ਪਰਾਲੀ ਦੇ ਟਰਾਲੇ ਨੇ ਫੜੀ ਅੱਗ, 112 ਤੇ ਫਾਇਰ ਬ੍ਰਿਗੇਡ ਮੂੰਹ ਮੋੜ ਗਏ, ਡਰਾਈਵਰ ਨੇ ਬਚਾਇਆ ਪਿੰਡ
Saturday, Nov 15, 2025 - 05:24 PM (IST)
ਗੋਨਿਆਣਾ ਮੰਡੀ (ਗੋਰਾ ਲਾਲ) : ਜੈਤੋ ਮੰਡੀ ਤੋਂ ਵਾਇਆਂ ਗੋਨਿਆਣਾ ਮੰਡੀ ਹੁੰਦੇ ਹੋਏ ਸੰਗਤ ਮੰਡੀ ਨੂੰ ਜਾ ਰਹੇ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੇ ਅਚਾਨਕ ਬਲਾੜ ਵਿੰਜੂ ਪਿੰਡ ਕੋਲ ਬਿਜਲੀ ਦੀਆਂ ਤਾਰਾਂ ਨਾਲ ਲੱਗ ਕੇ ਅੱਗ ਫੜ ਲੀ ਜਿਸ ਨਾਲ ਇਕ ਪਾਸੇ ਤਾਂ ਪਰਾਲੀ ਦੀਆਂ ਗੱਠਾਂ ਸੜਕੇ ਸੁਆਹ ਹੋ ਗਈਆਂ ਤੇ ਦੂਜੇ ਪਾਸੇ ਪੂਰਾ ਟਰਾਲਾ ਹੀ ਅੱਗ ਦੀ ਭੇਟ ਚੜ੍ਹ ਗਿਆ। ਆਖਿਰਕਾਰ ਡਰਾਈਵਰ ਦੀ ਚੁਸਤੀ ਤੇ ਮੌਕੇ ਦੀ ਸਮਝਦਾਰੀ ਨੇ ਇਕ ਵੱਡਾ ਕਾਂਡ ਹੋਣ ਤੋਂ ਬਚਾ ਲਿਆ ਕਿਉਂਕਿ ਜੇਕਰ ਉਹ ਟਰਾਲਾ ਸੜਦੀ ਹਾਲਤ ਵਿਚ ਹੀ ਪਿੰਡ ਦੇ ਅੰਦਰ ਖੜ੍ਹਾ ਰਹਿੰਦਾ ਤਾਂ ਨਾ ਸਿਰਫ ਘਰ-ਦੁਕਾਨਾਂ ਸੜਣ ਦਾ ਖ਼ਤਰਾ ਸੀ ਸਗੋਂ ਪਿੰਡ ਵਾਸੀਆਂ ਦੀ ਜਾਨ ਨੂੰ ਵੀ ਵੱਡਾ ਖਤਰਾ ਪੈ ਸਕਦਾ ਸੀ। ਡਰਾਈਵਰ ਨੇ ਅੱਗ ਲੱਗੇ ਟਰਾਲੇ ਨੂੰ ਸਮਝਦਾਰੀ ਨਾਲ ਪਿੰਡ ਤੋਂ ਬਾਹਰ ਕੱਢ ਲਿਆ, ਜਿਸ ਨਾਲ ਕਈ ਪਰਵਾਰਾਂ ਦੀਆਂ ਜਾਨਾਂ ਅਤੇ ਮਾਲ ਬਚ ਗਏ।
ਇਸ ਘਟਨਾ ਦੀ ਸਭ ਤੋਂ ਵੱਡੀ ਤੇ ਹੈਰਾਨੀਜਨਕ ਗੱਲ ਇਹ ਰਹੀ ਕਿ ਡਰਾਈਵਰ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ 112 ਹੈਲਪਲਾਈਨ ਨੂੰ ਫੋਨ ਕੀਤਾ ਪਰ ਦੋਵੇਂ ਹੀ ਸੇਵਾਵਾਂ ਮਦਦ ਲਈ ਨਾ ਪਹੁੰਚੀਆਂ, ਜਿਸ ਨਾਲ ਸਰਕਾਰੀ ਪ੍ਰਣਾਲੀ ਦੀ ਲਾਪਰਵਾਹੀ ਖੁੱਲ੍ਹੀ ਕਿਤਾਬ ਵਾਂਗ ਸਾਹਮਣੇ ਆ ਗਈ। ਜਦੋਂ ਕੋਈ ਸਰਕਾਰੀ ਸਹਾਇਤਾ ਨਹੀਂ ਆਈ ਤਾਂ ਆਖਿਰਕਾਰ ਨੇੜਲੇ ਸਪੋਰਟ ਕਿੰਗ ਫੈਕਟਰੀ ਵਿਚੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੌੜ ਕੇ ਆਈਆਂ ਪਰ ਉਦੋਂ ਤੱਕ ਟਰਾਲੇ ਤੇ ਲੱਦੀਆਂ ਪਰਾਲੀ ਦੀਆਂ ਗੱਠਾਂ ਅਤੇ ਟਰਾਲਾ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਚੁੱਕੇ ਸਨ। ਸਵਾਲ ਇਹ ਹੈ ਕਿ ਜੇਕਰ 112 ਨੰਬਰ ਅਤੇ ਫਾਇਰ ਬ੍ਰਿਗੇਡ ਜਿਵੇਂ ਐਮਰਜੈਂਸੀ ਵਿਭਾਗ ਸਮੇਂ ਸਿਰ ਮਦਦ ਨਹੀਂ ਕਰ ਸਕਦੇ ਤਾਂ ਆਖਿਰ ਇਨ੍ਹਾਂ ਦੀ ਲੋੜ ਕਿਸ ਗੱਲ ਲਈ ਹੈ?
