ਦਾਦੀ ਨੂੰ ਮਿਲਣ ਲਈ 10 ਸਾਲਾ ਪੋਤਾ 2800 ਕਿਲੋਮੀਟਰ ਪੈਦਲ ਚੱਲ ਕੇ ਪਹੁੰਚਿਆ ਲੰਡਨ
Sunday, Oct 04, 2020 - 06:13 PM (IST)
ਲੰਡਨ/ਰੋਮ (ਬਿਊਰੋ) ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੁਨੀਆ ਭਰ ਵਿਚ ਸਖਤ ਤਾਲਾਬੰਦੀ ਲਾਗੂ ਹੈ।ਇਸ ਦੌਰਾਨ ਟਰੇਨ, ਹਵਾਈ ਆਵਾਜਾਈ ਅਤੇ ਜਨਤਕ ਗੱਡੀਆਂ ਦੇ ਆਉਣ-ਜਾਣ 'ਤੇ ਰੋਕ ਲੱਗੀ ਹੋਈ ਹੈ।ਇਹੀ ਸਥਿਤੀ ਯੂਰਪ ਵਿਚ ਵੀ ਲਾਗੂ ਹੈ। ਤਾਲਾਬੰਦੀ ਦੇ ਕਾਰਨ ਹਜ਼ਾਰਾਂ ਲੋਕ ਦੂਜੇ ਦੇਸ਼ਾਂ ਵਿਚ ਫਸੇ ਹੋਏ ਹਨ। ਆਪਣੇ ਘਰ ਵਾਪਸ ਪਹੁੰਚਣ ਦੇ ਚਾਹਵਾਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੇ ਵਿਚ ਤਾਲਾਬੰਦੀ ਦੇ ਦੌਰਾਨ 10 ਸਾਲਾ ਰੋਮਿਓ ਕੌਕਸ ਆਪਣੇ 46 ਸਾਲਾ ਪਿਤਾ ਫਿਲ ਦੇ ਨਾਲ ਆਪਣੀ ਦਾਦੀ ਨੂੰ ਮਿਲਣ ਲਈ ਪੈਦਲ ਹੀ ਨਿਕਲ ਪਏ। ਰੋਮਿਓ ਨੇ ਆਪਣੇ ਪਿਤਾ ਦੇ ਨਾਲ 93 ਦਿਨਾਂ ਵਿਚ 2800 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਦੌਰਾਨ ਰੋਮਿਓ ਨੇ ਇਟਲੀ ਤੋਂ ਬ੍ਰਿਟੇਨ ਤੱਕ ਦਾ ਸਫਰ ਤੈਅ ਕੀਤਾ। ਹੁਣ ਇਸ ਬੱਚੇ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਰੋਮਿਓ ਨੇ 20 ਜੂਨ ਨੂੰ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਆਪਣੇ ਪਿਤਾ ਦੇ ਨਾਲ ਇਟਲੀ ਦੇ ਸਿਸਲੀ ਦੇ ਪਲੇਰਮੋ ਤੋਂ ਲੰਡਨ ਤੱਕ ਦਾ ਸਫਰ ਤੈਅ ਕੀਤਾ। ਦੋਵੇਂ ਆਪਣੀ ਯਾਤਰਾ ਦੌਰਾਨ ਇਟਲੀ, ਸਵਿਟਜ਼ਰਲੈਂਡ, ਫਰਾਂਸ ਤੋਂ ਲੰਘਦੇ ਹੋਏ ਬ੍ਰਿਟੇਨ ਪਹੁੰਚੇ।ਆਪਣੀ ਯਾਤਰਾ ਦੌਰਾਨ ਉਹਨਾਂ ਨੇ ਜੰਗਲੀ ਕੁੱਤਿਆਂ ਦਾ ਸਾਹਮਣਾ ਕੀਤਾ ਅਤੇ ਜੰਗਲੀ ਗੱਧਿਆਂ ਨੂੰ ਫੜਿਆ। ਤਿੰਨ ਮਹੀਨੇ ਪੈਦਲ ਚੱਲਣ ਦੇ ਬਾਅਦ ਦੋਵੇਂ 21 ਸਤੰਬਰ ਨੂੰ ਬ੍ਰਿਟੇਨ ਪਹੁੰਚੇ। ਲੰਡਨ ਪਹੁੰਚਣ 'ਤੇ ਦੋਹਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ।
ਪੜ੍ਹੋ ਇਹ ਅਹਿਮ ਖਬਰ- 89 ਸਾਲਾ ਪਿੱਜ਼ਾ ਡਿਲਿਵਰੀ ਬੁਆਏ ਨੂੰ ਟਿਪ ਦੇ ਤੌਰ 'ਤੇ ਮਿਲੇ 9 ਲੱਖ ਰੁਪਏ
ਇਕਾਂਤਵਾਸ ਦੀ ਮਿਆਦ ਪੂਰੀ ਕਰਨ ਦੇ ਬਾਅਦ ਹੀ ਰੋਮਿਓ ਆਪਣੀ ਦਾਦੀ ਨਾਲ ਮੁਲਾਕਾਤ ਕਰ ਪਾਵੇਗਾ। ਰੋਮਿਓ ਅਤੇ ਉਸ ਦੇ ਪਿਤਾ ਨੇ ਆਪਣੀ ਯਾਤਰਾ ਦੌਰਾਨ 'Refugee Education Acros Conflicts' ਦੀ ਮਦਦ ਦੇ ਲਈ 11.4 ਲੱਖ ਰੁਪਏ (12 ਹਜ਼ਾਰ ਪੌਂਡ) ਦੀ ਰਾਸ਼ੀ ਵੀ ਜੁਟਾਈ ਹੈ।