ਪੰਜਾਬ ਦੇ 40 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, 1 ਅਕਤੂਬਰ ਤੋਂ 31 ਦਸੰਬਰ ਤੱਕ...
Tuesday, Nov 25, 2025 - 09:35 AM (IST)
ਲੁਧਿਆਣਾ (ਖੁਰਾਣਾ) : ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਪੰਜਾਬ ਭਰ ਦੇ 40 ਲੱਖ ਦੇ ਕਰੀਬ ਕਾਰਡ ਧਾਰਕਾਂ ਨਾਲ ਸਬੰਧਿਤ 1.70 ਕਰੋੜ ਮੈਂਬਰਾਂ ਨੂੰ ਸੂਬੇ ਦੇ 18500 ਰਾਸ਼ਨ ਡਿਪੂਆਂ ਜ਼ਰੀਏ ਮੁਫ਼ਤ ਕਣਕ ਵੰਡਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਸਰਕਾਰ ਦੀ ਵੱਡਮੁੱਲੀ ਯੋਜਨਾ ਘਰ-ਘਰ ਪਹੁੰਚਾਉਣ ਲਈ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਗਰਾਊਂਡ ਜ਼ੀਰੋ ’ਤੇ ਉਤਰ ਕੇ ਕੰਮ ਕਰ ਰਹੇ ਹਨ ਤਾਂ ਜੋ ਯੋਜਨਾ ਨਾਲ ਜੁੜਿਆ ਕੋਈ ਵੀ ਗਰੀਬ ਜਾਂ ਲੋੜਵੰਦ ਪਰਿਵਾਰ ਮੁਫ਼ਤ ਕਣਕ ਦੇ ਲਾਭ ਤੋਂ ਵਾਂਝਾ ਨਾ ਰਹਿ ਜਾਵੇ। ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਦੌਰਾਨ ਲਾਭਪਾਤਰ ਪਰਿਵਾਰਾਂ ਨੂੰ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਦੇ 3 ਮਹੀਨਿਆਂ ਦੀ ਮੁਫ਼ਤ ਕਣਕ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਸ ’ਚ ਰਾਸ਼ਨ ਕਾਰਡ ’ਚ ਦਰਜ ਹਰ ਮੈਂਬਰ ਨੂੰ 5 ਕਿੱਲੋ ਹਰ ਮਹੀਨੇ ਦੇ ਹਿਸਾਬ ਨਾਲ 3 ਮਹੀਨੇ ਦੀ 15 ਕਿੱਲੋ ਕਣਕ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਪੰਜਾਬੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ! ਇਸ ਯੋਜਨਾ ਨੂੰ ਹਰੀ ਝੰਡੀ ਮਿਲਣ ਦੀ ਉਡੀਕ
ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਲੁਧਿਆਣਾ ਈਸਟ ਸਰਕਲ ਦੀ ਕੰਟਰੋਲਰ ਸ਼ਿਫਾਲੀ ਚੋਪੜਾ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਸਬੰਧਿ ਲਾਭਪਾਤਰ ਪਰਿਵਾਰਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਦੇ ਰਾਸ਼ਨ ਕਾਰਡ ’ਚ 7 ਮੈਂਬਰ ਚੜ੍ਹੇ ਹੋਏ ਹਨ ਤਾਂ ਉਹ ਪਰਿਵਾਰ ਆਪਣੇ ਨੇੜੇ ਦੇ ਰਾਸ਼ਨ ਡਿਪੂ ਤੋਂ 105 ਕਿੱਲੋ ਮੁਫ਼ਤ ਕਣਕ ਲੈਣ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਡਿਪੂ ਹੋਲਡਰ ਰਾਸ਼ਨ ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਪੂਰੀ ਕਣਕ ਨਹੀਂ ਦਿੰਦਾ ਤਾਂ ਉਹ ਪਰਿਵਾਰ ਆਪਣੇ ਹੱਕ ਲੈਣ ਲਈ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਦਫ਼ਤਰ ’ਚ ਸ਼ਿਕਾਇਤ ਦਰਜ ਕਰਵਾਉਣ ਲਈ ਅੱਗੇ ਆਉਣ ਤਾਂ ਜੋ ਪਰਿਵਾਰ ਨੂੰ ਪੂਰੀ ਕਣਕ ਦਾ ਲਾਭ ਦਿਵਾਉਣ ਸਮੇਤ ਸਬੰਧਿਤ ਡਿਪੂ ਹੋਲਡਰ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾ ਸਕੇ।
ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਭਰ ਦੀਆਂ 24 ਵੱਖ-ਵੱਖ ਥਾਵਾਂ ’ਚੋਂ ਲੁਧਿਆਣਾ ਜ਼ਿਲ੍ਹੇ ਦੇ ਈਸਟ ਸਰਕਲ ਨੇ ਕੰਟਰੋਲਰ ਸ਼ਿਫਾਲੀ ਚੋਪੜਾ ਦੀ ਅਗਵਾਈ ’ਚ ਰਾਸ਼ਨ ਕਾਰਡ ਧਾਰਕਾਂ ਦੇ ਰਸੋਈ ਘਰਾਂ ਤੱਕ ਉਨ੍ਹਾਂ ਦੇ ਹਿੱਸੇ ਦੀ ਬਣਦੀ ਕਣਕ ਪਹੁੰਚਾਉਣ ਦੇ ਮਾਮਲੇ ’ਚ ਇਕ ਵਾਰ ਫਿਰ ਪਹਿਲੇ ਨੰਬਰ ’ਤੇ ਝੰਡਾ ਲਹਿਰਾਇਆ ਹੈ, ਜੋ ਕਿ ਇਕ ਵੱਡਾ ਰਿਕਾਰਡ ਹੈ। ਇਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਕੰਟਰੋਲਰ ਸ਼ਿਫਾਲੀ ਚੋਪੜਾ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਲਾਭਪਾਤਰ ਪਰਿਵਾਰਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਕਣਕ ਪਹੁੰਚਾਉਣ ਸਮੇਤ ਜ਼ਿਲ੍ਹੇ ’ਚ ਝੋਨੇ ਅਤੇ ਕਣਕ ਦੀ ਖ਼ਰੀਦ ਕਰਨ ਦੇ ਮਾਮਲੇ ’ਚ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਪਹਿਲੇ ਨੰਬਰ ’ਤੇ ਬਾਜ਼ੀ ਮਾਰੀ ਜਾ ਰਹੀ ਹੈ, ਜੋ ਕਿ ਉਨ੍ਹਾਂ ਦੀ ਬਿਹਤਰ ਅਗਵਾਈ ਨੂੰ ਦਰਸਾਉਂਦਾ ਹੈ ਕਿ ਕਿਵੇਂ ਉਹ ਆਪਣੀ ਟੀਮ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਉਤਸ਼ਾਹਤ ਕਰ ਰਹੀ ਹੈ। ਸ਼ਿਫਾਲੀ ਚੋਪੜਾ ਵੱਲੋਂ ਯੋਜਨਾ ਨਾਲ ਜੁੜੇ ਪਰਿਵਾਰਾਂ ਨੂੰ ਆਪਣੇ ਇਲਾਕੇ ’ਚ ਨੇੜੇ ਦੇ ਰਾਸ਼ਨ ਡਿਪੂਆਂ ’ਤੇ ਜਾ ਕੇ ਆਪਣੀ ਮੁਫ਼ਤ ਈ-ਕੇ. ਵਾਈ. ਸੀ. ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਕੋਈ ਵੀ ਪਰਿਵਾਰ ਕਣਕ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
