ਅੱਜ ਵੀ ਦੇਸ਼ ਦੀ ਏਕਤਾ-ਅਖੰਡਤਾ ਦਾ ਸੁਨੇਹਾ ਦੇ ਰਹੇ ਤਿੰਨ ਕਰੋੜ ਪੰਜਾਬੀ: ਹਰਪਾਲ ਚੀਮਾ

Monday, Nov 24, 2025 - 03:06 PM (IST)

ਅੱਜ ਵੀ ਦੇਸ਼ ਦੀ ਏਕਤਾ-ਅਖੰਡਤਾ ਦਾ ਸੁਨੇਹਾ ਦੇ ਰਹੇ ਤਿੰਨ ਕਰੋੜ ਪੰਜਾਬੀ: ਹਰਪਾਲ ਚੀਮਾ

ਸ੍ਰੀ ਅਨੰਦਪੁਰ ਸਾਹਿਬ: ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ। 

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਵੀ ਦੇਸ਼ ਦੇ ਕਈ ਹਿੱਸਿਆਂ ਵਿਚ ਬਹੁਤ ਵੱਡੇ ਪੱਧਰ 'ਤੇ ਜ਼ੁਲਮ ਹੋ ਰਹੇ ਹਨ। ਉਨ੍ਹਾਂ ਮਣੀਪੁਰ, ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਵੀ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਦੀ ਕਿਸਾਨੀ, ਪੜ੍ਹਾਈ, ਪਾਣੀਆਂ 'ਤੇ ਹਮਲੇ ਤੋਂ ਬਾਅਦ ਹੁਣ ਰਾਜਧਾਨੀ ਚੰਡੀਗੜ੍ਹ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸ਼ਾਸਕ ਲਗਾਤਾਰ ਧਾੜਵੀ ਬਣ ਕੇ ਪੰਜਾਬ ਤੇ ਹਮਲੇ ਕਰ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 350 ਸਾਲ ਪਹਿਲਾਂ ਇਸ ਦੇਸ਼ ਨੂੰ ਇਕੱਠੇ ਰੱਖਣ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਤੇ ਅੱਜ ਵੀ ਪੰਜਾਬ ਦੇ ਤਿੰਨ ਕਰੋੜ ਪੰਜਾਬੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾ ਕੇ ਰੱਖਣ ਦਾ ਸੁਨੇਹਾ ਦੇ ਰਹੇ ਹਨ। ਉਨ੍ਹਾਂ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ 'ਚ ਬੁਲਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ। 


author

Anmol Tagra

Content Editor

Related News