ਵਿਦੇਸ਼ ਭੇਜਣ ਦੇ ਨਾਂ ''ਤੇ ਨੌਜਵਾਨ ਕੋਲੋਂ ਠੱਗੇ 26 ਲੱਖ ਰੁਪਏ
Thursday, Nov 20, 2025 - 04:09 PM (IST)
ਫਿਰੋਜ਼ਪੁਰ (ਮਲਹੋਤਰਾ) : ਕਾਂਗਰਸੀ ਐੱਮ.ਸੀ. ਪਰਮਿੰਦਰ ਸਿੰਘ ਹਾਂਡਾ ਦੇ ਭਰਾ ਮਨਿੰਦਰ ਸਿੰਘ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ 26 ਲੱਖ ਰੁਪਏ ਠੱਗਣ ਵਾਲੇ ਦੋ ਦੋਸ਼ੀਆਂ ਖਿਲਾਫ ਪੁਲਸ ਨੇ ਪਰਚਾ ਦਰਜ ਕੀਤਾ ਹੈ। ਇਹ ਪਰਚਾ ਐੱਮ.ਸੀ. ਪਰਮਿੰਦਰ ਹਾਂਡਾ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦਰਜ ਹੋਇਆ ਹੈ। ਥਾਣਾ ਸਿਟੀ ਦੇ ਏ.ਐੱਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਵਾਸੀ ਗੁਰੂ ਰਾਮ ਦਾਸ ਨਗਰ ਨੇ ਜੁਲਾਈ ਮਹੀਨੇ ਵਿਚ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਭਰਾ ਮਨਿੰਦਰ ਸਿੰਘ ਵਰਕ ਪਰਮਿਟ 'ਤੇ ਵਿਦੇਸ਼ ਜਾਣ ਦਾ ਇਛੁੱਕ ਸੀ ਜਿਸ ਲਈ ਉਨ੍ਹਾਂ ਅਮਰੀਕ ਸਿੰਘ ਅਤੇ ਰਣਜੀਤ ਸਿੰਘ ਵਾਸੀ ਭਗਵਾਨਪੁਰਾ ਦੇ ਨਾਲ ਸੰਪਰਕ ਕੀਤਾ।
ਉਕਤ ਦੋਵਾਂ ਨੇ ਸੋਚੀ ਸਮਝੀ ਸਾਜਿਸ਼ ਦੇ ਅਧੀਨ ਉਨ੍ਹਾਂ ਕੋਲੋਂ ਕਰੀਬ 26 ਲੱਖ ਰੁਪਏ ਲੈ ਲਏ ਅਤੇ ਉਸਦੇ ਭਰਾ ਨੂੰ ਵਿਦੇਸ਼ ਨਹੀਂ ਭੇਜਿਆ। ਏ.ਐੱਸ.ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ 'ਤੇ ਦੋਵਾਂ ਖਿਲਾਫ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
