1 ਮਿੰਟ ਟਰੇਨ ਲੇਟ ਹੋਣ 'ਤੇ ਕੰਪਨੀ ਨੇ ਤਨਖ਼ਾਹ 'ਚੋ ਕੱਟੇ 36 ਰੁਪਏ, ਡਰਾਈਵਰ ਨੇ ਉਲਟਾ ਠੋਕਿਆ 14 ਲੱਖ ਦਾ ਦਾਅਵਾ
Saturday, Nov 13, 2021 - 12:36 PM (IST)
ਟੋਕੀਓ: ਜਾਪਾਨ ਦੇ ਇਕ ਟਰੇਨ ਡਰਾਈਵਰ ਨੇ ਆਪਣੇ 'ਤੇ ਲਗਾਏ ਗਏ 56 ਯੇਨ (ਲਗਭਗ 36 ਭਾਰਤੀ ਰੁਪਏ) ਦੇ ਜੁਰਮਾਨੇ ਦੇ ਬਦਲੇ ਕੰਪਨੀ ਤੋਂ ਹਰਜਾਨੇ ਵਜੋਂ 22 ਲੱਖ ਯੇਨ (ਲਗਭਗ 14 ਲੱਖ ਰੁਪਏ) ਦੀ ਮੰਗ ਕੀਤੀ ਹੈ। ਇਸ ਡਰਾਈਵਰ ਕਾਰਨ ਟਰੇਨ 1 ਮਿੰਟ ਲੇਟ ਹੋ ਗਈ, ਜਿਸ ਕਾਰਨ ਉਸ ਦੀ ਤਨਖਾਹ ਵਿਚੋਂ 56 ਯੇਨ ਕੱਟ ਲਏ ਗਏ ਸੀ। ਪਿਛਲੇ ਸਾਲ ਜੂਨ ਵਿਚ ਰੇਲ ਕੰਪਨੀ ਜੇਆਰ ਵੈਸਟ ਨੇ ਆਪਣੇ ਇਕ ਡਰਾਈਵਰ ਨੂੰ ਦੇਰੀ ਕਾਰਨ ਜੁਰਮਾਨਾ ਕੀਤਾ ਸੀ। ਡਰਾਈਵਰ ਦਾ ਕਹਿਣਾ ਹੈ ਕਿ ਇਹ ਸਾਰਾ ਤਜਰਬਾ ਉਸ ਲਈ ਮਾਨਸਿਕ ਤੌਰ 'ਤੇ ਤਸੀਹੇ ਦੇਣ ਵਾਲਾ ਸੀ। ਇਸ ਲਈ ਉਸ ਨੇ 22 ਲੱਖ ਯੇਨ ਹਰਜਾਨੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ: ਪਾਕਿਸਤਾਨ ’ਚ ਹਿਰਾਸਤ ’ਚ ਲਈ ਔਰਤ ਨੂੰ ਨੰਗਾ ਕਰਕੇ ਨਚਾਇਆ
ਦੇਰੀ ਕਿਵੇਂ ਹੋਈ?
ਜਾਪਾਨ ਦੀ ਇਕ ਨਿਊਜ਼ ਵੈੱਬਸਾਈਟ ਮੁਤਾਬਕ ਡਰਾਈਵਰ ਨੂੰ ਦੇਸ਼ ਦੇ ਦੱਖਣ 'ਚ ਸਥਿਤ ਓਕਾਯਾਮਾ ਸਟੇਸ਼ਨ ਤੋਂ ਇਕ ਖਾਲੀ ਟਰੇਨ ਨੂੰ ਲਿਜਾਣਾ ਸੀ ਪਰ ਉਹ ਗਲਤ ਪਲੇਟਫਾਰਮ 'ਤੇ ਪਹੁੰਚ ਗਿਆ, ਜਦੋਂਕਿ ਟਰੇਨ ਦੂਜੇ ਪਲੇਟਫਾਰਮ 'ਤੇ ਉਸ ਦਾ ਇੰਤਜ਼ਾਰ ਕਰ ਰਹੀ ਸੀ। ਜਦੋਂ ਡਰਾਈਵਰ ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਸਹੀ ਜਗ੍ਹਾ 'ਤੇ ਪਹੁੰਚ ਗਿਆ। ਇਸ ਕਾਰਨ ਦੂਜੇ ਡਰਾਈਵਰ ਤੋਂ ਟੇਕਓਵਰ ਲੈਣ ਵਿਚ ਉਹ ਲੇਟ ਹੋ ਗਿਆ ਅਤੇ ਨਤੀਜੇ ਵਜੋਂ ਟਰੇਨ ਡਿਪੂ 'ਤੇ 1 ਮਿੰਟ ਲੇਟ ਪਹੁੰਚੀ। ਟਰੇਨ ਕੰਪਨੀ ਜੇਆਰ ਵੈਸਟ ਨੇ ਪਹਿਲਾਂ ਡਰਾਈਵਰ ਨੂੰ 85 ਯੇਨ ਦਾ ਜੁਰਮਾਨਾ ਕੀਤਾ ਸੀ ਪਰ ਡਰਾਈਵਰ ਵੱਲੋਂ ਓਕਾਯਾਮਾ ਲੇਬਰ ਸਟੈਂਡਰਡਜ਼ ਇੰਸਪੈਕਸ਼ਨ ਦਫ਼ਤਰ ਵਿਚ ਸ਼ਿਕਾਇਤ ਕਰਨ ਤੋਂ ਬਾਅਦ ਕੰਪਨੀ ਨੇ ਜੁਰਮਾਨਾ ਘਟਾ ਕੇ 56 ਯੇਨ ਕਰ ਦਿੱਤਾ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਟਰੱਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
ਜੁਰਮਾਨਾ ਸਵੀਕਾਰ ਨਹੀਂ ਕੀਤਾ
ਡਰਾਈਵਰ ਨੇ ਜੁਰਮਾਨਾ ਕੱਟਣ ਦੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਟਰੇਨ ਦੀ ਰਵਾਨਗੀ 'ਚ ਦੇਰੀ ਨਾਲ ਆਮ ਆਵਾਜਾਈ 'ਤੇ ਕੋਈ ਅਸਰ ਨਹੀਂ ਪਿਆ ਅਤੇ ਟਰੇਨ ਖਾਲੀ ਹੋਣ 'ਤੇ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ। ਦੂਜੇ ਪਾਸੇ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ 'ਕੰਮ ਨਹੀਂ, ਤਨਖਾਹ ਨਹੀਂ' ਨੀਤੀ ਤਹਿਤ ਇਹ ਫੈਸਲਾ ਕੀਤਾ ਹੈ, ਜੋ ਬਿਨਾਂ ਦੱਸੇ ਕੰਮ ਤੋਂ ਗੈਰ-ਹਾਜ਼ਰ ਰਹਿਣ ਲਈ ਹੈ। ਕਿਉਂਕਿ ਉਸ 1 ਮਿੰਟ ਦੌਰਾਨ ਕੋਈ ਕੰਮ ਨਹੀਂ ਹੋਇਆ ਇਸ ਲਈ ਡਰਾਈਵਰ ਨੂੰ ਜੁਰਮਾਨਾ ਲਾਇਆ ਗਿਆ ਹੈ। ਡਰਾਈਵਰ ਨੇ ਮਾਰਚ ਵਿਚ ਓਕਾਯਾਮਾ ਜ਼ਿਲ੍ਹਾ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ, ਜਿੱਥੇ ਉਹ ਹੁਣ ਹਰਜਾਨੇ ਦੀ ਮੰਗ ਕਰ ਰਿਹਾ ਹੈ। ਜਾਪਾਨ ਦੀਆਂ ਰੇਲ ਗੱਡੀਆਂ ਸਮੇਂ ਦੀ ਪਾਬੰਦੀ ਲਈ ਵਿਸ਼ਵ ਭਰ ਵਿਚ ਮਸ਼ਹੂਰ ਹਨ। ਸਮੇਂ ਦੀ ਪਾਬੰਦੀ ਦੀ ਆਲਮ ਇਹ ਹੈ ਕਿ 2017 'ਚ ਇਕ ਟਰੇਨ 20 ਸਕਿੰਟ ਜਲਦੀ ਆ ਗਈ ਸੀ ਤਾਂ ਕੰਪਨੀ ਨੇ ਗਾਹਕਾਂ ਤੋਂ ਲਿਖਤੀ ਤੌਰ 'ਤੇ ਮੁਆਫੀ ਮੰਗੀ ਸੀ। ਨਿਯਮ ਇਹ ਹੈ ਕਿ ਜੇਕਰ ਰੇਲਗੱਡੀ 5 ਮਿੰਟ ਲੇਟ ਹੁੰਦੀ ਹੈ ਤਾਂ ਯਾਤਰੀਆਂ ਨੂੰ ਇਕ ਸਰਟੀਫਿਕੇਟ ਮਿਲਦਾ ਹੈ ਜੋ ਉਹ ਆਪਣੇ ਲੇਟ ਹੋਣ ਦੇ ਸਬੂਤ ਵਜੋਂ ਦਫ਼ਤਰ ਵਿਚ ਦਿਖਾ ਸਕਦੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।