇ ਪਰਿਵਾਰਕ ਮੈਂਬਰਾਂ ਤੋਂ ਇਜਾਜ਼ਤ ਲਈ ਜਾਂਦੀ ਹੈ। ਦੂਜੇ ਪੱਖ ਤੋਂ ਪੁਲਸ ਇਹ ਵੀ ਜਾਂਚ ਰਹੀ ਹੈ ਕਿ ਬੱਚਿਆਂ ਨੂੰ ਲੈ ਜਾਣ ਵਾਲੇ ਲੋਕ ਕੌਣ ਸਨ ਅਤੇ ਕਿਤੇ ਉਨ੍ਹਾਂ ਦੀ ਮੰਸ਼ਾ ਗਲਤ ਤਾਂ ਨਹੀਂ ਸੀ। ਥਾਣਾ ਸਿਵਲ ਲਾਈਨ ਦੇ ਸਬ ਇੰਸਪੈਕਟਰ ਰਘੁਵੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਅਤੇ ਸਥਾਨਕ ਲੋਕਾਂ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਕਾਰ ਸਵਾਰ ਮਰਦ ਅਤੇ ਔਰਤ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ ਅਤੇ ਸੀ. ਸੀ. ਟੀ. ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਹੀ ਅਗਲਾ ਖ਼ੁਲਾਸਾ ਕੀਤਾ ਜਾਵੇਗਾ। ਘਟਨਾ ਤੋਂ ਬਾਅਦ ਧੋਬਿਆਣਾ ਬਸਤੀ ਵਿੱਚ ਡਰ ਦਾ ਮਾਹੌਲ ਹੈ ਅਤੇ ਲੋਕਾਂ ਨੇ ਪੁਲਸ ਤੋਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
