ਇਨ੍ਹਾਂ ਕਾਰਾਂ ਦੇ ਦਮ ''ਤੇ Kia ਨੇ ਬਣਾਇਆ ਰਿਕਾਰਡ, ਵੇਚ''ਤੀਆਂ 27,610 ਗੱਡੀਆਂ
Monday, Mar 02, 2026 - 07:08 PM (IST)
ਆਟੋ ਡੈਸਕ- ਦੱਖਣੀ ਕੋਰੀਆਈ ਕਾਰ ਨਿਰਮਾਤਾ ਕੰਪਨੀ ਕੀਆ (Kia) ਨੇ ਫਰਵਰੀ 2026 ਵਿੱਚ ਭਾਰਤੀ ਬਾਜ਼ਾਰ ਵਿੱਚ ਵਿਕਰੀ ਦਾ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਕੰਪਨੀ ਨੇ ਇਸ ਮਹੀਨੇ ਦੌਰਾਨ 27,610 ਗੱਡੀਆਂ ਦੀ ਵਿਕਰੀ ਕੀਤੀ ਹੈ, ਜੋ ਕਿ ਫਰਵਰੀ ਦੇ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਥੋਕ ਵਿਕਰੀ ਹੈ।
ਇਹ ਵਿਕਰੀ ਫਰਵਰੀ 2025 ਵਿੱਚ ਹੋਈ 25,026 ਯੂਨਿਟਾਂ ਦੀ ਵਿਕਰੀ ਦੇ ਮੁਕਾਬਲੇ 10.3% ਜ਼ਿਆਦਾ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਕੰਪਨੀ ਨੇ ਦੋ ਅੰਕਾਂ ਵਿੱਚ ਵਿਕਾਸ ਦਰ ਦਰਜ ਕੀਤੀ ਹੈ। ਕੰਪਨੀ ਦੀ ਇਸ ਮਜ਼ਬੂਤ ਕਾਰਗੁਜ਼ਾਰੀ ਪਿੱਛੇ SUV ਅਤੇ MPV ਗੱਡੀਆਂ ਦੀ ਭਾਰੀ ਮੰਗ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਕੰਪਨੀ ਦੀ ਇਸ ਰਿਕਾਰਡ ਵਿਕਰੀ ਵਿੱਚ ਸੈਲਟੋਸ ਅਤੇ ਸੋਨੈੱਟ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਨਵੀਂ ਸੈਲਟੋਸ ਨੂੰ ਉਸਦੇ ਆਧੁਨਿਕ ਡਿਜ਼ਾਈਨ, ਬਿਹਤਰ ਸੁਰੱਖਿਆ ਫੀਚਰਸ ਅਤੇ ਐਡਵਾਂਸ ਟੈਕਨਾਲੋਜੀ ਕਾਰਨ ਗਾਹਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਦੇ ਨਾਲ ਹੀ ਸੋਨੈੱਟ ਕਾਂਪੈਕਟ SUV ਸੈਗਮੈਂਟ ਵਿੱਚ ਆਪਣੇ ਫੀਚਰਸ ਅਤੇ ਕਿਫਾਇਤੀ ਕੀਮਤ ਦੇ ਸੰਤੁਲਨ ਕਾਰਨ ਗ੍ਰੋਥ ਦਾ ਵੱਡਾ ਕਾਰਨ ਬਣੀ ਹੋਈ ਹੈ।
ਫੈਮਲੀ ਗੱਡੀਆਂ ਦੇ ਸੈਗਮੈਂਟ ਵਿੱਚ ਕੈਰੇਂਸ ਅਤੇ ਕਲੈਵਿਸ ਨੇ ਵੀ ਆਪਣੀ ਮਜ਼ਬੂਤ ਪਕੜ ਬਣਾਈ ਹੈ, ਜਿੱਥੇ ਗਾਹਕਾਂ ਨੂੰ ਵੱਧ ਸਪੇਸ ਅਤੇ ਆਰਾਮ ਮਿਲ ਰਿਹਾ ਹੈ। ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿੱਚ ਕਲੈਵਿਸ EV ਨੂੰ ਉਨ੍ਹਾਂ ਗਾਹਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਜੋ ਇੱਕ ਸੁਲਭ ਇਲੈਕਟ੍ਰਿਕ ਗੱਡੀ ਦੀ ਤਲਾਸ਼ ਵਿੱਚ ਹਨ। ਪ੍ਰੀਮੀਅਮ ਸੈਗਮੈਂਟ ਵਿੱਚ ਕਾਰਨੀਵਲ ਲਗਜ਼ਰੀ MPV ਬਾਜ਼ਾਰ ਵਿੱਚ ਕੰਪਨੀ ਦੀ ਮੌਜੂਦਗੀ ਨੂੰ ਮਜ਼ਬੂਤ ਰੱਖ ਰਹੀ ਹੈ।
ਕੀਆ ਇੰਡੀਆ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੁਲ ਸੂਦ ਨੇ ਕਿਹਾ ਕਿ ਇਹ ਰਿਕਾਰਡ ਵਿਕਰੀ ਵਧਦੇ ਗਾਹਕ ਭਰੋਸੇ ਅਤੇ ਬਾਜ਼ਾਰ ਦੇ ਬਦਲਦੇ ਰੁਝਾਨਾਂ ਅਨੁਸਾਰ ਢਲਣ ਦੀ ਕੰਪਨੀ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਕੰਪਨੀ ਦਾ ਨੈੱਟਵਰਕ ਵੀ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਦੇ ਦੇਸ਼ ਭਰ ਦੇ 382 ਸ਼ਹਿਰਾਂ ਵਿੱਚ 849 ਟੱਚਪੁਆਇੰਟ ਹਨ, ਜਿਨ੍ਹਾਂ ਵਿੱਚ 122 ਪੁਰਾਣੀਆਂ ਗੱਡੀਆਂ ਦੇ ਆਊਟਲੈੱਟ ਵੀ ਸ਼ਾਮਲ ਹਨ।
