ਹਦਵਾਣਾ ਖਾਣ ਮਗਰੋਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ

04/27/2023 12:27:19 PM

ਜਲੰਧਰ (ਬਿਊਰੋ)– ਹਦਵਾਣਾ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ। ਗਰਮੀਆਂ ਲਈ ਇਹ ਹੋਰ ਵੀ ਫ਼ਾਇਦੇਮੰਦ ਹੈ ਪਰ ਕਈ ਵਾਰ ਕੁਝ ਗਲਤੀਆਂ ਕਾਰਨ ਅਸੀਂ ਹਦਵਾਣਾ ’ਤੇ ਖਰਚ ਕੀਤੇ ਗਏ ਸਾਰੇ ਪੈਸੇ ਨੂੰ ਬਰਬਾਦ ਕਰ ਸਕਦੇ ਹਾਂ। ਜੀ ਹਾਂ, ਅਸਲ ’ਚ ਇਸ ਦਾ ਕਾਰਨ ਇਕ ਗਲਤ ਭੋਜਨ ਮਿਸ਼ਰਨ ਹੈ। ਦਰਅਸਲ ਹਦਵਾਣਾ ਖਾਣ ਤੋਂ ਬਾਅਦ ਕੁਝ ਚੀਜ਼ਾਂ ਦਾ ਸੇਵਨ ਕਰਨਾ ਤੁਹਾਡੀ ਪਾਚਨ ਕਿਰਿਆ ਨੂੰ ਖ਼ਰਾਬ ਕਰ ਸਕਦਾ ਹੈ ਤੇ ਹਦਵਾਣਾ ਤੋਂ ਮਿਲਣ ਵਾਲੇ ਸਾਰੇ ਲਾਭਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਹਦਵਾਣਾ ਖਾਣ ਤੋਂ ਬਾਅਦ ਕੀ ਨਹੀਂ ਖਾਣਾ ਚਾਹੀਦਾ–

1. ਦੁੱਧ ਤੋਂ ਦੂਰ ਰਹੋ
ਹਦਵਾਣਾ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਕਰਨਾ ਸਿਹਤ ਦੇ ਲਿਹਾਜ਼ ਨਾਲ ਕਈ ਤਰ੍ਹਾਂ ਨਾਲ ਨੁਕਸਾਨਦੇਹ ਹੋ ਸਕਦਾ ਹੈ। ਅਸਲ ’ਚ ਹਦਵਾਣਾ ’ਚ ਵਿਟਾਮਿਨ ਸੀ ਹੁੰਦਾ ਹੈ ਤੇ ਜਦੋਂ ਤੁਸੀਂ ਇਸ ਤੋਂ ਬਾਅਦ ਦੁੱਧ ਦੇ ਉਤਪਾਦ ਖਾਂਦੇ ਹੋ ਤਾਂ ਉਹ ਇਕ-ਦੂਜੇ ਨਾਲ ਪ੍ਰਤੀਕਿਰਿਆ ਕਰਦੇ ਹਨ ਤੇ ਫੁੱਲਣ ਦਾ ਕਾਰਨ ਬਣਦੇ ਹਨ। ਇਸ ਤਰ੍ਹਾਂ ਇਹ ਪਾਚਨ ਕਿਰਿਆ ਨੂੰ ਵਿਗਾੜ ਕੇ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਬਦਹਜ਼ਮੀ ਦਾ ਕਾਰਨ ਬਣ ਸਕਦੇ ਹਨ।

2. ਪ੍ਰੋਟੀਨ ਵਾਲੇ ਭੋਜਨ ਤੋਂ ਦੂਰ ਰਹੋ
ਹਦਵਾਣਾ ਖਾਣ ਤੋਂ ਬਾਅਦ ਪ੍ਰੋਟੀਨ ਯੁਕਤ ਭੋਜਨ ਦਾ ਸੇਵਨ ਕਰਨਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਦਰਅਸਲ ਹਦਵਾਣਾ ’ਚ ਵਿਟਾਮਿਨ ਤੇ ਰਫੇਜ ਹੁੰਦਾ ਹੈ। ਸਟਾਰਚ ਦੀ ਵੀ ਕੁਝ ਮਾਤਰਾ ਹੁੰਦੀ ਹੈ। ਅਜਿਹੀ ਸਥਿਤੀ ’ਚ ਪ੍ਰੋਟੀਨ ਨਾਲ ਭਰਪੂਰ ਭੋਜਨ ਜਿਵੇਂ ਕਿ ਦਾਲਾਂ ਦਾ ਸੇਵਨ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਢਿੱਡ ਲਈ ਨੁਕਸਾਨਦੇਹ ਹੋ ਸਕਦਾ ਹੈ।

3. ਅੰਡੇ ਨਾ ਖਾਓ
ਹਦਵਾਣਾ ਖਾਣ ਤੋਂ ਬਾਅਦ ਅੰਡੇ ਖਾਣਾ ਢਿੱਡ ਦੀਆਂ ਕਈ ਸਮੱਸਿਆਵਾਂ ਨੂੰ ਸੱਦਾ ਦੇ ਸਕਦਾ ਹੈ। ਦਰਅਸਲ ਪ੍ਰੋਟੀਨ ਤੋਂ ਇਲਾਵਾ ਅੰਡੇ ’ਚ ਓਮੇਗਾ 3 ਵਰਗੇ ਫੈਟੀ ਐਸਿਡ ਹੁੰਦੇ ਹਨ ਤੇ ਹਦਵਾਣਾ ਇਕ ਪਾਣੀ ਨਾਲ ਭਰਪੂਰ ਫਲ ਹੈ। ਅਜਿਹੇ ’ਚ ਇਹ ਦੋਵੇਂ ਮਿਲ ਕੇ ਇਕ-ਦੂਜੇ ਨੂੰ ਪਚਣ ਤੋਂ ਰੋਕਦੇ ਹਨ ਤੇ ਫਿਰ ਢਿੱਡ ’ਚ ਬਲੋਟਿੰਗ ਤੇ ਕਬਜ਼ ਦਾ ਕਾਰਨ ਬਣ ਸਕਦੇ ਹਨ।

ਇਸ ਲਈ ਹਦਵਾਣਾ ਖਾਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰੋ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਹਦਵਾਣਾ ਖਾਓ ਤਾਂ ਲਗਭਗ 30 ਮਿੰਟ ਤਕ ਕੁਝ ਨਾ ਖਾਓ ਤੇ ਸਰੀਰ ਨੂੰ ਇਸ ਦੇ ਪੌਸ਼ਟਿਕ ਤੱਤ ਸੋਕਣ ਦਿਓ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News