ਅਵਾਰਾ ਕੁੱਤਿਆਂ ਦਾ ਕਹਿਰ! 3 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ, ਮੂੰਹ ਤੇ ਸਿਰ 'ਚ ਲੱਗੇ 35 ਟਾਂਕੇ
Monday, Feb 23, 2026 - 02:07 PM (IST)
ਲੁਧਿਆਣਾ (ਰਾਜ): ਜੁਗਿਆਣਾ ਇਲਾਕੇ ਵਿਚ ਅਵਾਰਾ ਕੁੱਤਿਆਂ ਦਾ ਕਹਿਰ ਇਸ ਕਦਰ ਵੱਧ ਗਿਆ ਹੈ ਕਿ ਹੁਣ ਮਾਸੂਮ ਬੱਚਿਆਂ ਦਾ ਘਰ ਦੀ ਦਹਿਲੀਜ਼ ਤੋਂ ਬਾਹਰ ਕਦਮ ਰੱਖਣਾ ਵੀ ਜਾਨਲੇਵਾ ਸਾਬਿਤ ਹੋ ਰਿਹਾ ਹੈ। ਐਤਵਾਰ ਨੂੰ ਇਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਗਲੀ ਵਿਚ ਖੇਡ ਰਹੀ ਮਹਿਜ਼ 3 ਸਾਲ ਦੀ ਮਾਸੂਮ ਬੱਚੀ ਚਾਂਦਨੀ 'ਤੇ ਇਕ ਖੂੰਖਾਰ ਕੁੱਤੇ ਨੇ ਜਾਨਲੇਵਾ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੀ ਦੇ ਸਿਰ ਅਤੇ ਚਿਹਰੇ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਨੋਚਿਆ ਕਿ ਮਾਸ ਦੇ ਲੋਥੜੇ ਵੱਖ ਹੋ ਗਏ। ਲਹੂ-ਲੁਹਾਨ ਹਾਲਤ ਵਿਚ ਬੱਚੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੂੰ ਕਰੀਬ 35 ਟਾਂਕੇ ਲਗਾਉਣੇ ਪਏ।
ਵਾਰਦਾਤ ਸਮੇਂ ਬੱਚੀ ਦੇ ਪਿਤਾ ਚੰਦਨ ਕੰਮ 'ਤੇ ਗਏ ਹੋਏ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਨੇ ਫ਼ੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੀੜਤ ਪਿਤਾ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਬੱਚੇ ਘਰ ਦੇ ਬਾਹਰ ਖੇਡ ਰਹੇ ਸਨ ਕਿ ਉਦੋਂ ਹੀ ਅਚਾਨਕ ਇਕ ਆਵਾਰਾ ਕੁੱਤੇ ਨੇ ਚਾਂਦਨੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਜ਼ਮੀਨ 'ਤੇ ਪਟਕ ਕੇ ਉਸ ਦੇ ਚਿਹਰੇ ਨੂੰ ਪਾੜਨਾ ਸ਼ੁਰੂ ਕਰ ਦਿੱਤਾ। ਬੱਚਿਆਂ ਦੀ ਚੀਖ਼-ਪੁਕਾਰ ਸੁਣ ਕੇ ਜਦੋਂ ਤੱਕ ਮੁਹੱਲੇ ਦੇ ਲੋਕ ਸੋਟੀਆਂ ਲੈ ਕੇ ਦੌੜੇ, ਉਦੋਂ ਤੱਕ ਮਾਸੂਮ ਚਾਂਦਨੀ ਲਹੂ-ਲੁਹਾਨ ਹੋ ਕੇ ਬੇਹੋਸ਼ ਹੋ ਚੁੱਕੀ ਸੀ। ਸਿਵਲ ਹਸਪਤਾਲ ਦੇ ਡਾਕਟਰਾਂ ਮੁਤਾਬਕ ਜ਼ਖ਼ਮ ਇੰਨੇ ਡੂੰਘੇ ਸਨ ਕਿ ਟਾਂਕੇ ਲਗਾਉਣਾ ਵੀ ਇਕ ਵੱਡੀ ਚੁਣੌਤੀ ਸੀ, ਪਰ ਬੱਚੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਦੀ ਸਰਜਰੀ ਕੀਤੀ ਗਈ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਗਲੀਆਂ ਹੁਣ ਸ਼ਮਸ਼ਾਨ ਵਰਗਾ ਅਹਿਸਾਸ ਕਰਾਉਣ ਲੱਗੀਆਂ ਹਨ ਅਤੇ ਜੇਕਰ ਸਮਾਂ ਰਹਿੰਦੇ ਇਨ੍ਹਾਂ ਆਦਮਖੋਰ ਕੁੱਤਿਆਂ 'ਤੇ ਨੱਥ ਨਹੀਂ ਪਾਈ ਗਈ, ਤਾਂ ਕੱਲ੍ਹ ਨੂੰ ਕੋਈ ਹੋਰ ਮਾਸੂਮ ਆਪਣੀ ਜਾਨ ਤੋਂ ਹੱਥ ਧੋ ਸਕਦਾ ਹੈ। ਫਿਲਹਾਲ ਮਾਸੂਮ ਚਾਂਦਨੀ ਹਸਪਤਾਲ ਦੇ ਬੈੱਡ 'ਤੇ ਮੌਤ ਨਾਲ ਜੰਗ ਲੜ ਰਹੀ ਹੈ ਅਤੇ ਪੂਰਾ ਇਲਾਕਾ ਸਹਿਮਿਆ ਹੋਇਆ ਹੈ।
