BMW 'ਚ ਆਈ ਵੱਡੀ ਗੜਬੜੀ, ਕੰਪਨੀ ਨੇ ਵਾਪਸ ਮੰਗਵਾਏ 13 ਲੱਖ ਤੋਂ ਵਧੇਰੇ ਵਾਹਨ

Friday, Aug 16, 2024 - 07:04 PM (IST)

BMW 'ਚ ਆਈ ਵੱਡੀ ਗੜਬੜੀ, ਕੰਪਨੀ ਨੇ ਵਾਪਸ ਮੰਗਵਾਏ 13 ਲੱਖ ਤੋਂ ਵਧੇਰੇ ਵਾਹਨ

ਬੀਜਿੰਗ : ਲਗਜ਼ਰੀ ਵਾਹਨ ਨਿਰਮਾਤਾ ਕੰਪਨੀ BMW ਚੀਨ 'ਚ ਟਕਾਟਾ ਏਅਰਬੈਗ ਇਨਫਲੇਟਰਾਂ ਨਾਲ ਲੈਸ ਕਰੀਬ 1.3 ਮਿਲੀਅਨ ਵਾਹਨ ਵਾਪਸ ਮੰਗਵਾ ਰਹੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਸਰਕਾਰੀ ਮਾਰਕੀਟ ਰੈਗੂਲੇਸ਼ਨ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੀਐੱਮਡਬਲਯੂ ਦੇ ਫੈਸਲੇ ਵਿਚ 2005 ਤੋਂ 2017 ਦਰਮਿਆਨ ਚੀਨ ਵਿੱਚ ਨਿਰਮਿਤ ਲਗਭਗ 6,00,000 ਵਾਹਨਾਂ ਤੇ 2003 ਤੋਂ 2018 ਦਰਮਿਆਨ ਦਰਾਮਦ ਕੀਤੇ ਗਏ 7.50 ਲੱਖ ਵਾਹਨ ਸ਼ਾਮਲ ਹਨ। ਇਨ੍ਹਾਂ ਵਾਹਨਾਂ ਵਿੱਚ BMW ਦੀ ਸੀਰੀਜ਼-1 ਤੋਂ ਸੀਰੀਜ਼-6 ਕਾਰਾਂ ਅਤੇ X1, X3, X4, X5 ਅਤੇ X6 SUV ਵਰਗੇ ਕਈ ਮਾਡਲ ਸ਼ਾਮਲ ਹਨ। 

ਵਾਹਨਾਂ ਨੂੰ ਵਾਪਸ ਬੁਲਾਉਣ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਏਅਰਬੈਗ ਖੁੱਲ੍ਹਣ 'ਤੇ ਇਨਫਲੇਟਰ ਫਟਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਾਰ ਦੇ ਟੁਕੜੇ ਹੋ ਸਕਦੇ ਹਨ, ਜਿਸ ਨਾਲ ਵਾਹਨ ਵਿੱਚ ਸਵਾਰ ਵਿਅਕਤੀਆਂ ਨੂੰ ਸੱਟ ਲੱਗ ਸਕਦੀ ਹੈ। ਅਸਲ ਵਿਚ  2009 ਤੋਂ ਅਮਰੀਕਾ, ਮਲੇਸ਼ੀਆ ਅਤੇ ਆਸਟਰੇਲੀਆ ਵਿੱਚ ਘੱਟੋ-ਘੱਟ 35 ਲੋਕਾਂ ਦੀ ਮੌਤ ਲਈ ਟਾਕਾਟਾ ਏਅਰਬੈਗ ਇਨਫਲੇਟਰਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪਿਛਲੇ ਮਹੀਨੇ ਅਮਰੀਕੀ ਬਾਜ਼ਾਰ 'ਚ 3.90 ਲੱਖ ਤੋਂ ਜ਼ਿਆਦਾ BMW ਵਾਹਨਾਂ ਨੂੰ ਵਾਪਸ ਮੰਗਵਾਉਣ ਦਾ ਐਲਾਨ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਫੋਰਡ ਅਤੇ ਮਾਜ਼ਦਾ ਕੰਪਨੀਆਂ ਨੇ ਅਮਰੀਕਾ 'ਚ 4.75 ਲੱਖ ਤੋਂ ਜ਼ਿਆਦਾ ਵਾਹਨਾਂ ਦੇ ਮਾਲਕਾਂ ਨੂੰ ਟਾਕਾਟਾ ਏਅਰਬੈਗ ਇਨਫਲੇਟਰਸ ਬਾਰੇ ਚਿਤਾਵਨੀ ਦਿੱਤੀ ਹੈ। 

ਚੀਨੀ ਮਾਰਕੀਟ ਰੈਗੂਲੇਟਰ ਨੇ ਕਿਹਾ ਕਿ BMW ਕਾਰਾਂ ਦੇ ਮਾਲਕ ਆਪਣੇ ਸਟੀਅਰਿੰਗ ਵ੍ਹੀਲ ਦੀ ਜਾਂਚ ਕਰਵਾਉਣ ਲਈ ਡੀਲਰ ਕੋਲ ਜਾ ਸਕਦੇ ਹਨ ਜਾਂ ਆਪਣੇ ਸਟੀਅਰਿੰਗ ਵ੍ਹੀਲ ਦੀ ਫੋਟੋ ਅਤੇ ਆਪਣੇ ਵਾਹਨ ਪਛਾਣ ਨੰਬਰ ਨੂੰ ਅਪਲੋਡ ਕਰਕੇ ਦੋ ਹਫ਼ਤਿਆਂ ਦੇ ਅੰਦਰ ਜਵਾਬ ਪ੍ਰਾਪਤ ਕਰ ਸਕਦੇ ਹਨ। ਕੰਪਨੀ ਸਮੱਸਿਆ ਤੋਂ ਪ੍ਰਭਾਵਿਤ ਵਾਹਨਾਂ 'ਚ ਡਰਾਈਵਰ ਸਾਈਡ ਏਅਰਬੈਗ ਨੂੰ ਮੁਫਤ 'ਚ ਬਦਲੇਗੀ।


author

Baljit Singh

Content Editor

Related News