ਲਾਡੋਵਾਲ ਟੋਲ ਪਲਾਜ਼ਾ ਨੇੜੇ ਹੋਏ ਐਨਕਾਊਂਟਰ ਨਾਲ ਜੁੜੀ ਵੱਡੀ ਅਪਡੇਟ
Friday, Nov 21, 2025 - 12:58 PM (IST)
ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਦੀ ਪੁਲਸ ਨੇ ਪੁਲਸ ਟੀਮ 'ਤੇ ਗੋਲ਼ੀਆਂ ਚਲਾਉਣ ਵਾਲੇ ਮੁਲਜ਼ਮਾਂ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਗਸ਼ਤ ਦੌਰਾਨ ਜਲੰਧਰ ਬਾਈਪਾਸ ਨੇੜੇ ਮੌਜੂਦ ਸੀ ਤੇ ਇਸੇ ਦੌਰਾਨ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਦੋ ਮੁਲਜ਼ਮ ਟੋਲ ਪਲਾਜ਼ਾ ਨੇੜੇ ਨਾਜਾਇਜ਼ ਹਥਿਆਰ ਲੈ ਕੇ ਘੁੰਮ ਰਹੇ ਹਨ। ਇਸ ਮਗਰੋਂ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਮੋਟਰਸਾਈਕਲ ਸਵਾਰ ਦੋਹਾਂ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਮੁਲਜ਼ਮਾਂ ਨੇ ਪੁਲਸ ਟੀਮ ਉੱਪਰ ਫ਼ਾਇਰਿੰਗ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵਿਹਲੇ ਬੈਠਣ ਦਾ ਮੁਕਾਬਲਾ! ਕੁਝ ਨਾ ਕਰਨ 'ਤੇ ਮਿਲਣਗੇ Cash Prize, ਜਾਣੋ ਕੀ ਨੇ ਸ਼ਰਤਾਂ
ਇਹ ਗੋਲ਼ੀਆਂ ਪੁਲਸ ਦੀ ਸਰਕਾਰੀ ਗੱਡੀ 'ਤੇ ਲੱਗੀਆਂ। ਇਸ ਮਗਰੋਂ ਪੁਲਸ ਟੀਮ ਨੇ ਵੀ ਜਵਾਬੀ ਫ਼ਾਇਰਿੰਗ ਕੀਤੀ। ਇਸ ਵਿਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਦੀਪੂ ਪੁੱਤਰ ਹਨੂੰਮਾਨ ਪ੍ਰਸਾਦ ਵਾਸੀ ਪਿੰਡ ਸ਼ੇਰੇਵਾਲ ਫਾਜ਼ਿਲਕਾ ਤੇ ਰਾਮਲਾਲ ਪੁੱਤਰ ਅਮਰਚੰਦ ਵਾਸੀ ਗੰਗਾਨਗਰ ਰਾਜਸਥਾਨ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ 'ਚੋਂ ਦੋ ਪਿਸਟਲ, ਪੰਜ ਜ਼ਿੰਦਾ ਕਾਰਤੂਸ ਤੇ ਇਕ ਮੋਟਰਸਾਈਕਲ ਬਰਾਮਦ ਕਰ ਕੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
