ਪਾਵਰਕਾਮ ਨੇ ਡਿਫਾਲਟਰ ਖਪਤਕਾਰਾਂ ਦੇ 11 ਦਿਨਾਂ ’ਚ ਕੱਟੇ 1769 ਕੁਨੈਕਸ਼ਨ, 21 ਕਰੋੜ ਦੇ ਬਕਾਇਆ ਬਿੱਲਾਂ ਦੀ ਰਿਕਵਰੀ

Thursday, Nov 13, 2025 - 05:01 AM (IST)

ਪਾਵਰਕਾਮ ਨੇ ਡਿਫਾਲਟਰ ਖਪਤਕਾਰਾਂ ਦੇ 11 ਦਿਨਾਂ ’ਚ ਕੱਟੇ 1769 ਕੁਨੈਕਸ਼ਨ, 21 ਕਰੋੜ ਦੇ ਬਕਾਇਆ ਬਿੱਲਾਂ ਦੀ ਰਿਕਵਰੀ

ਲੁਧਿਆਣਾ (ਖੁਰਾਣਾ) : ਪਾਵਰਕਾਮ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਦੀ ਸ਼ਾਮਤ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਵੰਬਰ ਮਹੀਨੇ ਦੇ ਸ਼ੁਰੂਆਤੀ 11 ਦਿਨਾਂ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ, ਐੱਸ. ਈ. ਈਸਟ ਸੁਰਜੀਤ ਸਿੰਘ, ਐੱਸ. ਈ. ਵੈਸਟ ਕੁਲਵਿੰਦਰ ਸਿੰਘ ਦੀ ਅਗਵਾਈ ਵਾਲੀਆਂ ਵੱਖ-ਵੱਖ ਟੀਮਾਂ ਵਲੋਂ ਲੁਧਿਆਣਾ ਸ਼ਹਿਰ ਨਾਲ ਸਬੰਧਤ 9 ਡਵੀਜ਼ਨਾਂ ਵਿਚ 1769 ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲ ਨਾ ਅਦਾ ਕਰਨ ਵਾਲੇ ਡਿਫਾਲਟਰ ਖਪਤਕਾਰਾਂ ਖਿਲਾਫ ਸ਼ਿਕੰਜਾ ਕੱਸਦੇ ਹੋਏ 20 ਕਰੋੜ 92 ਲੱਖ 18 ਹਜ਼ਾਰ ਰੁ. ਦੀ ਭਾਰੀ ਰਿਕਵਰੀ ਕੀਤੀ ਗਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਸ਼ਹਿਰ ਦੇ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਘਰਾਣਿਆਂ ਦੇ ਸੰਚਾਲਕਾਂ ਵਿਚ ਲਗਾਤਾਰ ਤਾਬੜਤੋੜ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਨਾਲ ਹੀ ਮੀਟਰ ਵੀ ਕਬਜ਼ੇ ਵਿਚ ਲਏ ਜਾ ਰਹੇ ਹਨ।

ਇਹ ਵੀ ਪੜ੍ਹੋ : ਰਫ਼ਤਾਰ ਦੀ ਦੁਨੀਆ 'ਚ ਨਵੀਂ ਕ੍ਰਾਂਤੀ! ਵੰਦੇ ਭਾਰਤ ਸਲੀਪਰ ਟ੍ਰੇਨ ਨੇ ਸਪੀਡ ਟ੍ਰਾਇਲ 'ਚ ਬਣਾਇਆ ਨਵਾਂ ਰਿਕਾਰਡ

