ਲਾਲ ਕਿਲੇ ’ਤੇ ਤਿੰਨ ਰੋਜ਼ਾ ਸਮਾਗਮਾਂ ਦੌਰਾਨ 6 ਲੱਖ ਲੋਕਾਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ : ਕਾਲਕਾ, ਕਾਹਲੋਂ
Thursday, Nov 27, 2025 - 10:31 AM (IST)
ਅੰਮ੍ਰਿਤਸਰ, (ਸਰਬਜੀਤ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿੰਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ’ਤੇ ਲਾਲ ਕਿਲੇ ’ਤੇ ਹੋਏ ਤਿੰਨ ਰੋਜ਼ਾ ਸਮਾਗਮਾਂ ਵਿਚ 6 ਲੱਖ ਲੋਕਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ।
ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਏ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸੰਗਤਾਂ ਵੱਲੋਂ ਇਹਨਾਂ ਸਮਾਗਮਾਂ ਪ੍ਰਤੀ ਇਤਿਹਾਸਕ ਹੁੰਗਾਰਾ ਭਰਨ ਲਈ ਉਨ੍ਹਾਂ ਦਾ ਰੋਮ-ਰੋਮ ਸੰਗਤਾਂ ਦਾ ਧੰਨਵਾਦੀ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਰੇਖਾ ਗੁਪਤਾ ਅਤੇ ਸੰਤਾਂ-ਮਹਾਪੁਰਖਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਹਾਜ਼ਰੀ ਨੇ ਸਮਾਗਮਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡਾ ਵਿਰੋਧ ਕਰਨ ਵਾਲੇ ਸਿਆਸੀ ਵਿਰੋਧੀਆਂ ਨੇ ਇਨ੍ਹਾਂੇ ਇਤਿਹਾਸਕ ਦਿਹਾੜਿਆਂ ਦਾ ਵਿਰੋਧ ਕਰਨ ਵਾਸਤੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਇਨ੍ਹਾਂ ਇਤਿਹਾਸਕ ਸਮਾਗਮਾਂ ਦੇ ਬਰਾਬਰ ਸਮਾਗਮ ਰੱਖੇ ਗਏ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਕਿਉਂਕਿ ਦਿੱਲੀ ਵਿਚ ਹੋਈ ਸੀ, ਇਸ ਲਈ ਇਹ ਸਮਾਗਮ ਆਯੋਜਿਤ ਕਰਨ ਦੀ ਮੁੱਢਲੀ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਕਮੇਟੀ ਦੀ ਬਣਦੀ ਸੀ ਪਰ ਕੌਮ ਦੀ ਵੱਡੀ ਸੰਸਥਾ ਚਲਾਉਣ ਵਾਲਿਆਂ ਨੇ ਬਰਾਬਰ ਦੇ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਚ ਰੱਖ ਦਿੱਤੇ ਤੇ ਰਹਿੰਦੀ-ਖੂੰਹਦੀ ਕਸਰ ਪੰਜਾਬ ਸਰਕਾਰ ਨੇ ਵੱਖਰੇ ਸਮਾਗਮ ਰੱਖ ਕੇ ਕੱਢੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਫੈਸਲਿਆਂ ਨੇ ਉਲਟਾ ਸੰਗਤ ਵਿਚ ਦੁਬਿਧਾ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵੀ ਬਰਾਬਰ ਦੇ ਨਗਰ ਕੀਰਤਨ ਸਜਾਉਣ ਦੇ ਯਤਨ ਕੀਤੇ ਗਏ ਪਰ ਉਹ ਸੰਗਤਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਲਾਲ ਕਿਲੇ ’ਤੇ ਹੋਏ ਸਮਾਗਮਾਂ ਵਿਚ ਭਰਪੂਰ ਹਾਜ਼ਰੀ ਨਾਲ ਸਮਾਗਮ ਸਫਲ ਕੀਤੇ।
ਲਾਲ ਕਿਲੇ ’ਤੇ ਪ੍ਰਦਰਸ਼ਨੀ ਅਤੇ ਲਾਈਟ ਐਂਡ ਸਾਊਂਡ ਸ਼ੋਅ 30 ਨਵੰਬਰ ਤੱਕ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਲਾਲ ਕਿਲੇ ’ਤੇ ਹੋਏ ਤਿੰਨ ਰੋਜ਼ਾ ਸਮਾਗਮਾਂ ਦੌਰਾਨ ਭਾਈ ਮਤੀ ਦਾਸ ਜੀ ਦੇ ਨਾਂ ’ਤੇ ਮਿਊਜ਼ੀਅਮ ਵਿਚ ਇਕ ਪ੍ਰਦਰਸ਼ਨੀ ਲਾਉਣ ਦੇ ਨਾਲ-ਨਾਲ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਜ਼ੋਰਦਾਰ ਮੰਗ ’ਤੇ ਅਸੀਂ ਇਹ ਮਾਮਲਾ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ ਕਪਿਲ ਮਿਸ਼ਰਾ ਅਤੇ ਮਨਜਿੰਦਰ ਸਿੰਘ ਸਿਰਸਾ ਕੋਲ ਉਠਾਇਆ ਅਤੇ ਹੁਣ ਦਿੱਲੀ ਸਰਕਾਰ ਨੇ ਇਸ ਮਿਊਜ਼ੀਅਮ ਵਿਚ ਪ੍ਰਦਰਸ਼ਨੀ ਅਤੇ ਲਾਈਟ ਐਂਡ ਸਾਊਂਡ ਸ਼ੋਅ 30 ਨਵੰਬਰ ਤੱਕ ਵਧਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸ਼ਾਮ 5.00 ਵਜੇ ਤੋਂ ਰਾਤ 10.00 ਵਜੇ ਤੱਕ ਹੋਣਗੇ।
