ਦੁਨੀਆ ਦਾ ਸਭ ਤੋਂ ਨਵਾਂ ਦੇਸ਼ ਬਣਨ ਨੇੜੇ ਬੋਗਨਵਿਲੇ, 98 ਫੀਸਦੀ ਲੋਕਾਂ ਨੇ ਕੀਤਾ ਸਮਰਥਨ

Thursday, Dec 12, 2019 - 05:22 PM (IST)

ਦੁਨੀਆ ਦਾ ਸਭ ਤੋਂ ਨਵਾਂ ਦੇਸ਼ ਬਣਨ ਨੇੜੇ ਬੋਗਨਵਿਲੇ, 98 ਫੀਸਦੀ ਲੋਕਾਂ ਨੇ ਕੀਤਾ ਸਮਰਥਨ

ਪੋਰਟ ਮੋਸਰਬੀ- ਪ੍ਰਸ਼ਾਂਤ ਮਹਾਸਾਗਰ ਵਿਚ ਸਥਿਤ ਟਾਪੂ ਬੋਗਨਵਿਲੇ ਪਾਪੂਆ ਨਿਊਗਿਨੀ (ਪੀ.ਐਨ.ਜੀ.) ਦਾ ਹਿੱਸਾ ਹੈ। ਪੀ.ਐਨ.ਜੀ. ਤੋਂ ਵੱਖ ਹੋਣ ਨੂੰ ਲੈ ਕੇ ਬੋਗਨਵਿਲੇ ਵਿਚ 23 ਸਤੰਬਰ ਤੋਂ ਵੋਟਿੰਗ ਹੋ ਰਹੀ ਸੀ। ਬੁੱਧਵਾਰ ਨੂੰ ਆਏ ਨਤੀਜੇ ਵਿਚ ਇਥੋਂ ਦੇ ਲੋਕਾਂ ਨੇ ਪੀ.ਐਨ.ਜੀ. ਤੋਂ ਆਜ਼ਾਦ ਹੋਣ ਦੇ ਸਮਰਥਨ ਵਿਚ ਭਾਰੀ ਵੋਟਿੰਗ ਕੀਤੀ। ਲਿਹਾਜ਼ਾ ਬੋਗਨਵਿਲੇ ਦੁਨੀਆ ਦਾ ਸਭ ਤੋਂ ਨਵਾਂ ਦੇਸ਼ ਬਣਨ ਜਾ ਰਿਹਾ ਹੈ।

ਬੋਗਨਵਿਲੇ ਰੈਫਰੈਂਡਮ ਕਮੀਸ਼ਨ ਦੇ ਪ੍ਰਧਾਨ ਬਰਟੀ ਆਹਰਨ ਨੇ ਬੁਕਾ (ਬੋਗਨਵਿਲੇ ਦੀ ਰਾਜਧਾਨੀ) ਵਿਚ ਐਲਾਨ ਕੀਤਾ ਕਿ 1,81,067 ਵਿਚੋਂ 98 ਫੀਸਦੀ ਲੋਕਾਂ ਨੇ ਆਜ਼ਾਦੀ ਦੇ ਸਮਰਥਨ ਵਿਚ ਵੋਟ ਦਿੱਤਾ, ਜਦਕਿ ਵਿਰੋਧ ਵਿਚ ਸਿਰਫ 3,043 ਲੋਕਾਂ ਨੇ ਹੀ ਵੋਟਿੰਗ ਕੀਤੀ। ਆਹਰਨ ਨੇ ਸਾਰੇ ਪੱਖਾਂ ਨੂੰ ਨਤੀਜੇ ਮੰਨਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਵੋਟ ਤੁਹਾਡੀ ਸ਼ਾਂਤੀ, ਤੁਹਾਡੇ ਇਤਿਹਾਸ ਤੇ ਤੁਹਾਡੇ ਭਵਿੱਖ ਨੂੰ ਲੈ ਕੇ ਹੈ। ਇਹ ਹਥਿਆਰਾਂ 'ਤੇ ਕਲਮ ਦੀ ਤਾਕਤ ਨੂੰ ਦਿਖਾਉਂਦਾ ਹੈ।

