ਬਿਜਲੀ ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਖ਼ਪਤਕਾਰਾਂ ਲਈ ਖੜ੍ਹੀ ਹੋਈ ਮੁਸੀਬਤ, CPDL ਦੀ...
Wednesday, Mar 04, 2026 - 08:54 AM (IST)
ਚੰਡੀਗੜ੍ਹ (ਮਨਪ੍ਰੀਤ) : ਹੱਲੋਮਾਜਰਾ ’ਚ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ. ਪੀ. ਡੀ. ਐੱਲ.) ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸੈਂਕੜੇ ਬਿਜਲੀ ਬਿੱਲ ਖ਼ਪਤਕਾਰਾਂ ਦੇ ਘਰਾਂ ’ਚ ਪਹੁੰਚਣ ਦੀ ਬਜਾਏ ਕੂੜੇ ਦੇ ਢੇਰ ’ਚ ਮਿਲੇ ਹਨ। ਇਸ ਹਰਕਤ ਕਾਰਨ ਲੋਕਾਂ ’ਚ ਭਾਰੀ ਰੋਸ ਹੈ, ਕਿਉਂਕਿ ਬਿੱਲ ਸਮੇਂ ਸਿਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਹੁਣ ਜੁਰਮਾਨਾ ਭਰਨਾ ਪੈ ਰਿਹਾ ਹੈ। ਬਿੱਲ ਵੰਡਣ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਮੁਲਾਜ਼ਮ ਜਾਂ ਏਜੰਸੀ ਵੱਲੋਂ ਕੀਤੀ ਲਾਪਰਵਾਹੀ ਕਾਰਨ ਜਨਤਾ ’ਤੇ ਵਾਧੂ ਵਿੱਤੀ ਬੋਝ ਪੈ ਗਿਆ ਹੈ। ਮਾਮਲੇ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਹੱਲੋਮਾਜਰਾ ਦੇ ਵਸਨੀਕਾਂ ਨੇ ਸੜਕ ਕਿਨਾਰੇ ਕੂੜੇ ਦੇ ਢੇਰ ’ਚ ਭਾਰੀ ਗਿਣਤੀ ’ਚ ਬਿੱਲ ਪਏ ਦੇਖੇ। ਜਦੋਂ ਲੋਕਾਂ ਨੇ ਬਿੱਲਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬਿੱਲ ਜਨਵਰੀ ਦੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਖ਼ਪਤਕਾਰਾਂ ਨੇ ਕਿਹਾ-ਭਾਰੀ ਮੁਸ਼ਕਲ ਦਾ ਕਰਨਾ ਪਿਆ ਸਾਹਮਣਾ
ਖ਼ਪਤਕਾਰਾਂ ਨੇ ਇਸ ਕਾਰਜ ਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ। ਮਕਾਨ 592 ਵਾਸੀ ਅਜੈ ਕੁਮਾਰ ਨੇ ਦੱਸਿਆ ਕਿ ਜਨਵਰੀ ਦਾ ਬਿੱਲ ਕਦੇ ਮਿਲਿਆ ਹੀ ਨਹੀਂ। ਇਸ ਤੋਂ ਇਲਾਵਾ ਵਿਭਾਗ ਨੇ ਪਿਛਲੇ ਦਿਨਾਂ ਦੌਰਾਨ ਖ਼ਪਤਕਾਰਾਂ ਦੇ ਖ਼ਾਤਾ ਨੰਬਰ ਵੀ ਬਦਲ ਦਿੱਤੇ ਹਨ। ਇਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕਸਟਮਰ ਕੇਅਰ ਰਾਹੀਂ ਜਾਣਕਾਰੀ ਜੁਟਾ ਕੇ ਉਨ੍ਹਾਂ ਨੂੰ ਬਿੱਲ ਭਰਨਾ ਪਿਆ ਪਰ ਬਿਨਾਂ ਗ਼ਲਤੀ ਉਨ੍ਹਾਂ ਕੋਲੋਂ ਲੇਟ ਫ਼ੀਸ ਵਸੂਲੀ ਗਈ। ਇਸੇ ਤਰ੍ਹਾਂ ਮਕਾਨ 20 ’ਚ ਰਹਿਣ ਵਾਲੇ ਰਾਜੂ ਧੀਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਦਸੰਬਰ ਤੇ ਜਨਵਰੀ ਦੋਹਾਂ ਮਹੀਨਿਆਂ ਦੇ ਬਿੱਲ ਨਹੀਂ ਮਿਲੇ ਅਤੇ ਹੁਣ ਉਹ ਜੁਰਮਾਨੇ ਨਾਲ ਬਿੱਲ ਭਰਨ ਲਈ ਮਜਬੂਰ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਖ਼ਪਤਕਾਰਾਂ ਨੂੰ ਬਿੱਲ ਨਹੀਂ ਮਿਲੇ, ਉਨ੍ਹਾਂ ਦੀ ਲੇਟ ਫ਼ੀਸ ਤੁਰੰਤ ਮੁਆਫ਼ ਕੀਤੀ ਜਾਵੇ ਤੇ ਭਵਿੱਖ ’ਚ ਬਿੱਲ ਵੰਡਣ ਦੀ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਇਆ ਜਾਵੇ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਮੀਟ ਦੀ ਵਿਕਰੀ ਬਾਰੇ ਹਾਈਕੋਰਟ ਦਾ ਅਹਿਮ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
ਖ਼ਪਤਕਾਰਾਂ ਦੀ ਲੇਟ ਫ਼ੀਸ ਕੀਤੀ ਜਾਵੇ ਮੁਆਫ਼ : ਝਾਅ
ਚੰਡੀਗੜ੍ਹ ਭਾਜਪਾ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਅਭੈ ਕੁਮਾਰ ਝਾਅ ਨੇ ਦੱਸਿਆ ਕਿ ਉਨ੍ਹਾਂ ਨੂੰ ਹੱਲੋਮਾਜਰਾ ਦੇ ਸਿਟਕੋ ਪੁਆਇੰਟ ਨੇੜੇ ਕੂੜੇ ’ਚ ਪਏ ਬਿੱਲ ਮਿਲੇ ਹਨ। ਇਲਾਕੇ ਦੇ ਲੋਕ ਪਿਛਲੇ ਮਹੀਨੇ ਤੋਂ ਬਿਲ ਨਾ ਮਿਲਣ ਸਬੰਧੀ ਸਮੱਸਿਆ ਨਾਲ ਜੂਝ ਰਹੇ ਹਨ। ਪੜ੍ਹੇ-ਲਿਖੇ ਲੋਕ ਤਾਂ ਇੱਧਰ-ਉੱਧਰ ਭੱਜ-ਨੱਠ ਕਰਕੇ ਜਾਂ ਹੈਲਪਲਾਈਨ ਰਾਹੀਂ ਬਿੱਲਾਂ ਦਾ ਪਤਾ ਲਗਾ ਕੇ ਭੁਗਤਾਨ ਕਰ ਰਹੇ ਹਨ ਪਰ ਜੋ ਲੋਕ ਪੜ੍ਹੇ-ਲਿਖੇ ਨਹੀਂ ਹਨ, ਉਨ੍ਹਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਵੱਲੋਂ ਹੱਲੋਮਾਜਰਾ ’ਚ ਲੋਕਾਂ ਦੀ ਦੇਰੀ ਨਾਲ ਬਿਲ ਭਰਨ ਵਾਲੇ ਖ਼ਪਤਕਾਰਾਂ ਦੀ ਲੇਟ ਫ਼ੀਸ ਮੁਆਫ਼ ਕੀਤੀ ਜਾਣੀ ਚਾਹੀਦੀ ਹੈ ਅਤੇ ਕੰਪਨੀ ਸਮੇਂ ਸਿਰ ਬਿੱਲ ਭੁਗਤਾਨ ਲਈ ਜ਼ਰੂਰੀ ਢੁੱਕਵੇਂ ਪ੍ਰਬੰਧ ਕਰੇ ਤਾਂ ਜੋ ਮੁੜ ਇਲਾਕਾ ਵਾਸੀਆਂ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਕੰਪਨੀ ਦੀ ਸਫ਼ਾਈ : ਐਪ ਰਾਹੀਂ ਬਿੱਲ ਦੀ ਸਪੁਰਦਗੀ ਦਾ ਲਿਆ ਜਾਵੇਗਾ ਸਬੂਤ
ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ. ਪੀ. ਡੀ. ਐੱਲ.) ਨੇ ਦਾਅਵਾ ਕੀਤਾ ਕਿ ਮਾਮਲਾ ਕਰੀਬ 2 ਮਹੀਨੇ ਪੁਰਾਣਾ ਹੈ। ਬੁਲਾਰੇ ਅਨੁਸਾਰ ਜਨਵਰੀ ’ਚ ਬਿੱਲ ਵੰਡਣ ਵਾਲੇ ਮੁਲਾਜ਼ਮ ਦੀ ਲਾਪਰਵਾਹੀ ਕਾਰਨ ਕਰੀਬ 100 ਬਿੱਲ ਇੱਧਰ-ਉੱਧਰ ਹੋ ਗਏ ਸਨ। ਵਿਭਾਗ ਵੱਲੋਂ ਨਵੀਂ ਐਪ ਪੇਸ਼ ਕੀਤੀ ਜਾ ਰਹੀ ਹੈ, ਜਿਸ ਰਾਹੀਂ ਬਿੱਲ ਦੀ ਸਪੁਰਦਗੀ ਦਾ ਡਿਜੀਟਲ ਸਬੂਤ ਲਿਆ ਜਾਵੇਗਾ। ਇਸ ਕਦਮ ਨਾਲ ਜਿੱਥੇ ਮੁਲਾਜ਼ਮਾਂ ਦੀ ਜਵਾਬਦੇਹੀ ਤੈਅ ਹੋਵੇਗੀ, ਉੱਥੇ ਹੀ ਖ਼ਪਤਕਾਰਾਂ ਨੂੰ ਸਮੇਂ ਸਿਰ ਬਿੱਲ ਮਿਲਣਾ ਵੀ ਯਕੀਨੀ ਬਣਾਇਆ ਜਾ ਸਕੇਗਾ। ਵਿਭਾਗ ਨੇ ਭਰੋਸਾ ਦਿਵਾਇਆ ਕਿ ਭਵਿੱਖ ’ਚ ਅਜਿਹੀ ਕਿਸੇ ਵੀ ਲਾਪਰਵਾਹੀ ਦੀ ਗੁੰਜਾਇਸ਼ ਨਹੀਂ ਛੱਡੀ ਜਾਵੇਗੀ ਅਤੇ ਗਾਹਕਾਂ ਦੀਆਂ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