ਹਾਲਾਂਕਿ ਇਸ ਦੌਰਾਨ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ, ਐੱਸ. ਈ. ਸੁਰਜੀਤ ਸਿੰਘ ਅਤੇ ਐੱਸ. ਈ. ਕੁਲਵਿੰਦਰ ਸਿੰਘ ਵਲੋਂ ਕਾਰਵਾਈ ਦੌਰਾਨ ਡਿਫਾਲਟਰ ਖਪਤਕਾਰਾਂ ਨੂੰ ਬਿਜਲੀ ਦਾ ਬਕਾਇਆ ਖੜ੍ਹਾ ਬਿੱਲ 2 ਤੋਂ 3 ਕਿਸ਼ਤਾਂ ਵਿਚ ਜਮ੍ਹਾ ਕਰਵਾਉਣ ਦੀ ਛੋਟ ਵੀ ਦਿੱਤੀ ਜਾ ਰਹੀ ਹੈ, ਤਾਂ ਕਿ ਉਕਤ ਕਿਸੇ ਵੀ ਬਿਜਲੀ ਦਾ ਕੁਨੈਕਸ਼ਨ ਕੱਟੇ ਜਾਣ ਦੀ ਸੂਰਤ ਵਿਚ ਪਰਿਵਾਰ ਨੂੰ ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਵਲੋਂ ਪਿਛਲੇ ਲੰਬੇ ਸਮੇਂ ਤੋਂ ਬਕਾਇਆ ਖੜ੍ਹੇ ਬਿਜਲੀ ਦੇ ਬਿੱਲ ਜਮ੍ਹਾ ਨਾ ਕਰਵਾਉਣ ਵਾਲੇ ਡਿਫਾਲਟਰ ਖਪਤਕਾਰਾਂ ਨੂੰ ਇਕ ਵਾਰ ਫਿਰ ਅਪੀਲ ਕੀਤੀ ਗਈ ਹੈ ਕਿ ਉਹ ਬਕਾਇਆ ਬਿੱਲਾਂ ਦੀ ਰਾਸ਼ੀ ਪਾਵਰਕਾਮ ਦੇ ਖਜ਼ਾਨੇ ਵਿਚ ਜਮ੍ਹਾ ਕਰਵਾਉਣ ਲਈ ਖੁਦ ਅੱਗੇ ਆਉਣ, ਤਾਂ ਕਿ ਬਾਅਦ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।

ਉਨ੍ਹਾਂ ਸਾਫ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਜਿਨ੍ਹਾਂ ਡਿਫਾਲਟਰ ਖਪਤਕਾਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ, ਉਨ੍ਹਾਂ ਸਾਰੇ ਖਪਤਕਾਰਾਂ ਤੋਂ ਬਣਦੀ ਜੁਰਮਾਨਾ ਰਾਸ਼ੀ ਵੀ ਬਿੱਲ ਦੇ ਨਾਲ ਲਗਾ ਕੇ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਵਰਕਾਮ ਵਿਭਾਗ ਵਲੋਂ ਡਿਫਾਲਟਰਾਂ ਖਿਲਾਫ ਛੇੜੀ ਗਈ ਮੁਹਿੰਮ ਲਗਾਤਾਰ ਜਾਰੀ ਰਹੇਗੀ, ਜਿਸ ਵਿਚ ਕਿਸੇ ਵੀ ਡਿਫਾਲਟਰ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਪ੍ਰਚੂਨ ਮਹਿੰਗਾਈ ਘੱਟ ਕੇ ਕਈ ਸਾਲਾਂ ਦੇ ਹੇਠਲੇ ਪੱਧਰ 0.25 ਫੀਸਦੀ ’ਤੇ ਪਹੁੰਚੀ

ਡਿਫਾਲਟਰਾਂ ਨੂੰ ਬਿਜਲੀ ਕੁਨੈਕਸ਼ਨ ਦੇਣ ਵਾਲਿਆਂ ਤੋਂ ਵਸੂਲੀ ਜਾਵੇਗੀ ਬਕਾਇਆ ਰਾਸ਼ੀ : ਚੀਫ ਇੰਜੀਨੀਅਰ

ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਵਲੋਂ ਡਿਫਾਲਟਰਾਂ ਨੂੰ ਆਪਣੇ ਘਰਾਂ, ਵਪਾਰਕ ਅਦਾਰਿਆਂ ਅਤੇ ਉਦਯੋਗਿਕ ਘਰਾਣਿਆਂ ਵਿਚ ਲੱਗੇ ਮੀਟਰਾਂ ਤੋਂ ਬਿਜਲੀ ਦੀ ਸਪਲਾਈ ਦੇਣ ਵਾਲੇ ਗੁਆਂਢੀ ਅਤੇ ਰਿਸ਼ਤੇਦਾਰਾਂ ਨੂੰ ਖੁੱਲ੍ਹੇ ਲਫਜ਼ਾਂ ਵਿਚ ਚਿਤਵਾਨੀ ਦਿੱਤੀ ਗਈ ਹੈ ਕਿ ਛਾਪੇਮਾਰੀ ਦੌਰਾਨ ਫੜੇ ਜਾਣ ਵਾਲੇ ਅਜਿਹੇ ਲੋਕਾਂ ਖਿਲਾਫ ਵਿਭਾਗੀ ਕਾਰਵਾਈ ਕਰਦੇ ਹੋਏ ਡਿਫਾਲਟਰ ਖਪਤਕਾਰਾਂ ਦੀ ਬਕਾਇਆ ਰਾਸ਼ੀ ਵੀ ਸਬੰਧਤ ਲੋਕਾਂ ਤੋਂ ਵਸੂਲੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News