ਹੋਲਾ-ਮਹੱਲਾ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਹਦਾਇਤਾਂ! ਸ਼ਰਧਾਲੂਆਂ ਲਈ ਹੋਣਗੇ ਇਹ ਖ਼ਾਸ ਪ੍ਰਬੰਧ
Saturday, Feb 14, 2026 - 03:35 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਦੇਸ਼ ਵਿਦੇਸ਼ ਤੋਂ ਹੋਲਾ-ਮਹੱਲਾ 2026 ਮਨਾਉਣ ਲਈ ਲੱਖਾਂ ਦੀ ਤਾਦਾਦ ਵਿਚ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਪੁਖ਼ਤਾ ਪ੍ਰਬੰਧ ਯਕੀਨੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਸੰਗਤਾਂ ਦੀ ਸਹੂਲਤ ਲਈ ਮੇਲਾ ਖੇਤਰ ਵਿਚ ਟੈਂਟ ਸਿਟੀ, ਟਰਾਲੀ ਸਿਟੀ, ਈ-ਰਿਕਸ਼ਾ ਵਿਵਸਥਿਤ ਢੰਗ ਨਾਲ ਮੁਹੱਈਆ ਕਰਵਾਏ ਜਾ ਰਹੇ ਹਨ। ਹੋਲਾ-ਮਹੱਲਾ ਨੂੰ ਲੈ ਕੇ ਬੀਤੇ ਦਿਨ ਸਮੂਹ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸਰਾਵਾਂ ਹੋਣ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਰਹਿਣ ਵਿਚ ਇਕ ਸਥਾਈ ਟੈਂਟ ਸਿਟੀ ਅਤੇ ਟਰਾਲੀ ਸਿਟੀ ਸਥਾਪਤ ਕੀਤੀ ਜਾ ਰਹੀ ਹੈ, ਜੋ ਆਪਣੇ ਆਪ ਵਿਚ ਵਿਲੱਖਣ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਅਹਿਮ! ਬਦਲੇਗਾ ਮੌਸਮ ਤੇ ਪਵੇਗਾ ਮੀਂਹ, ਵਿਭਾਗ ਵੱਲੋਂ 18 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ
ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਆਉਣ ਵਾਲੇ ਵਾਹਨਾਂ ਲਈ ਸੁਚੱਜੇ ਢੰਗ ਨਾਲ ਵੱਡੀਆ ਪਾਰਕਿੰਗਾਂ ਦਾ ਇੰਤਜਾਮ ਮੁਕੰਮਲ ਕੀਤਾ ਜਾਵੇ, ਜਿੱਥੇ ਸ਼ਰਧਾਲੂਆਂ ਦੀ ਸਹੂਲਤ ਲਈ ਹੈਲਪ ਡੈਸਕ ਅਤੇ ਹੋਰ ਸੂਚਨਾ ਮੁਹੱਈਆ ਕਰਵਾਉਣ ਦਾ ਪ੍ਰਬੰਧ ਯਕੀਨੀ ਕੀਤਾ ਜਾਵੇ ਅਤੇ ਪਾਰਕਿੰਗਾਂ ਵਿਚ ਈ ਰਿਕਸ਼ਾ, ਸ਼ਟਲ ਬੱਸ ਸਰਵਿਸ, ਪੀਣ ਵਾਲਾ ਪਾਣੀ, ਰੌਸ਼ਨੀ ਅਤੇ ਪਖਾਨੇ ਅਤੇ ਹੋਰ ਪ੍ਰਬੰਧ ਵੀ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਮੇਲਾ ਖੇਤਰ ਬਾਰੇ ਸਮੁੱਚੀ ਜਾਣਕਾਰੀ ਦੇਣ ਲਈ 20 ਐੱਲ. ਈ. ਡੀ. ਸਕਰੀਨ ਲਗਾਈਆਂ ਜਾਣਗੀਆਂ, ਜਿੱਥੇ ਪਬਲਿਕ ਐਡਰੈਸ ਸਿਸਟਮ ਵੀ ਸਥਾਪਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਚ ਸਾਫ਼-ਸਫ਼ਾਈ, ਪੀਣ ਵਾਲਾ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਸੁਚਾਰੂ ਆਵਾਜਾਈ, ਸੁਰੱਖਿਆਂ, ਸਿਹਤ ਸਹੂਲਤਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹੋਲਾ-ਮਹੱਲਾ ਮੌਕੇ ਸਮੁੱਚੇ ਮੇਲਾ ਖੇਤਰ ਨੂੰ 11 ਸੈਕਟਰਾਂ ਵਿਚ ਵੰਡਿਆ ਗਿਆ ਹੈ। ਸੰਗਤਾਂ ਦੀ ਸਹੂਲਤ ਲਈ ਦੋ ਥਾਵਾਂ ’ਤੇ ਟਰਾਲੀ ਸਿਟੀ ਬਣਾਈ ਜਾ ਰਹੀ ਹੈ, ਸਾਢੇ ਪੰਜ ਏਕੜ ਵਿਚ ਝਿੰਜੜੀ ਅਤੇ ਚਰਨ ਗੰਗਾ ਖੱਡ ਨੂੰ ਟਰਾਲੀ ਸਿਟੀ ਲਈ ਨਿਰਧਾਰਤ ਕੀਤਾ ਹੈ। 8 ਏਕੜ ਵਿਚ ਟੈਂਟ ਸਿਟੀ ਸ਼ਰਧਾਲੂਆਂ ਦੇ ਠਹਿਰਾਓ ਲਈ ਬਣਾਈ ਜਾ ਰਹੀ ਹੈ ਜੋ ਪੂਰਾ ਸਾਲ ਸਥਾਪਿਤ ਰਹੇਗੀ।
ਇਹ ਵੀ ਪੜ੍ਹੋ: ਜਲੰਧਰ: ਲੱਕੀ ਓਬਰਾਏ ਕਤਲ ਕਾਂਡ 'ਚ ਨਵਾਂ ਮੋੜ! ਇਕ ਹੋਰ ਨਾਂ ਆਇਆ ਸਾਹਮਣੇ, ਖੁੱਲ੍ਹੇ ਵੱਡੇ ਰਾਜ਼
ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂਆਂ ਲਈ 60 ਸ਼ਟਲ ਬੱਸ ਸਰਵਿਸ ਅਤੇ 100 ਈ ਰਿਕਸ਼ਾ ਦੀ ਮੁਫਤ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ। ਸਮੁੱਚੇ ਮੇਲਾ ਖੇਤਰ ਵਿਚ ਹਰ ਸੈਕਟਰ ਵਿਚ ਕਲੀਨਿਕ ਸਥਾਪਤ ਹੋਣਗੇ, ਜਿੱਥੇ ਡਾਕਟਰਾਂ ਦੀਆਂ ਟੀਮਾਂ ਸ਼ਰਧਾਲੂਆਂ ਨੂੰ ਮੁਫਤ ਸਿਹਤ ਸਹੂਲਤਾਂ ਦੇਣਗੀਆਂ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਮੌਕੇ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾ ਨਿਹੰਗ ਸਿੰਘ ਆਪਣੇ ਘੋੜਿਆਂ ਨਾਲ ਇਥੇ ਪੁੱਜਦੇ ਹਨ, ਜਿਨ੍ਹਾਂ ਦੇ ਘੋੜਿਆਂ ਲਈ ਵਿਸੇਸ਼ ਵੈਟਰਨਰੀ ਡਿਸਪੈਂਸਰੀਆਂ ਕਾਇਮ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਤਿਉਹਾਰ ਮੌਕੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ। ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਹਦੂਦ ਅੰਦਰ ਸ਼ਰਾਬ, ਮੀਟ ਅਤੇ ਕਿਸੇ ਵੀ ਕਿਸਮ ਦੇ ਤੰਬਾਕੂ ਵਾਲੀਆਂ ਵਸਤੂਆਂ ਦੇ ਵੇਚਣ ਅਤੇ ਵਰਤਣ ’ਤੇ ਪੂਰੀ ਪਾਬੰਦੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਧਾਰਮਿਕ ਸ਼ਖਸੀਅਤਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਸੰਗਤਾਂ ਨੂੰ ਅਪੀਲ ਕਰਨ ਕਿ ਉਹ ਇਸ ਤਿਉਹਾਰ ਮੌਕੇ ਮਰਿਆਦਾ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ:ਕੈਨੇਡਾ 'ਚ ਗੋਲ਼ੀਆਂ ਮਾਰ ਕਤਲ ਕੀਤੇ ਨੌਜਵਾਨ ਦੀ ਘਰ ਪੁੱਜੀ ਲਾਸ਼, ਪੁੱਤ ਦਾ ਮੂੰਹ ਵੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ
ਉਨ੍ਹਾਂ ਦੱਸਿਆ ਕਿ ਹੋਲਾ-ਮਹੱਲਾ ਦੌਰਾਨ ਵਿਰਾਸਤ ਏ ਖਾਲਸਾ ਵਿਚ ਕਰਾਫਟ ਮੇਲਾ ਲਗਾਇਆ ਜਾਵੇਗਾ ਜਿੱਥੇ ਪੰਜਾਬ ਦੇ ਹੁਨਰ ਨੂੰ ਦਰਸਾਇਆ ਜਾਵੇਗਾ ਅਤੇ ਚਰਨ ਗੰਗਾ ਸਟੇਡੀਅਮ ਵਿੱਚ ਵਿਰਾਸਤੀ ਖੇਡਾਂ ਕਰਵਾਇਆ ਜਾਣਗੀਆਂ ਜਿਸ ਵਿੱਚ ਪੰਜਾਬ ਦੇ ਵਿਰਸੇ ਦੀ ਝਲਕ ਨਜ਼ਰ ਆਵੇਗੀ। ਇਸ ਮੌਕੇ ਜ਼ਿਲਾ ਪੁਲਸ ਮੁਖੀ ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਵਿਕੇਸ਼ ਗੁਪਤਾ, ਐੱਸ.ਪੀ. ਅਰਵਿੰਦ ਮੀਨਾ, ਐੱਸ.ਡੀ.ਐੱਮ. ਸ੍ਰੀ ਅਨੰਦਪੁਰ ਸਾਹਿਬ ਕਮ ਮੇਲਾ ਅਫਸਰ ਜਸਪ੍ਰੀਤ ਸਿੰਘ, ਆਰ.ਟੀ.ਓ. ਅਰਸ਼ਦੀਪ ਸਿੰਘ, ਗੁਰਕਰਨ ਸਿੰਘ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ, ਐੱਸ.ਡੀ.ਐੱਮ. ਮੋਰਿੰਡਾ ਗੁਰਦੇਵ ਸਿੰਘ ਧੰਮ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਡੀ.ਐੱਸ.ਪੀ. ਜਸ਼ਨਦੀਪ ਸਿੰਘ ਮਾਨ, ਡੀ.ਐੱਸ.ਪੀ. ਕੁਲਭੂਸ਼ਣ, ਜ਼ਿਲਾ ਮਾਲ ਅਫਸਰ ਬਾਦਲਦੀਨ, ਸਿਵਲ ਸਰਜਨ ਡਾ. ਨਵਰੂਪ ਕੌਰ, ਐੱਸ.ਜੀ.ਪੀ.ਸੀ. ਤੋਂ ਸੂਚਨਾ ਅਫਸਰ ਹਰਪ੍ਰੀਤ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਐੱਸ.ਐੱਸ. ਭੁੱਲਰ, ਐੱਸ.ਐੱਚ.ਓ. ਦਾਨਿਸ਼ਵੀਰ ਸਿੰਘ, ਕਾਰਜ ਸਾਧਕ ਅਫਸਰ ਗੁਰਦੀਪ ਸਿੰਘ, ਜ਼ਿਲਾ ਫੂਡ ਸਪਲਾਈ ਅਫਸਰ ਡਾ.ਕਿੰਮੀ ਵਨੀਤ ਕੌਰ ਸੇਠੀ, ਜ਼ਿਲਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਵੱਖ-ਵੱਖ ਵਿਭਾਗਾਂ ਤੋਂ ਹੋਰ ਉੱਚ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: Punjab: ਵਿਆਹ ਵਾਲੇ ਘਰ 'ਚ ਪੈ ਗਏ ਵੈਣ! ਸ਼ਗਨ ਦੇ ਦਿਨ ਵਿਆਹ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
