ਪੰਜਾਬ ਪੁਲਸ ਦਾ ਐਕਸ਼ਨ! ਮੁਲਾਜ਼ਮ ਦੀ ਰੋਕ ਲਈ ਤਨਖ਼ਾਹ, ਕੀਤਾ ਗ੍ਰਿਫ਼ਤਾਰ
Tuesday, Nov 11, 2025 - 05:58 PM (IST)
ਬਰਨਾਲਾ (ਪੁਨੀਤ ਮਾਨ): ਬਰਨਾਲਾ ਪੁਲਸ 'ਚ ਡਿਊਟੀ 'ਤੇ ਤਾਇਨਾਤ ਕਾਂਸਟੇਬਲ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਥਾਣੇ ਦੇ ਮਾਲਖਾਨੇ ਤੋਂ ਨਕਦੀ ਚੋਰੀ ਕਰਨ ਦੇ ਮਾਮਲੇ ਵਿਚ ਕਾਂਸਟੇਬਲ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਹਰਪ੍ਰੀਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਸ ਦੀ ਤਨਖ਼ਾਹ ਵੀ ਰੋਕ ਲਈ ਗਈ ਹੈ। ਹਰਪ੍ਰੀਤ ਸਿੰਘ ਬਰਨਾਲਾ ਦੇ ਭਦੌੜ ਦਾ ਰਹਿਣ ਵਾਲਾ ਸੀ ਤੇ ਪਿਛਲੇ 8 ਸਾਲਾਂ ਤੋਂ ਪੰਜਾਬ ਪੁਲਸ ਵਿਚ ਤਾਇਨਾਤ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਬਣਿਆ ਭਿਆਨਕ ਮੰਜ਼ਰ! ਆਪ ਹੀ ਵੇਖ ਲਓ ਮੌਕੇ ਦੇ ਹਾਲਾਤ (ਵੀਡੀਓ)
ਇਸ ਮੌਕੇ ਬਰਨਾਲਾ ਦੇ ਡੀ. ਐੱਸ. ਪੀ. ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਸਿਟੀ ਬਰਨਾਲਾ ਥਾਣੇ ਵਿਚ ਤਾਇਨਾਤ ਕਾਂਸਟੇਬ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਗੋਦਾਮ ਤੋਂ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਹੁਣ 14 ਤਾਰੀਖ਼ ਤਕ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਟੀ ਬਰਨਾਲਾ ਥਾਣੇ ਵਿਚ ਵੱਖ-ਵੱਖ ਮਾਮਲਿਆਂ ਦੇ ਤਹਿਤ ਸਮੇਂ-ਸਮੇਂ 'ਤੇ ਗੋਦਾਮ ਵਿਚ ਇਸ ਨਕਦੀ ਦਾ ਮਿਲਾਨ ਕੀਤਾ ਜਾਂਦਾ ਹੈ। ਜਦੋਂ ਇਸ ਦਾ ਮਿਲਾਨ ਕੀਤਾ ਜਾ ਰਿਹਾ ਸੀ ਤਾਂ ਗੋਦਾਮ ਤੋਂ ਨਕਦੀ ਚੋਰੀ ਹੋਣ ਦਾ ਸ਼ੱਕ ਹੋਇਆ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਨਕਦੀ ਕਾਂਸਟੇਬਲ ਹਰਪ੍ਰੀਤ ਸਿੰਘ ਨੇ ਚੋਰੀ ਕੀਤੀ ਹੈ। ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਦਿਆਂ ਬਰਨਾਲਾ ਪੁਲਸ ਨੇ ਕਾਂਸਟੇਬਲ ਹਰਪ੍ਰੀਤ ਸਿੰਘ ਦੇ ਖ਼ਿਲਾਫ਼ 1 ਅਗਸਤ ਨੂੰ ਸਿਟੀ ਬਰਨਾਲਾ ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ ਕਾਂਸਟੇਬਲ ਭਗੌੜਾ ਹੋ ਗਿਆ ਸੀ। ਹੁਣ ਬਰਨਾਲਾ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ 14 ਤਾਰੀਖ਼ ਤਕ ਰਿਮਾਂਡ 'ਤੇ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਰਚੀ ਗਈ ਸੀ ਪੰਜਾਬ 'ਚ ਹੋਏ ਕਾਂਡ ਦੀ ਸਾਜ਼ਿਸ਼! ਮਾਮਲੇ 'ਚ ਹੋਏ ਸਨਸਨੀਖੇਜ਼ ਖ਼ੁਲਾਸੇ
ਹਰਪ੍ਰੀਤ ਸਿੰਘ ਦਾ ਕਾਰਾ ਵਿਭਾਗ ਪ੍ਰਤੀ 'ਦੇਸ਼ਧ੍ਰੋਹ': ਡੀ. ਐੱਸ. ਪੀ.
ਡੀ. ਐੱਸ. ਪੀ. ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਕਾਂਸਟੇਬਲ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਜਿੱਥੇ ਮਾਮਲਾ ਦਰਜ ਕੀਤਾ ਗਿਆ ਹੈ, ਉੱਥੇ ਹੀ ਵਿਭਾਗੀ ਕਾਰਵਾਈ ਵੀ ਕੀਤੀ ਗਈ ਹੈ। ਉਸ ਦੀ ਤਨਖ਼ਾਹ ਵੀ ਰੋਕ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮ ਦੇ ਇਸ ਕਾਰੇ ਨੂੰ ਵਿਭਾਗ ਪ੍ਰਤੀ ਦੇਸ਼ਧ੍ਰੋਹ ਮੰਨਿਆ ਜਾਵੇਗਾ। ਇਸ ਲਈ ਕਾਂਸਟੇਬਲ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ 14 ਤਾਰੀਖ਼ ਤਕ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
