ਮਸ਼ਹੂਰ ਪੰਜਾਬੀ ਗਾਇਕ ਦੇ ਸਾਥੀ ਨੂੰ ਮਿਲੀ ਧਮਕੀ! ਫ਼ਿਰੌਤੀ ''ਚ 10 ਕਰੋੜ ਨਾ ਦਿੱਤੇ ਤਾਂ...
Thursday, Feb 26, 2026 - 10:41 AM (IST)
ਲੁਧਿਆਣਾ (ਰਾਜ): ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਤੇ ਐਕਟਰ ਪਰਮਿਸ਼ ਵਰਮਾ ਦੇ ਸਾਥੀ ਹਰਵਿੰਦਰ ਸਿੰਘ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਹੈਰੀ ਬਾਕਸਰ ਵੱਲੋਂ ਫ਼ਿਰੌਤੀ ਲਈ ਧਮਕੀ ਭਰਿਆ ਫ਼ੋਨ ਆਇਆ ਹੈ। ਉਸ ਕੋਲੋਂ 10 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ। ਫ਼ਿਰੌਤੀ ਨਾ ਦੇਣ 'ਤੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਸਿੱਧੀ ਧਮਕੀ ਵੀ ਦਿੱਤੀ ਹੈ। ਹਾਲਾਂਕਿ ਇਸ ਸਬੰਧੀ ਥਾਣਾ ਸਰਾਭਾ ਨਗਰ ਵਿਚ ਹਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ, ਪਰ ਫਜ਼ੀਹਤ ਤੋਂ ਬਚਣ ਲਈ ਪੁਲਸ ਨੇ ਐੱਫ. ਆਈ. ਆਰ. ਨੂੰ ਗੁਪਤ ਰੱਖਿਆ ਸੀ ਤੇ ਉਸ ਨੂੰ ਮੀਡੀਆ ਤੋਂ ਦੂਰ ਰੱਖਣ ਲਈ ਕ੍ਰਾਈਮ ਡਾਇਰੀ ਵਿਚ ਵੀ ਨਹੀਂ ਆਉਣ ਦਿੱਤਾ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਰਹਿਣ ਵਾਲਾ ਹਰਵਿੰਦਰ ਸਿੰਘ ਗਾਇਕ ਪਰਮਿਸ਼ ਵਰਮਾ ਦਾ ਸਾਥੀ ਹੈ। ਹਰਵਿੰਦਰ ਸਿੰਘ ਨੂੰ ਇਕ ਤੋਂ ਬਾਅਦ ਇਕ ਕਈ ਵਟਸਐਪ ਫ਼ੋਨ ਤੇ ਮੈਸੇਜ ਆਏ। ਫ਼ੋਨ ਕਰਨ ਵਾਲੇ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਗੈਂਗ ਨੇ ਹੈਰੀ ਬਾਕਸਰ ਦੇ ਤੌਰ 'ਤੇ ਦੱਸੀ, ਜਿਸ ਵਿਚ ਮੁਲਜ਼ਮ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣੀ ਸਲਾਮਤੀ ਚਾਹੀਦੀ ਹੈ ਤਾਂ 10 ਕਰੋੜ ਰੁਪਏ ਦੇਣੇ ਹੋਣਗੇ, ਨਹੀਂ ਤਾਂ ਗੋਲ਼ੀਆਂ ਉਨ੍ਹਾਂ ਦਾ ਪਿੱਛਾ ਨਹੀਂ ਛੱਡਣਗੀਆਂ।
ਮਾਮਲੇ ਦੀ ਗੰਭੀਰਤਾ ਤੇ ਹਾਈ-ਪ੍ਰੋਫ਼ਾਈਲ ਸ਼ਖ਼ਸੀਅਤ ਨਾਲ ਜੁੜੇ ਹੋਣ ਕਾਰਨ ਲੁਧਿਆਣਾ ਪੁਲਸ ਤੁਰੰਤ ਹਰਕਤ ਵਿਚ ਆਈ ਹੈ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਕੇਸ ਦਰਜ ਕਰ ਕੇ ਜਾਂਚ ਦਾ ਪਹੀਆ ਘੁੰਮਾ ਦਿੱਤਾ ਹੈ। ਹੁਣ ਪੁਲਸ ਇਨ੍ਹਾਂ ਇੰਟਰਨੈਸ਼ਨਲ ਕਾਲਸ ਨੂੰ ਟ੍ਰੇਸ ਕਰ ਰਹੀ ਹੈ ਤੇ ਸਾਈਬਰ ਐਕਸਪਰਟਸ ਦੀ ਮਦਦ ਲਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਰਮਿਸ਼ ਵਰਮਾ 'ਤੇ ਪਹਿਲਾਂ ਵੀ ਜਾਨਲੇਵਾ ਹਮਲਾ ਹੋ ਚੁੱਕਿਆ ਹੈ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹਿੰਦੀ ਹੈ। ਹੁਣ ਹੈਰੀ ਬਾਕਸਰ ਦੇ ਨਾਂ ਤੋਂ ਆਈ ਇਸ ਧਮਕੀ ਨੇ ਇਕ ਵਾਰ ਫ਼ਿਰ ਪੰਜਾਬ ਵਿਚ ਗੈਂਗਸਟਰਾਂ ਦੇ ਵੱਧਦੇ ਹੌਸਲਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਫ਼ੋਨ ਸੱਚੀ ਗੈੰਗ ਨਾਲ ਜੁੜੀ ਹੈ ਜਾਂ ਕਿਸੇ ਸ਼ਰਾਰਤੀ ਅਨਸਰ ਨੇ ਦਹਿਸ਼ਤ ਫ਼ੈਲਾਉਣ ਲਈ ਅਜਿਹਾ ਕੀਤਾ ਹੈ।