ਰੈਫਰੈਂਡਮ ਪੀ.ਐਨ.ਬੀ. ਦੀ ਸੰਸਦ ਵਿਚ ਹੋਵੇਗਾ ਪੇਸ਼
ਇਸ ਰੈਫਰੈਂਡਮ ਨੂੰ ਪਾਪੂਆ ਨਿਊਗਿਨੀ ਦੀ ਸੰਸਦ ਵਿਚ ਪੇਸ਼ ਕੀਤਾ ਜਾਣਾ ਹੈ, ਜਿਥੇ ਇਸ ਦਾ ਵਿਰੋਧ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਵੱਡੇ ਪੱਧਰ 'ਤੇ ਲੋਕਾਂ ਨੇ ਆਜ਼ਾਦੀ ਦਾ ਸਮਰਥਨ ਕੀਤਾ ਹੈ, ਜਿਸ ਨਾਲ ਪੋਰਟ ਮੋਸੇਰਬੀ 'ਤੇ ਦਬਾਅ ਬਣਿਆ ਰਹੇਗਾ। ਬੋਗਨਵਿਲੇ ਪਾਪੂਆ ਨਿਊਗਿਨੀ ਦਾ ਇਕ ਸੂਬਾ ਹੈ। ਇਥੋਂ ਦੇ ਲੋਕ ਖੁਦ ਨੂੰ ਪੀ.ਐਨ.ਜੀ. ਤੋਂ ਸੁਤੰਤਰ ਮੰਨਦੇ ਹਨ। ਇਸ ਦਾ ਨਾਂ 18ਵੀਂ ਸਦੀ ਸ਼ਤਾਬਦੀ ਦੇ ਫ੍ਰਾਂਸੀਸੀ ਖੋਜਕਰਤਾ ਦੇ ਨਾਂ 'ਤੇ ਰੱਖਿਆ ਗਿਆ। ਪੀ.ਐਨ.ਜੀ. ਦੇ 1975 ਵਿਚ ਆਸਟਰੇਲੀਆ ਤੋਂ ਆਜ਼ਾਦ ਹੋਣ ਤੋਂ ਪਹਿਲਾਂ ਹੀ ਬੋਹਨਵਿਲੇ ਦੀ ਆਜ਼ਾਦੀ ਦਾ ਐਲਾਨ ਹੋ ਗਿਆ ਸੀ। ਪੀ.ਐਨ.ਜੀ. ਤੇ ਆਸਟਰੇਲੀਆ ਨੇ ਬੋਗਨਵਿਲੇ ਨੂੰ ਕਦੇ ਆਜ਼ਾਦ ਨਹੀਂ ਮੰਨਿਆ। ਇਹ ਵੋਟਿੰਗ 2001 ਦੇ ਸ਼ਾਂਤੀ ਸਮਝੌਤੇ ਦਾ ਇਕ ਹਿੱਸਾ ਹੈ।

ਤਾਂਬੇ ਲਈ 1980 ਦੇ ਦਹਾਕੇ ਵਿਚ ਬੋਗਨਵਿਲੇ ਵਿਚ ਹੋਇਆ ਸੰਘਰਸ਼
2001 ਵਿਚ ਪੀ.ਐਨ.ਜੀ. ਸਰਕਾਰ ਨੇ ਦਹਾਕਿਆਂ ਤੱਕ ਚੱਲੇ ਗ੍ਰਹਿ ਯੁੱਧ ਨੂੰ ਖਤਮ ਕਰਨ ਲਈ ਇਕ ਸ਼ਾਂਤੀ ਸਮਝੌਤੇ ਦੇ ਰੂਪ ਵਿਚ ਵੋਟਿੰਗ ਦਾ ਵਾਅਦਾ ਕੀਤਾ ਸੀ। 1980 ਦੇ ਦਹਾਕੇ ਵਿਚ ਬੋਗਨਵਿਲੇ ਵਿਚ ਹਿੰਸਾ ਸ਼ੁਰੂ ਹੋਈ। ਇਸ ਦਾ ਕਾਰਨ ਪੰਗੁਨਾ ਵਿਚ ਸਥਿਤ ਵਿਸ਼ਾਲ ਤਾਂਬੇ ਦੀ ਖਾਨ ਸੀ। 1988 ਤੋਂ ਲੈ ਕੇ 1998 ਤੱਕ ਕਰੀਬ 10 ਸਾਲ ਤੱਕ ਬੋਗਨਵਿਲੇ ਵਿਚ ਲੜਾਕਿਆਂ, ਪਾਪੂਆ ਨਿਊਗਿਨੀ ਫੌਜ ਤੇ ਕਿਰਾਏ 'ਤੇ ਲਏ ਵਿਦੇਸ਼ੀ ਫੌਜੀਆਂ ਦੇ ਵਿਚਾਲੇ ਜੰਗ ਚੱਲਦੀ ਰਹੀ। ਇਸ ਵਿਚ ਕਰੀਬ 20 ਹਜ਼ਾਰ ਲੋਕਾਂ ਦੀ ਜਾਨ ਗਈ।


author

Baljit Singh

Content Editor

Related News